
ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਸਨੇਟਾ ਵਿੱਚ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ
ਫ਼ਸਲ ਦੀ ਖ਼ਰੀਦ, ਚੁਕਾਈ ਅਤੇ ਅਦਾਇਗੀ ਦੇ ਕੰਮ ਦਾ ਲਿਆ ਜਾਇਜ਼ਾ, ਜ਼ਿਮੀਂਦਾਰਾਂ ਨਾਲ ਕੀਤੀ ਗੱਲਬਾਤ
ਕੈਪਟਨ ਨੇ ਕਿਸਾਨੀ ਨੂੰ ਬਚਾਉਣ ਲਈ ਅਪਣੀ ਸਾਰੀ ਸਰਕਾਰ ਦਾਅ ’ਤੇ ਲਾਈ: ਚੇਅਰਮੈਨ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਝੋਨੇ ਦੀ ਖ਼ਰੀਦ, ਚੁਕਾਈ ਅਤੇ ਅਦਾਇਗੀ ਦਾ ਜਾਇਜ਼ਾ ਲੈਣ ਲਈ ਅੱਜ ਪਿੰਡ ਸਨੇਟਾ ਵਿਖੇ ਖ਼ਰੀਦ ਕੇਂਦਰ ਦਾ ਦੌਰਾ ਕੀਤਾ ਅਤੇ ਜ਼ਿਮੀਂਦਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੱਛਲੀ ਕਲਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਖਰੜ ਅਧੀਨ ਪੈਂਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ, ਚੁਕਾਈ ਤੇ ਰਕਮ ਦੀ ਅਦਾਇਗੀ ਦਾ ਕੰਮ ਬਹੁਤ ਹੀ ਸੁਚੱਜੇ ਅਤੇ ਬਿਹਤਰ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਵੇਚਣ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਕਿਸਾਨ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਪ੍ਰਬੰਧਾਂ ਤੋਂ ਅਤਿਅੰਤ ਖ਼ੁਸ਼ ਹਨ।
ਮੱਛਲੀ ਕਲਾਂ ਨੇ ਦਸਿਆ ਕਿ ਖਰੜ ਮਾਰਕੀਟ ਅਧੀਨ ਪੈਂਦੇ ਖ਼ਰੀਦ ਕੇਂਦਰਾਂ ਵਿਚ ਫ਼ਸਲ ਦੀ ਖ਼ਰੀਦ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਹੁਣ ਤਕ ਖਰੜ ਮੰਡੀ ਵਿਚ 136137 ਕੁਇੰਟਲ ਝੋਨੇ ਦੀ ਫ਼ਸਲ ਪੁੱਜੀ ਹੈ ਜਿਸ ਵਿਚੋਂ 109076 ਟਨ ਫ਼ਸਲ ਦੀ ਚੁਕਾਈ ਹੋ ਚੁੱਕੀ ਹੈ। ਇਸੇ ਤਰ੍ਹਾਂ ਸਨੇਟਾ ਖ਼ਰੀਦ ਕੇਂਦਰ ਵਿਚ 17542 ਕੁਇੰਟਲ ਆਮਦ ਅਤੇ 15112 ਕੁਇੰਟਲ ਚੁਕਾਈ, ਚੱਪੜਚਿੜੀ ਵਿਖੇ 2208 ਕੁਇੰਟਲ ਆਮਦ ਅਤੇ 15239 ਕੁਇੰਟਲ ਚੁਕਾਈ, ਖਰੜ ਰਾਇਸ ਮਿੱਲ ਵਿਚ 8563 ਕੁਇੰਟਲ ਆਮਦ ਅਤੇ 8563 ਚੁਕਾਈ, ਗਰਗ ਰਾਈਸ ਮਿੱਲ ਵਿਚ 8082 ਕੁਇੰਟਲ ਆਮਦ ਅਤੇ 8082 ਕੁਇੰਟਲ ਚੁਕਾਈ, ਦਾਊਂ ਮਾਜਰਾ ਖ਼ਰੀਦ ਕੇਂਦਰ ਵਿਚ 26725 ਕੁਇੰਟਲ ਟਨ ਆਮਦ ਅਤੇ 23000 ਕੁਇੰਟਲ ਚੁਕਾਈ, ਪੱਕੀ ਰੁੜ੍ਹਕੀ ਵਿਖੇ ਖ਼ਰੀਦ ਕੇਂਦਰ ਵਿਚ 20430 ਕੁਇੰਟਲ ਆਮਦ ਅਤੇ 14492 ਕੁਇੰਟਲ ਟਨ ਚੁਕਾਈ, ਭਾਗੋ ਮਾਜਰਾ ਖ਼ਰੀਦ ਕੇਂਦਰ ਵਿਚ 32109 ਕੁਇੰਟਲ ਟਨ ਆਮਦ
ਅਤੇ 25750 ਕੁਇੰਟਲ ਚੁਕਾਈ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦਾ ਇਕ-ਇਕ ਦਾਣਾ ਸਮੇਂ ਸਿਰ ਚੁੱਕਿਆ ਜਾ ਰਿਹਾ ਹੈ।
ਮੱਛਲੀ ਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਫ਼ਸਲ ਦੀ ਖ਼ਰੀਦ, ਚੁਕਾਈ ਅਤੇ ਅਦਾਇਗੀ ਪੱਖੋਂ ਕਦੇ ਵੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਸੁਚਾਰੂ ਪ੍ਰਬੰਧਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ‘ਕੋਰੋਨਾ ਵਾਇਰਸ‘ ਮਹਾਮਾਰੀ ਫੈਲਣ ਦੇ ਬਾਵਜੂਦ
ਪੰਜਾਬ ਸਰਕਾਰ ਨੇ ਬਹੁਤ ਹੀ ਸੁਚੱਜੇ, ਯੋਜਨਾਬੱਧ ਤੇ ਸਮਾਂਬੱਧ ਤਰੀਕੇ ਨਾਲ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਹਨ।
ਵਿਧਾਨ ਸਭਾ ਵਿੱਚ ਬੀਤੇ ਦਿਨੀਂ ਪਾਸ ਕੀਤੇ ਗਏ ਖੇਤੀ ਬਿੱਲਾਂ ਬਾਰੇ ਗੱਲ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਰਾਖੇ ਬਣਨ ਤੋਂ ਬਾਅਦ ਹੁਣ ਕਿਸਾਨ ਅਤੇ ਕਿਸਾਨੀ ਦੇ ਰਾਖੇ ਬਣ ਕੇ ਉਭਰੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸਾਨ ਹਿਤੈਸ਼ੀ ਸੋਚ ਅਤੇ ਨੀਤੀ ਸਦਕਾ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਇਤਿਹਾਸਕ ਤੇ ਬੇਮਿਸਾਲ ਖੇਤੀ ਬਿੱਲ ਪਾਸ ਕੀਤੇ ਹਨ ਜੋ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨ ਤੇ ਕਿਸਾਨੀ ਵਿਰੋਧੀ ਬਿੱਲਾਂ ਦਾ ਪੱਕਾ ਤੋੜ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿਚ ਖੜੇ ਹਨ ਅਤੇ ਹੁਣ ਵੀ ਸੂਬੇ ਦੀ ਕਿਸਾਨੀ ਨੂੰ ਬਚਾਉਣ ਲਈ ਇਤਿਹਾਸਕ ਬਿੱਲ ਪਾਸ ਕਰਦਿਆਂ ਉਨ੍ਹਾਂ ਆਪਣੀ ਕੁਰਸੀ ਅਤੇ ਸਮੁੱਚੀ ਸਰਕਾਰ ਵੀ ਦਾਅ ‘ਤੇ ਲਾ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਸਮੁੱਚਾ ਕਿਸਾਨ ਭਾਈਚਾਰਾ ਬੇਹੱਦ ਖ਼ੁਸ਼ ਹੈ।
ਇਸ ਮੌਕੇ ਬਲਾਕ ਕਾਂਗਰਸ ਦਿਹਾਤੀ ਮੋਹਾਲੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਚੌਧਰੀ ਹਰਨੇਕ ਸਿੰਘ ਨੇਕੀ ਸਨੇਟਾ, ਮਨਜੀਤ ਸਿੰਘ ਤੰਗੋਰੀ, ਵਾਇਸ ਚੇਅਰਮੈਨ ਬਲਾਕ ਸੰਮਤੀ ਖਰੜ, ਦਵਿੰਦਰ ਸਿੰਘ ਸਰਪੰਚ ਕੁਰੜਾ, ਹਰਿੰਦਰ ਸਿੰਘ ਜ਼ੋਨੀ ਸਰਪੰਚ ਗਡਾਣਾ, ਪੰਡਿਤ ਭੁਪਿੰਦਰ ਕੁਮਾਰ ਸਰਪੰਚ ਨਗਾਰੀਂ, ਮੰਡੀ ਸੁਪਰਵਾਈਜ਼ਰ ਹਰਪਾਲ ਸਿੰਘ, ਆਕਸ਼ਨ ਰੀਕਾਰਡਰ ਕੁਲਵਿੰਦਰ ਸਿੰਘ ਤੋਂ ਇਲਾਵਾ ਕਿਸਾਨ ਅਤੇ ਹੋਰ ਪਤਵੰਤੇ ਮੌਜੂਦ ਸਨ।