
ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-6 ਦਾ ਸੋਧਿਆ ਹੋਇਆ ਸੰਵਿਧਾਨ ਰਿਲੀਜ਼
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਇੱਥੋਂ ਦੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-6 ਦੇ ਪ੍ਰਧਾਨ ਬਲਦੇਵ ਸਿੰਘ ਸਿੱਧੂ ਵੱਲੋਂ ਸਮੇਂ ਦੀ ਮੰਗ ਅਤੇ ਬਦਲਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਪੁਰਾਣੇ ਸੰਵਿਧਾਨ ਵਿੱਚ ਕੁਝ ਤਰਮੀਮਾਂ ਅਤੇ ਸੋਧਾਂ ਕਰਕੇ ਰਿਲੀਜ਼ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਸਕੱਤਰ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਗੁਰੂਘਰ ਦੇ ਸੁਚੱਜੇ ਪ੍ਰਬੰਧ ਲਈ ਸੱਤ ਮੈਂਬਰੀ ਪ੍ਰਬੰਧਕ ਕਮੇਟੀ ਦੋ ਸਾਲ ਬਾਅਦ ਮੈਂਬਰਾਂ ’ਚੋਂ ਚੋਣ ਰਾਹੀਂ ਬਣਾਈ ਜਾਵੇਗੀ। ਜਿਸ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਸਕੱਤਰ, ਖਜ਼ਾਨਚੀ, ਮੀਤ ਖਜ਼ਾਨਚੀ ਅਤੇ ਸਟੋਰ ਕੀਪਰ ਸ਼ਾਮਲ ਹੋਣਗੇ।
ਸ੍ਰੀ ਸੰਧੂ ਨੇ ਦੱਸਿਆ ਕਿ ਇਸ ਪ੍ਰਬੰਧਕ ਕਮੇਟੀ ਦੇ ਮੈਂਬਰ ਲਗਾਤਾਰ ਦੋ ਪੜਾਵਾਂ ਤੋਂ ਵੱਧ ਆਪਣੇ ਅਹੁਦੇ ’ਤੇ ਰਹਿਣ ਦੇ ਹੱਕਦਾਰ ਨਹੀਂ ਹੋਣਗੇ। ਪ੍ਰਬੰਧਕ ਕਮੇਟੀ ਦੇ 7 ਮੈਂਬਰਾਂ ਤੋਂ ਇਲਾਵਾ 14 ਹੋਰ ਮੈਂਬਰਾਂ ਨੂੰ ਪ੍ਰਧਾਨ ਵੱਲੋਂ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਨਾਮਜ਼ਦ ਕੀਤਾ ਜਾਵੇਗਾ ਤਾਂ ਜੋ ਗੁਰਦੁਆਰਾ ਸਾਹਿਬ ਲਈ 21 ਮੈਂਬਰੀ ਕਾਰਜਕਾਰੀ ਕਮੇਟੀ ਬਣ ਸਕੇ। ਇਸ ਕਮੇਟੀ ਦੇ 14 ਮੈਂਬਰ ਅਤੇ ਪ੍ਰਬੰਧਕ ਕਮੇਟੀ ਦੇ 7 ਮੈਂਬਰਾਂ ਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਤੇ ਯੋਗ ਪ੍ਰਬੰਧ ਅਤੇ ਹੋਰ ਮਸਲਿਆਂ ਨੂੰ ਹੱਲ ਕਰਨ ਦੀ ਹੋਵੇਗੀ।
ਸੰਵਿਧਾਨ ਅਨੁਸਾਰ ਕਾਰਜਕਾਰੀ ਮੈਂਬਰ ਲਈ ਜਨਰਲ ਹਾਊਸ ਦਾ ਮੈਂਬਰ ਅਤੇ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੋਵੇਗਾ। ਪ੍ਰਧਾਨ ਬਲਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਧਰਮ ਦਾ ਮਾਰਗ ਦਰਸ਼ਨ ਕਰੇਗੀ।
ਇਸ ਮੌਕੇ ਸੁਲੱਖਣ ਸਿੰਘ ਲਾਲੀ, ਜਸਮੇਰ ਸਿੰਘ ਬਾਠ, ਪਰਮਜੀਤ ਸਿੰਘ, ਕੁਲਦੀਪ ਸਿੰਘ, ਸੁਖਬੀਰ ਸਿੰਘ, ਰਸ਼ਪਾਲ ਸਿੰਘ ਢਿੱਲੋਂ, ਜਸਵੀਰ ਸਿੰਘ ਮੱਲੀ, ਮਹਿੰਦਰ ਸਿੰਘ, ਪ੍ਰਦੂਮਨ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਕੋਹਲੀ, ਰਲਾ ਸਿੰਘ ਅਤੇ ਸਰਵਨ ਸਿੰਘ ਵੀ ਹਾਜ਼ਰ ਸਨ।