ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਮੀਟਿੰਗ ਵਿੱਚ ਚੇਅਰਮੈਨ ਬਰਸਟ ਨੇ ਵੱਖ-ਵੱਖ ਵਿਕਾਸ ਕੰਮਾਂ ਬਾਰੇ ਲਏ ਅਹਿਮ ਫ਼ੈਸਲੇ

ਨਬਜ਼-ਏ-ਪੰਜਾਬ, ਮੁਹਾਲੀ, 11 ਜਨਵਰੀ:
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸੂਬੇ ਦੀਆਂ ਅਨਾਜ ਮੰਡੀਆਂ, ਫਲ ਤੇ ਸਬਜ਼ੀ ਮੰਡੀਆਂ ਦੇ ਵਿਕਾਸ ਕਾਰਜਾਂ, ਮਾਰਕੀਟ ਕਮੇਟੀਆਂ, ਮੰਡੀ ਬੋਰਡ ਦੀ ਆਮਦਨ ਵਧਾਉਣ, ਮੰਡੀਆਂ ਵਿੱਚ ਬੂਟੇ ਲਗਾਉਣ, ਕਿਸਾਨ ਭਵਨ ਚੰਡੀਗੜ੍ਹ, ਕਿਸਾਨ ਹਵੇਲੀ ਸ੍ਰੀ ਅਨੰਦਪੁਰ ਸਾਹਿਬ, ਗੈਸਟ ਹਾਊਸਾਂ ਦੇ ਕਾਰਜਾਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਰਾਮਵੀਰ ਸਕੱਤਰ ਮੰਡੀ ਬੋਰਡ, ਜਤਿੰਦਰ ਸਿੰਘ ਭੰਗੂ ਇੰਜੀਨੀਅਰ-ਇਨ-ਚੀਫ਼, ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਮਨਜੀਤ ਸਿੰਘ ਸੰਧੂ ਜੀਐਮ, ਸਵਰਨ ਸਿੰਘ ਡੀਜੀਐਮ, ਮਨਿੰਦਰਜੀਤ ਸਿੰਘ ਬੇਦੀ ਡੀਜੀਐਮ, ਸ੍ਰੀਮਤੀ ਭਜਨ ਕੌਰ ਡੀਜੀਐਮ ਸਮੇਤ ਸਮੂਹ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਇਸ ਦੌਰਾਨ ਸੂਬਿਆਂ ਦੀਆਂ ਮੰਡੀਆਂ ਸੰਬੰਧੀ ਵੱਖ-ਵੱਖ ਮੁੱਦਿਆਂ ਤੇ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਸੋਲਰ ਸਿਸਟਮ ਲਗਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ। ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਸਮੇਤ ਵੱਖ-ਵੱਖ ਥਾਵਾਂ ਤੇ ਲਗਪਗ ਇੱਕ ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਇਸ ਮੁਹਿੰਮ ਨੂੰ ਆਉਂਦੇ ਸੀਜ਼ਨਾਂ ਵਿੱਚ ਵੀ ਚਾਲੂ ਰੱਖਣ ਦਾ ਫ਼ੈਸਲਾ ਲਿਆ ਗਿਆ। ਮੰਡੀਆਂ ਵਿੱਚ ਕਵਰ ਸ਼ੈੱਡਾਂ ਨੂੰ ਆਫ਼ ਸੀਜ਼ਨ ਦੌਰਾਨ ਵਰਤਣ ਤੇ ਪੰਜਾਬ ਮੰਡੀ ਬੋਰਡ ਨੂੰ ਕਰੀਬ 37 ਲੱਖ 82 ਹਜਾਰ ਰੁਪਏ ਦੀ ਆਮਦਨ ਹੋਈ ਹੈ। ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ ਕਵਰ ਸ਼ੈੱਡਾਂ ਨੂੰ ਆਫ਼ ਸੀਜ਼ਨ ਦੌਰਾਨ ਸਮਾਜਿਕ ਪ੍ਰੋਗਰਾਮਾਂ ਲਈ ਵਰਤਣ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਮੰਡੀ ਬੋਰਡ ਦੇ ਇਸ ਉਪਰਾਲੇ ਦਾ ਲਾਭ ਮਿਲ ਸਕੇ।
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਕਿਸਾਨ ਭਵਨ ਚੰਡੀਗੜ੍ਹ ਅਤੇ ਕਿਸਾਨ ਹਵੇਲੀ ਸ੍ਰੀ ਅਨੰਦਪੁਰ ਸਾਹਿਬ ਦੀ ਤਰਜ਼ ਤੇ ਮੰਡੀ ਬੋਰਡ ਦੇ ਸੂਬੇ ਭਰ ਵਿੱਚ ਸਥਿਤ ਗੈਸਟ ਹਾਊਸਾਂ ਦੀ ਰੈਨੋਵੇਸ਼ਨ ਅਤੇ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਜਾਵੇਗੀ। ਪੰਜਾਬ ਭਰ ਦੀਆਂ ਮੰਡੀਆਂ ਵਿੱਚ 36 ਯੂਨੀਪੋਲ ਲਗਾਏ ਹਨ ਅਤੇ 12 ਹੋਰ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਚੇਅਰਮੈਨ ਵੱਲੋਂ ਇਨ੍ਹਾਂ ਯੂਨੀਪੋਲਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ।
ਬਰਸਟ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸੇ ਕਿਸਮ ਦੇ ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੂੰ ਫ਼ੀਲਡ ਵਿੱਚ ਇਸ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਪੰਜਾਬ ਦੀਆਂ ਮੰਡੀਆਂ ਵਿੱਚ ਪੈਟਰੋਲ ਪੰਪਾ ਦੀਆਂ ਸਾਈਟਾਂ ਨੂੰ ਲੀਜ਼ ਤੇ ਦੇਣ ਸਬੰਧੀ 30 ਜਨਵਰੀ ਤੱਕ ਈ-ਆਕਸ਼ਨ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਸਹੂਲਤ ਅਤੇ ਜਿਨਸ ਦੀ ਵਧਦੀ ਆਮਦ ਨੂੰ ਦੇਖਦੇ ਹੋਏ ਨਵੀਆਂ ਮੰਡੀਆਂ ਵਿਕਸਤ ਕਰਨ ਲਈ ਨਿੱਜੀ ਪੱਧਰ ਤੇ ਦਿਲਚਸਪੀ ਲੈਣ ਦੀ ਹਦਾਇਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਵੱਲੋਂ ਜਾਅਲੀ ਸਬ ਇੰਸਪੈਕਟਰ ਗ੍ਰਿਫ਼ਤਾਰ, ਤਿੰਨ ਦਿਨ ਦਾ ਪੁਲੀਸ ਰਿਮਾਂਡ

ਮੁਹਾਲੀ ਪੁਲੀਸ ਵੱਲੋਂ ਜਾਅਲੀ ਸਬ ਇੰਸਪੈਕਟਰ ਗ੍ਰਿਫ਼ਤਾਰ, ਤਿੰਨ ਦਿਨ ਦਾ ਪੁਲੀਸ ਰਿਮਾਂਡ ਨਬਜ਼-ਏ-ਪੰਜਾਬ, ਮੁਹਾਲ…