Nabaz-e-punjab.com

ਅਨਲਾਕ-4 ਸਬੰਧੀ ਸੋਧੇ ਹੋਏ ਦਿਸ਼ਾ-ਨਿਰਦੇਸ਼ 30 ਸਤੰਬਰ ਤੱਕ ਲਾਗੂ ਰਹਿਣਗੇ: ਡੀਸੀ

ਸ਼ਹਿਰੀ ਖੇਤਰਾਂ ਵਿੱਚ ਲਗਾਈਆਂ ਕੁਝ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਪੰਜਾਬ ਸਰਕਾਰ ਵੱਲੋਂ ਅੱਜ ਤੋਂ 30 ਸਤੰਬਰ ਤੱਕ ਅਨਲਾਕ-4 ਨੂੰ ਲਾਗੂ ਕਰਨ ਲਈ ਸੋਧੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਲਗਾਈਆਂ ਕੁਝ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਾਬੰਦੀਆਂ ਵਿੱਚ ਦਿੱਤੀ ਢਿੱਲ ਤਹਿਤ ਹੁਣ ਸਨਿੱਚਰਵਾਰ ਨੂੰ ਕਰਫਿਊ ਨਹੀਂ ਲਗਾਇਆ ਜਾਵੇਗਾ ਹਾਲਾਂਕਿ ਮੁਹਾਲੀ ਜ਼ਿਲ੍ਹੇ ਦੇ ਸਾਰੇ ਮਿਉਂਸਪਲ ਕਸਬਿਆਂ ਵਿੱਚ ਐਤਵਾਰ ਨੂੰ ਪੂਰੇ ਦਿਨ ਕਰਫਿਊ ਜਾਰੀ ਰਹੇਗਾ।
ਰਾਤ ਨੂੰ ਕਰਫਿਊ ਲਗਾਉਣ ਬਾਰੇ ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਸਾਰੇ ਦਿਨ ਨਗਰ ਨਿਗਮ ਅਤੇ ਬਾਕੀ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਅੰਦਰ ਸਾਰੇ ਗੈਰ-ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੇ ਆਉਣ-ਜਾਣ ’ਤੇ ਰਾਤ ਸਾਢੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਹਾਲਾਂਕਿ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ, ਅੰਤਰਰਾਜੀ ਅਤੇ ਪੰਜਾਬ ਵਿੱਚ ਵਿਅਕਤੀਆਂ ਦੇ ਆਉਣ-ਜਾਣ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਬਾਅਦ ਮਾਲ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੇ ਸਥਾਨਾਂ ’ਤੇ ਜਾਣ ਦੀ ਆਗਿਆ ਹੋਵੇਗੀ।
ਡੀਸੀ ਅਨੁਸਾਰ ਸਿਹਤ ਸੰਭਾਲ ਸੰਸਥਾਵਾਂ ਜਿਵੇਂ ਹਸਪਤਾਲਾਂ, ਲੈਬਾਂ, ਡਾਇਗਨੋਸਟਿਕ ਸੈਂਟਰਾਂ ਅਤੇ ਕੈਮਿਸਟ ਦੁਕਾਨਾਂ ਨੂੰ ਹਫ਼ਤੇ ਦੇ ਸਾਰੇ 7 ਦਿਨ 24 ਘੰਟੇ ਖੋਲ੍ਹਣ ਦੀ ਆਗਿਆ ਹੋਵੇਗੀ। ਸਾਰੀਆਂ ਕਿਸਮ ਦੀਆਂ ਪ੍ਰੀਖਿਆਵਾਂ, ਯੂਨੀਵਰਸਿਟੀਆਂ, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਅਤੇ ਹੋਰ ਅਦਾਰਿਆਂ ਦੁਆਰਾ ਕਰਵਾਏ ਗਏ ਦਾਖ਼ਲਾ/ਦਾਖ਼ਲਾ ਟੈੱਸਟਾਂ ਦੇ ਸੰਬੰਧ ਵਿਚ ਵਿਅਕਤੀਆਂ ਅਤੇ ਵਿਦਿਆਰਥੀਆਂ ਦੇ ਆਉਣ-ਜਾਣ ਦੀ ਆਗਿਆ ਹੋਵੇਗੀ। ਦੁਕਾਨਾਂ/ਮਾਲ (ਜ਼ਰੂਰੀ ਚੀਜ਼ਾਂ ਤੋਂ ਇਲਾਵਾ) ਸੋਮਵਾਰ ਤੋਂ ਸਨਿੱਚਰਵਾਰ ਰਾਤ 9 ਵਜੇ ਤੱਕ ਖੁੱਲ੍ਹ ਸਕਦੇ ਹਨ ਜਦੋਂਕਿ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ/ਮਾਲ ਐਤਵਾਰ ਨੂੰ ਵੀ ਇਸੇ ਸਮੇਂ ਲਈ ਖੋਲ੍ਹੇ ਜਾ ਸਕਣਗੇ। ਰੈਸਟੋਰੈਂਟ (ਸਮੇਤ ਮਾਲ ਅਤੇ ਹੋਟਲਾਂ ਵਾਲੇ), ਧਾਰਮਿਕ ਸਥਾਨ, ਖੇਡ ਕੰਪਲੈਕਸ, ਸਟੇਡੀਅਮ, ਜਨਤਕ ਪਾਰਕ ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ 9 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ।
4 ਪਹੀਆ ਵਾਹਨ ਵਿਚ ਡਰਾਈਵਰ ਸਮੇਤ ਸਿਰਫ਼ 3 ਵਿਅਕਤੀਆਂ ਨੂੰ ਹੀ ਬੈਠਣ ਦੀ ਆਗਿਆ ਹੋਵੇਗੀ। ਸਾਰੀਆਂ ਬੱਸਾਂ ਅਤੇ ਜਨਤਕ ਆਵਾਜਾਈ ਵਾਹਨਾਂ ਵਿੱਚ ਅੱਧੀ (50%) ਸਮਰੱਥਾ ਨਾਲ ਬੈਠਣ ਦੀ ਆਗਿਆ ਦੇਵੇਗਾ ਅਤੇ ਕੋਈ ਵੀ ਵਿਅਕਤੀ ਖੜ੍ਹਾ ਨਹੀਂ ਹੋਵੇਗਾ। ਅਨਲਾਕ-4 ਤਹਿਤ ਇਕੱਠ ਕਰਨ ‘ਤੇ ਅਜੇ ਪਾਬੰਦੀ ਹੈ ਜਿਸ ਤਹਿਤ ਸਾਰੇ ਜ਼ਿਲ੍ਹੇ ਵਿੱਚ ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਇਕੱਠਾਂ ਅਤੇ ਵਿਰੋਧ ਪ੍ਰਦਰਸ਼ਨਾਂ ’ਤੇ ਪਾਬੰਦੀ ਬਰਕਰਾਰ ਰਹੇਗੀ। ਹਾਲਾਂਕਿ, ਵਿਆਹ ਅਤੇ ਸੰਸਕਾਰ ਨਾਲ ਹੋਣ ਵਾਲੇ ਇਕੱਠਾਂ ਲਈ ਕ੍ਰਮਵਾਰ ਸਿਰਫ਼ 30 ਅਤੇ 20 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਆਗਿਆ ਹੋਵੇਗੀ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਮਹੀਨੇ ਦੇ ਅੰਤ ਤੱਕ 50 ਫ਼ੀਸਦੀ ਸਟਾਫ਼ ਨਾਲ ਕੰਮ ਕਰਨਗੇ ਭਾਵ ਕਿਸੇ ਖਾਸ ਦਿਨ ਦਫ਼ਤਰ ਵਿੱਚ 50 ਫ਼ੀਸਦੀ ਤੋਂ ਵੱਧ ਕਰਮਚਾਰੀਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡੀਸੀ ਨੇ ਦੁਹਰਾਇਆ ਕਿ ਇਹ ਪਾਬੰਦੀਆਂ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਹੀ ਲਾਗੂ ਹੋਣਗੀਆਂ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…