
ਮੁਹਾਲੀ ਦੀ ਰਿਧੀ ਦਾ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਸੀਬੀਐਸਈ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਮੁਹਾਲੀ ਦੀ ਵਸਨੀਕ ਰਿਧੀ ਨੇ 98.8 ਫੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਮੁਹਾਲੀ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੇ ਪਿਤਾ ਅਤੇ ਧੀਰਜ ਕੁਮਾਰ ਅਤੇ ਮਾਂ ਸ੍ਰੀਮਤੀ ਸਿੰਮੀ ਨੂੰ ਆਪਣੀ ਧਹੀ ’ਤੇ ਬਹੁਤ ਮਾਣ ਹੈ। ਰਿਧੀ ਸੇਂਟ ਐਨੇਜ਼ ਕਾਨਵੈਂਟ ਸਕੂਲ ਸੈਕਟਰ-32, ਚੰਡੀਗੜ੍ਹ ਵਿੱਚ ਪੜ੍ਹਦੀ ਹੈ। ਉਸ ਨੇ ਹਿਸਾਬ ਵਿਸ਼ੇ ਵਿੱਚ 100 ’ਚੋਂ 100, ਵਿਗਿਆਨ, ਅੰਗਰੇਜ਼ੀ ਤੇ ਪੰਜਾਬੀ ’ਚੋਂ 99, ਹਿੰਦੀ ਵਿੱਚ 97 ਅਤੇ ਸਮਾਜਿਕ ਵਿਗਿਆਨ ਵਿੱਚ 95 ਅੰਕ ਹਾਸਲ ਕੀਤੇ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਰਿਧੀ, ਉਸ ਦੇ ਮਾਪਿਆਂ ਤੇ ਉਸ ਦੇ ਅਧਿਆਪਕਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
ਇਸ ਮੌਕੇ ਰਿਧੀ ਨੇ ਕਿਹਾ ਕਿ ਉਸ ਨੇ ਦਿਨ ਰਾਤ ਇੱਕ ਕਰਕੇ ਸਖ਼ਤ ਮਿਹਨਤ ਕੀਤੀ। ਅਧਿਆਪਕਾਂ ਅਤੇ ਮਾਪਿਆਂ ਨੇ ਵੀ ਉਸ ਦੀ ਪੜ੍ਹਾਈ ਲਈ ਪੂਰਾ ਸਹਿਯੋਗ ਦਿੱਤਾ। ਜਿਸ ਸਦਕਾ ਉਹ ਚੰਗੇ ਅੰਕ ਹਾਸਲ ਕਰ ਸਕੀ ਹੈ। ਰਿਧੀ ਨੇ ਕਿਹਾ ਕਿ ਉਸ ਦਾ ਸੁਫ਼ਨਾ ਉੱਚ ਸਿੱਖਿਆ ਹਾਸਲ ਕਰਕੇ ਉੱਚੇ ਅਹੁਦੇ ’ਤੇ ਪੁੱਜ ਕੇ ਦੇਸ਼ ਅਤੇ ਆਪਣੇ ਸੂਬੇ ਦੀ ਦੀ ਸੇਵਾ ਕਰਨਾ ਹੈ। ਉਸ ਨੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਪੂਰਾ ਮਨ ਲਾ ਕੇ ਕਰਨ ਕਿਉਂਕਿ ਇਸ ਨਾਲ ਜਿੱਥੇ ਉਹ ਨਿੱਜੀ ਤੌਰ ਉਤੇ ਕਾਮਯਾਬ ਹੋਣਗੇ, ਉਥੇ ਸੂਬੇ ਤੇ ਦੇਸ਼ ਸਮੇਤ ਪੂਰੀ ਮਨੁੱਖਤਾ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਸਕਣਗੇ ਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇਗੀ।