ਹੁੱਲੜਬਾਜ਼ੀ: ਮੁਹਾਲੀ ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਪੁਲੀਸ ਰਿਮਾਂਡ ’ਤੇ ਭੇਜਿਆ

ਮਟੌਰ ਪੁਲੀਸ ਵੱਲੋਂ 3 ਨੌਜਵਾਨ ਗ੍ਰਿਫ਼ਤਾਰ, ਠੇਕੇ ਬਾਹਰ ਪੁਲੀਸ ਨਾਲ ਉਲਝੇ, ਗੰਨਮੈਨ ਦੀ ਵਰਦੀ ਫਾੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਮੁਹਾਲੀ ਵਿੱਚ ਸ਼ਰ੍ਹੇਆਮ ਹੁੱਲੜਬਾਜ਼ੀ ਅਤੇ ਪੁਲੀਸ ਨਾਲ ਉਲਝਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਸ਼ਹਿਰ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੋਂ ਦੇ ਸੈਕਟਰ-70 ਦੀ ਮਾਰਕੀਟ ਵਿੱਚ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿੱਚ ਮਟੌਰ ਪੁਲੀਸ ਨੇ ਤਿੰਨ ਵਿਅਕਤੀਆਂ ਸਤਿੰਦਰਪਾਲ ਸਿੰਘ ਅਤੇ ਅਵਨੀਤ ਸਿੰਘ ਦੋਵੇਂ ਸੈਕਟਰ-70 ਅਤੇ ਜਸਮੀਤ ਸਿੰਘ ਵਾਸੀ ਸੰਨੀ ਐਨਕਲੇਵ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਦੀ ਧਾਰਾ 307, 186, 34, 353, 506 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ’ਤੇ ਥਾਣਾ ਮੁਖੀ ਦੇ ਗੰਨਮੈਨ ਦੀ ਵਰਦੀ ਪਾੜਨ ਦਾ ਵੀ ਦੋਸ਼ ਹੈ। ਘਟਨਾ ਲੰਘੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ।
ਪੁਲੀਸ ਦੀ ਜਾਣਕਾਰੀ ਬੀਤੀ ਦੇਰ ਰਾਤ ਸੈਕਟਰ-70 ਦੇ ਸ਼ਰਾਬ ਠੇਕੇ ਨੇੜੇ ਹੁੱਲੜਬਾਜ਼ੀ ਕਰਨ ਦੀ ਸੂਚਨਾ ਮਿਲੀ ਸੀ। ਜਦੋਂ ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਰਾਜੀਵ ਕੁਮਾਰ ਅਤੇ ਹੋਰ ਪੁਲੀਸ ਕਰਮਚਾਰੀਆਂ ਨੇ ਗਸ਼ਤ ਡਿਊਟੀ ਦੌਰਾਨ ਉਕਤ ਵਿਅਕਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲੀਸ ਦੀ ਗੱਡੀ ਨੂੰ ਟੱਕਰ ਮਾਰ ਕੇ ਆਪਣੀ ਗੱਡੀ ਵਿੱਚ ਭਜਾ ਗਈ। ਇਸ ਦੌਰਾਨ ਪੁਲੀਸ ਨੇ ਪਿੱਛਾ ਕਰ ਕੇ ਉਨ੍ਹਾਂ ਨੂੰ ਥੋੜੀ ਹੀ ਦੂਰੀ ’ਤੇ ਕਾਬੂ ਕਰ ਲਿਆ। ਪੁਲੀਸ ਹਿਰਾਸਤ ਵਿੱਚ ਲਏ ਇਨ੍ਹਾਂ ਵਿਅਕਤੀਆਂ ਨੇ ਪੁਲੀਸ ਮੁਲਾਜ਼ਮਾਂ ਨਾਲ ਕਥਿਤ ਦੁਰਵਿਵਹਾਰ ਕਰਦਿਆਂ ਐਸਐਚਓ ਦੇ ਗੰਨਮੈਨ ਦੀ ਵਰਦੀ ਫਾੜ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਸਤਿੰਦਰਪਾਲ ਸਿੰਘ, ਅਵਨੀਤ ਸਿੰਘ ਅਤੇ ਜਸਮੀਤ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਸਾਰਿਆਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।
ਇਸੇ ਦੌਰਾਨ ਮੁਹਾਲੀ ਦੇ ਡੀਐਸਪੀ (ਸ਼ਹਿਰੀ-1) ਗੁਰਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਸ਼ਹਿਰ ਵਿੱਚ ਹੁੱਲੜਬਾਜ਼ੀ ਅਤੇ ਡਿਊਟੀ ’ਤੇ ਤਾਇਨਾਤ ਪੁਲੀਸ ਜਵਾਨਾਂ ਨਾਲ ਹੱਥੋਪਾਈ ਦੀਆਂ ਘਟਨਾਵਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਮੀ ਤਿਉਹਾਰ ਸਿਰ ’ਤੇ ਹਨ ਅਤੇ ਬਾਜ਼ਾਰਾਂ ਵਿੱਚ ਖਰੀਦਦਾਰੀ ਲਈ ਅੌਰਤਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਅਤੇ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਪੁਲੀਸ ਗਸ਼ਤ ਤੇਜ਼ ਕੀਤੀ ਗਈ ਹੈ। ਉਨ੍ਹਾਂ ਸ਼ਹਿਰ ਵਿੱਚ ਚੰਗਾ ਮਾਹੌਲ ਸਿਰਜਣ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਆਮ ਲੋਕਾਂ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਰੈਜ਼ੀਡੈਂਟ ਸੁਸਾਇਟੀਆਂ ਦੇ ਨੁਮਾਇੰਦਿਆਂ ਤੋਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਬੱਚਿਆਂ ਦੀ ਜ਼ਿੰਦਗੀ ਦਾ ਸਵਾਲ: ਪ੍ਰਾਈਵੇਟ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ, ਜ਼ਰੂਰੀ ਹਦਾਇਤਾਂ ਜਾਰੀ

ਬੱਚਿਆਂ ਦੀ ਜ਼ਿੰਦਗੀ ਦਾ ਸਵਾਲ: ਪ੍ਰਾਈਵੇਟ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ, ਜ਼ਰੂਰੀ ਹਦਾਇਤਾਂ ਜਾਰੀ ਨਬਜ਼-ਏ-ਪ…