ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਕੈਲਗਰੀ, 24 ਅਕਤੂਬਰ:
ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਅਕਤੂਬਰ ਮਹੀਨੇ ਦੀ ਕੋਸੋ ਹਾਲ ਵਿੱਚ ਹੋਈ ਮੀਟਿੰਗ ਵਿੱਚ ਆਪਣੀ ਕੈਨੇਡਾ ਫੇਰੀ ਦੌਰਾਨ ਕੈਲਗਰੀ ਪਹੁੰਚੇ ਮੁਹਾਲੀ ਤੋਂ ਨਾਮਵਰ ਲੇਖਕ ਅਤੇ ਉੱਘੇ ਵਕੀਲ ਰਿਪੁਦਮਨ ਸਿੰਘ ਰੂਪ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਲਗਰੀ ਰਹਿੰਦੇ ਸ਼੍ਰੋਮਣੀ ਸਾਹਿਤਕਾਰ ਕੇਸਰ ਸਿੰਘ ਨੀਰ ਨੇ ਰਿਪੁਦਮਨ ਸਿੰਘ ਰੂਪ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪ ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਛੋਟੇ ਵੀਰ ਹਨ, ਇਹ ਕਿੱਤੇ ਤੋਂ ਭਾਵੇ ਹਾਈ ਕੋਰਟ ਦੇ ਵਕੀਲ ਹਨ ਪਰ ਨਾਲ ਦੀ ਨਾਲ ਸਹਿਤਕ ਜਗਤ ਵਿੱਚ ਵੀ ਆਪਣੀ ਪਛਾਣ ਸੱਤ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਦੇ ਕੇ ਬਰਾਬਰ ਬਣਾਈ ਹੈ। ਸ਼੍ਰੀ ਨੀਰ ਨੇ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਰੂਪ ਨੇ ਇੱਕ ਸਕੂਲ ਟੀਚਰ ਤੋਂ ਜੀਵਨ ਸ਼ੁਰੂ ਕਰਕੇ ਹਾਈਕੋਰਟ ਦੇ ਵਕੀਲ ਤਕ ਦਾ ਸਫ਼ਰ ਤਹਿ ਕੀਤਾ ਅਤੇ ਨਾਲ ਹੀ ਆਪਣੀ ਬੁਹ-ਵਿਧਾਵੀ ਸਾਹਿਤਕ ਯਾਤਰਾ ਜਾਰੀ ਰੱਖੀ। ਉਨ੍ਹਾਂ ਦੱਸਿਆ ਕਿ ਸ਼੍ਰੀ ਰੂਪ ਨੇ ਲੋਕ ਹੱਕਾਂ ਲਈ ਲੜਦਿਆਂ ਅਨੇਕਾਂ ਵਾਰ ਜੇਲ੍ਹਾਂ ਕੱਟੀਆਂ। ਉਹਨਾਂ ਦੱਸਿਆ ਕਿ ਇਨ੍ਹਾਂ ਦਾ ਵੱਡਾ ਲੜਕਾ ਸੰਜੀਵਨ ਸਿੰਘ ਨਾਮਵਰ ਨਾਟਕਕਾਰ ਹੈ ਅਤੇ ਨਾਲ ਆਇਆ ਛੋਟਾ ਲੜਕਾ ਰੰਜੀਵਨ ਸਿੰਘ ਵੀ ਵਕਾਲਤ ਦੇ ਨਾਲ ਨਾਲ ਸਾਹਿਤਕ ਮੱਸ ਹੀ ਨਹੀਂ ਰਖਦਾ ਸਗੋਂ ਰੰਗ-ਮੰਚ ਅਤੇ ਫਿਲਮਾਂ ਦਾ ਅਦਾਕਾਰ ਵੀ ਹੈ। ਸ਼੍ਰੀ ਰਿਪੁਦਮਨ ਸਿੰਘ ਰੂਪ ਵਲੋਂ ਇਸ ਮੌਕੇ ਸੁਣਾਈ ਆਪਣੀ ਚਰਚਿਤ ਕਵਿਤਾ ‘ਲਾਲ ਗੜ੍ਹ’ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਸਲਾਹਿਆ ਗਿਆ।
ਇਸ ਮੌਕੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਵਲੋਂ ਕਵੀਸ਼ਰੀ, ਮਨਮੋਹਨ ਸਿੰਘ ਬਾਠ ਵਲੋਂ ਹਿੰਦੀ ਗੀਤ, ਸ਼ਿਵ ਕੁਮਾਰ ਸ਼ਰਮਾ, ਜਸਵੰਤ ਗਿੱਲ, ਆਜਾਇਬ ਸਿੰਘ ਸੇਖੋਂ, ਜਸਵੀਰ ਸਹੋਤਾ, ਗੁਰਚਰਨ ਕੌਰ ਥਿੰਦ, ਕੁਲਦੀਪ ਕੌਰ ਘਟੌੜਾ, ਸਤਪਾਲ ਕੌਰ ਬੱਲ, ਸ਼੍ਰੀ ਰੂਪ ਦੇ ਬੇਟੇ ਰੰਜੀਵਨ ਸਿੰਘ, ਅਮਰੀਕ ਸਿੰਘ ਚੀਮਾ, ਸੁਰਜੀਤ ਸਿੰਘ ਹੇਅਰ, ਇਕਬਾਲ ਖਾਨ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਤਰਲੋਕ ਸਿੰਘ ਚੁੱਘ ਨੇ ਹਮੇਸ਼ਾ ਦੀ ਤਰ੍ਹਾਂ ਜਦੋਂ ਹਾਸਿਆਂ ਦੀ ਪਟਾਰੀ ਖੋਲ੍ਹੀ।
ਸ਼੍ਰੀ ਰੂਪ ਦੀ ਪਤਨੀ ਸਤਪਾਲ ਕੌਰ ਨੇ ਵੀ ਭਾਵਪੂਰਤ ਸ਼ਬਦਾਂ ਵਿੱਚ ਸੰਬੋਧਨ ਕਰਦਿਆਂ ਆਖਿਆ ਕਿ ਦੀਵਾਲੀ ਦੇ ਸ਼ੁਭ ਦਿਨ ਤੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਇਸ ਦਾ ਬਹੁਤ ਬਹੁਤ ਧੰਨਵਾਦ। ਪ੍ਰਮਿੰਦਰ ਗਰੇਵਾਲ ਨੇ ਸਿਹਤ ਸੰਬਧੀ, ਮਨਜੀਤ ਕੌਰ ਕੰਡਾ ਅਤੇ ਸਰਵਣ ਧਾਲੀਵਾਲ ਨੇ ਨਸ਼ਿਆਂ ਬਾਰੇ ਆਪਣੇ ਵਿਚਾਰ ਸਾਝੇ ਕੀਤੇ। ਸਭਾ ਦੇ ਕਾਰਜਕਾਰਨੀ ਦੇ ਮੈਂਬਰ ਜਰਨੈਲ ਸਿੰਘ ਤੱਗੜ ਦੇ ਰਿਸ਼ਤੇਦਾਰ ਸੰਤੋਖ ਸਿੰਘ ਰੰਧਾਵਾ ਦੀ ਮੌਤ ਸਬੰਧੀ ਸ਼ੋਕ ਮਤਾ ਰੱਖਿਆ। ਅਖ਼ੀਰ ਵਿੱਚ ਸਭਾ ਦੇ ਵਾਈਸ ਪ੍ਰਧਾਨ ਡਾ. ਮਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ, ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਮੀਡੀਆ ਤੋਂ ਖ਼ਾਸ ਕਰਕੇ ਰਨਮਜੀਤ ਸਿੱਧੂ ਦਾ ਧੰਨਵਾਦ ਕਰਦਿਆਂ ਆਖਿਆ ਕਿ ਦੀਵਾਲੀ ਦਾ ਤਿਉਹਾਰ ਹੁੰਦਿਆ ਹੋਇਆਂ ਵੀ ਅੱਜ ਦਾ ਇਕੱਠ ਦਰਸਾਉਂਦਾ ਹੈ ਕਿ ਤੁਹਾਡਾ ਸਾਹਿਤ ਪ੍ਰਤੀ ਮੋਹ ਤੁਹਡੇ ਰੁਝੇਵਿਆਂ ਨਾਲੋਂ ਵਧੇਰੇ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…