nabaz-e-punjab.com

ਅਧਿਆਪਕਾਂ ਦੀ ਬਦਲੀਆਂ ਵਿੱਚ ਰਿਸ਼ਵਤਖੋਰੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ: ਸੋਨੀ

ਸਿੱਖਿਆ ਵਿਭਾਗ ਦੇ ਕੰਮ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ, ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਤਾਬਾਂ ਵੰਡਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਚਲਦੀ ਰਿਸ਼ਵਤਖੋਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਰਿਸ਼ਵਤ ਲੈਣ ਜਾਂ ਦੇਣ ਬਾਰੇ ਪੱਕੇ ਸਬੂਤਾਂ ਸਹਿਤ ਜਾਣਕਾਰੀ ਦੇਵੇਗਾ, ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲੀਆਂ ਦਾ ਕੰਮ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ ਜਾਂ ਪੈਸੇ ਦਾ ਦਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।
ਅੱਜ ਇੱਥੇ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸੋਨੀ ਨੇ ਆਖਿਆ ਕਿ ਬੋਰਡ ਵਿੱਚ ਹਰ ਸਾਲ ਕਾਫ਼ੀ ਗਿਣਤੀ ਕਿਤਾਬਾਂ ਵੰਡਣ ਖੁਣੋਂ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਰੱਦੀ ਐਲਾਨਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਕਿਤਾਬਾਂ ਦੀ ਛਪਾਈ ਤੇ ਵੰਡ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਗਾਇਡਾਂ ਦੇ ਵਧਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਾਰੀਆਂ ਕਿਤਾਬਾਂ ਮਾਹਿਰਾਂ ਦੀ ਸਲਾਹ ਨਾਲ ਬੋਰਡ ਵੱਲੋਂ ਹੀ ਛਪਵਾਉਣ ਲਈ ਆਖਿਆ। ਉਨ੍ਹਾਂ ਨਾਲ ਹੀ ਕਿਹਾ ਕਿ ਕਿਤਾਬਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਇਸ ਲਈ ਕਾਗ਼ਜ਼ ਵੀ ਵਧੀਆ ਕੁਆਲਟੀ ਦਾ ਵਰਤਿਆ ਜਾਵੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਸਹੀ ਸਮੇਂ ਉਤੇ ਨਾ ਛਪਣ ਕਾਰਨ ਪ੍ਰਾਈਵੇਟ ਪਬਲਿਸ਼ਰ ਫਾਇਦਾ ਚੁੱਕ ਲੈਂਦੇ ਹਨ। ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਲੋੜ ਹੈ, ਜਿਸ ਨੂੰ ਕਿਤਾਬਾਂ ਦੀ ਸਹੀ ਸਮੇਂ ਉਤੇ ਵੰਡ ਤੇ ਛਪਾਈ ਨਾਲ ਹੀ ਰੋਕਿਆ ਜਾ ਸਕਦਾ ਹੈ। ਪੁਸਤਕਾਂ ਦੀ ਵੰਡ ਲਈ ਸਕੂਲ ਪ੍ਰਿੰਸੀਪਲਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਪੁਸਤਕਾਂ ਲਈ ਮਾਹਿਰਾਂ ਦੀ ਸਲਾਹ ਵੀ ਲਈ ਜਾਵੇ ਤਾਂ ਕਿ ਜਾਣਕਾਰੀ ਬਿਲਕੁਲ ਸਹੀ ਹੋਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਘਰਾਂ ਵਿੱਚ ਖੁੱਲ੍ਹੇ ਸਕੂਲਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਮਦਦ ਨਾਲ ਬੰਦ ਕਰਵਾਉਣ ਦੇ ਵੀ ਹੁਕਮ ਦਿੱਤੇ।
ਸ੍ਰੀ ਸੋਨੀ ਨੇ ਕਿਹਾ ਕਿ ਬੋਰਡ ਵਿੱਚ ਸਾਰੇ ਕੰਮਾਂ ਲਈ ਆਨਲਾਈਨ ਟੈਂਡਰਿੰਗ ਪ੍ਰੀਕਿਰਿਆ ਅਪਣਾਈ ਜਾਵੇ ਅਤੇ ਮਾਲੀਏ ਤੇ ਖ਼ਰਚ ਦਾ ਹਿਸਾਬ-ਕਿਤਾਬ ਰੱਖਿਆ ਜਾਵੇ ਤਾਂ ਜੋ ਬੋਰਡ ਦੀ ਆਮਦਨ ਵਧਾਉਣ ਤੇ ਖ਼ਰਚ ਘਟਾਉਣ ਲਈ ਵਿਉਂਤਬੰਦੀ ਕੀਤੀ ਜਾ ਸਕੇ। ਉਨ੍ਹਾਂ ਬੋਰਡ ਨੂੰ ਵਿੱਤੀ ਪੱਖੋਂ ਖ਼ੁਦ ਮੁਖਤਿਆਰ ਬਣਾਉਣ ਉਤੇ ਵੀ ਜ਼ੋਰ ਦਿੱਤਾ। ਮੀਟਿੰਗ ਦੌਰਾਨ ਸਿੱਖਿਆ ਬੋਰਡ ਦੀ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਦੇਸ਼ ਦੇ ਦੂਜੇ ਰਾਜਾਂ ਵਿੱਚ ਕੰਮ ਕਰ ਰਹੇ ਸਿੱਖਿਆ ਬੋਰਡਾਂ ਦੀ ਕਾਰਜਪ੍ਰਣਾਲੀ ਦਾ ਤੁਲਨਾਤਮਕ ਅਧਿਐਨ ਕਰਨ ਬਾਬਤ ਕਮੇਟੀ ਬਣਾਉਣ ਦਾ ਵੀ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਮੁਸ਼ਕਲ ਨਹੀਂ ਹੈ, ਬੱਸ ਇੱਛਾ ਸ਼ਕਤੀ ਦੀ ਲੋੜ ਹੈ।
ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਸ਼ਾਂਤ ਕੁਮਾਰ ਗੋਇਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਡੀ.ਪੀ.ਆਈ. (ਸੈਕੰਡਰੀ) ਪਰਮਜੀਤ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…