
ਮਾਲ ਅਧਿਕਾਰੀਆਂ ਨੂੰ ਇੰਤਕਾਲਾਂ ਦੇ ਪੈਂਡਿੰਗ ਕੇਸਾਂ ਦਾ 31 ਮਈ ਤੱਕ ਨਿਬੇੜਾ ਕਰਨ ਦੇ ਹੁਕਮ
ਲਾਲ ਲਕੀਰ ਦੀ ਹੱਦਬੰਦੀ ਦਾ ਕੰਮ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦੇ ਵੀ ਹੁਕਮ ਚਾੜੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਮਾਲ ਅਧਿਕਾਰੀਆਂ ਨੂੰ ਲੰਬਿਤ ਪਏ ਇੰਤਕਾਲਾਂ ਦੇ ਸਾਰੇ ਮਾਮਲੇ 31 ਮਈ ਤੱਕ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਦੌਰਾਨ ਡੀਸੀ ਨੇ ਮਾਲ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਇੰਤਕਾਲਾਂ ਦਾ ਸਮੁੱਚਾ ਕੰਮ ਮੈਨੂਅਲ ਦੀ ਥਾਂ ਆਨਲਾਈਨ ਵਿਧੀ ਰਾਹੀਂ ਕਰਨ ’ਤੇ ਜ਼ੋਰ ਦਿੱਤਾ, ਤਾਂ ਜੋ ਲੋਕਾਂ ਨੂੰ ਆਪਣੇ ਇੰਤਕਾਲਾਂ ਦੇ ਦਸਤਾਵੇਜ਼ ਸਮੇਂ ਸਿਰ ਪ੍ਰਾਪਤ ਹੋ ਸਕਣ। ਉਨ੍ਹਾਂ ਨੇ ਇਸ ਕੰਮ ਵਿੱਚ ਲਾਪਰਵਾਹੀ ਅਤੇ ਲੇਟ-ਲਤੀਫ਼ੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਲ ਵਿਭਾਗ ਦੀ ਪੈਂਡਿੰਗ ਵਸੂਲੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ੍ਰੀਮਤੀ ਆਸ਼ਿਕਾ ਜੈਨ ਨੇ ਹਰ ਤਰ੍ਹਾਂ ਦੇ ਮਾਲੀਏ ਦੀ ਵਸੂਲੀ ਸਮੇਂ ਸਿਰ ਕਰਨਾ ਯਕੀਨੀ ਬਣਾਉਣ ਦੇ ਵੀ ਹੁਕਮ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਲਈ ਮਾਲੀਏ ਦੀ ਵਸੂਲੀ ਦਾ ਟੀਚਾ ਵੀ ਨਿਰਧਾਰਿਤ ਕੀਤਾ ਅਤੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ।
ਇੰਜ ਹੀ ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿੱਚ ਲਾਲ ਲਕੀਰ ਦੀ ਹੱਦਬੰਦੀ ਦਾ ਕੰਮ ਵੀ ਪਹਿਲ ਦੇ ਆਧਾਰ ’ਤੇ ਅਤੇ ਛੇਤੀ ਮੁਕੰਮਲ ਕਰਨ ਲਈ ਹੁਕਮ ਦਿੱਤੇ ਤਾਂ ਜੋ ਲੋਕਾਂ ਨੂੰ ਸਬੰਧਤ ਜ਼ਮੀਨ ਮਾਲਕੀ ਦੇ ਹੱਕ ਮਿਲ ਸਕਣ ਅਤੇ ਸਾਰੇ ਮਕਾਨਾਂ ਨੂੰ ਨੰਬਰ ਲੱਗ ਸਕੇ। ਡੀਸੀ ਨੇ ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚਾ ਪ੍ਰਾਜੈਕਟਾਂ ਅਤੇ ਸੜਕ ਸੁਰੱਖਿਆ ਕਾਰਜਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਜ਼ਮਾਂਬੰਧੀ, ਨਿਸ਼ਾਨਦੇਹੀਆਂ, ਤਕਸੀਮ, ਮਾਲ ਅਦਾਲਤਾਂ ਵਿੱਚ ਚਲਦੇ ਕੇਸਾਂ ਦਾ ਨਿਪਟਾਰਾ ਛੇਤੀ ਕਰਨ ਲਈ ਕਿਹਾ। ਸ੍ਰੀਮਤੀ ਆਸ਼ਿਕਾ ਜੈਨ ਨੇ ਮਾਲ ਵਿਭਾਗ ਦੇ ਲੰਬਿਤ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਨ੍ਹਾਂ ਬਕਾਇਆ ਕੇਸਾਂ ਦਾ ਨਿਬੇੜਾ ਨਿਰਧਾਰਿਤ ਸਮੇਂ ਵਿੱਚ ਕਰਨ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਆਪਣੇ ਕੰਮਾਂ ਸਬੰਧੀ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ ਅਤੇ ਸਾਰੇ ਕੰਮ ਮਿਥੇ ਸਮੇਂ ਵਿੱਚ ਹੋਣੇ ਚਾਹੀਦੇ ਹਨ।
ਮੁਹਾਲੀ ਜ਼ਿਲ੍ਹੇ ਵਿੱਚ ਸੜਕਾਂ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮੁਆਵਜ਼ੇ ਦੇ ਕੇਸਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਜਲਦੀ ਜਾਰੀ ਕਰਨ ਅਤੇ ਸਬੰਧਤ ਜ਼ਮੀਨ ਦਾ ਕਬਜ਼ਾ ਲੈਣ ਸਬੰਧੀ ਪ੍ਰਕਿਰਿਆ ਤੇਜ਼ ਕਰਨ ਦੀ ਹਦਾਇਤ ਕੀਤੀ। ਡੀਸੀ ਨੇ ਪਟਵਾਰੀਆਂ ਦੇ ਰਿਕਾਰਡ ਦੀ ਵੀ ਸਮੇਂ ਸਮੇਂ ’ਤੇ ਚੈਕਿੰਗ ਕਰਨ ਲਈ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ। ਉਨ੍ਹਾਂ ਵੱਧ ਤੋਂ ਵੱਧ ਆਨਲਾਈਨ ਸਹੂਲਤਾਂ ਪ੍ਰਾਪਤ ਕਰਾਉਣ ’ਤੇ ਜ਼ੋਰ ਦਿੱਤਾ ਤਾਂ ਜੋ ਆਮ ਲੋਕਾਂ ਦੇ ਕੰਮ ਛੇਤੀ ਅਤੇ ਆਸਾਨੀ ਨਾਲ ਹੋ ਸਕਣ ਅਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਵੀ ਨਾ ਹੋਵੇ।
ਇਸ ਮੌਕੇ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ ਨੇ ਵੱਖ-ਵੱਖ ਪ੍ਰਾਜੈਕਟਾਂ ਦੀ ਸਥਿਤੀ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਐਸਡੀਐਮ ਸਰਬਜੀਤ ਕੌਰ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਜ਼ਿਲ੍ਹਾ ਮਾਲ ਅਫ਼ਸਰ ਜਸਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।