Nabaz-e-punjab.com

ਰਿਸ਼ੀਕੇਸ਼ ਹਾਦਸਾ: ਟੈਂਪੂ ਟਰੈਵਲ ਚਾਲਕ ਸਣੇ ਮੁਹਾਲੀ ਦੇ 6 ਵਿਅਕਤੀਆਂ ਦੀ ਦਰਦਨਾਕ ਮੌਤ

ਮੁਹਾਲੀ ਤੋਂ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸੀ ਸਾਰੇ ਯਾਤਰੀ, ਦੁਪਹਿਰ ਵੇਲੇ ਵਾਪਰਿਆ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਰਿਸ਼ੀਕੇਸ਼\ਮੁਹਾਲੀ, 28 ਸਤੰਬਰ:
ਮੁਹਾਲੀ ਤੋਂ ਸ੍ਰੀ ਹੇਮੁਕੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਦੇ ਵਾਹਨ ਉੱਤੇ ਤਿੰਨ ਧਾਰਾ ਪਹਾੜੀ ਇਲਾਕੇ ਵਿੱਚ ਅਚਾਨਕ ਵੱਡਾ ਪੱਥਰ ਡਿੱਗਣ ਕਾਰਨ ਟੈਂਪੂ ਚਾਲਕ ਸਮੇਤ ਮੁਹਾਲੀ ਦੇ ਵਸਨੀਕ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਹੀ ਮੁਹਾਲੀ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕਾਂ ਦੀ ਪਛਾਣ ਤੇਜਿੰਦਰ ਸਿੰਘ ਚੀਮਾ (43) ਵਾਸੀ ਮੁੰਡੀ ਕੰਪਲੈਕਸ ਸੈਕਟਰ-70, ਸੁਰਿੰਦਰ ਸਿੰਘ (35) ਵਾਸੀ ਦਸਮੇਸ਼ ਨਗਰ (ਨਵਾਂ ਗਰਾਓਂ), ਗੁਰਪ੍ਰੀਤ ਸਿੰਘ (33) ਵਾਸੀ ਪਿੰਡ ਸਰਸੀਣੀ (ਮੁਹਾਲੀ), ਗੁਰਦੀਪ ਸਿੰਘ (35) ਵਾਸੀ ਜੈਅੰਤੀ ਮਾਜਰੀ (ਮੁਹਾਲੀ), ਜਤਿੰਦਰਪਾਲ ਸਿੰਘ ਵਾਸੀ ਪੈਰਾਡਾਈਜ ਸੈਕਟਰ-49 ਅਤੇ ਟੈਂਪੂ ਚਾਲਕ ਲਵਲੀ ਸਿੰਘ (37) ਵਾਸੀ ਪਿੰਡ ਰਾਏਪੁਰ ਰਾਣੀ (ਪੰਚਕੂਲਾ) ਸ਼ਾਮਲ ਹਨ। ਮ੍ਰਿਤਕ ਤੇਜਿੰਦਰ ਸਿੰਘ ਮੁਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਭਾਈ ਹਰਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਇਸ ਸਮੇਂ ਆਪਣੇ ਵੱਡੇ ਬੇਟੇ ਕੋਲ ਕੈਨੇਡਾ ਵਿੱਚ ਰਹਿਣ ਗਏ ਹੋਏ ਹਨ।
ਉਧਰ, ਜ਼ਖ਼ਮੀਆਂ ਵਿੱਚ ਦਵਿੰਦਰ ਸਿੰਘ (32) ਵਾਸੀ ਖਰੜ, ਰਮੇਸ਼ ਕੁਮਾਰ (45) ਵਾਸੀ ਅਬਦਲਪੁਰ (ਪੰਚਕੂਲਾ), ਭੁਪਿੰਦਰ ਸਿੰਘ (38) ਵਾਸੀ ਭਾਗੋਮਾਜਰਾ (ਮੁਹਾਲੀ) ਅਤੇ ਅੰਮ੍ਰਿਤਪਾਲ ਸਿੰਘ (38) ਵਾਸੀ ਫੇਜ਼-11 ਨੂੰ ਏਮਜ਼ ਹਸਪਤਾਲ ਰਿਸ਼ੀਕੇਸ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਅੱਜ ਦੁਪਹਿਰ ਵੇਲੇ ਵਾਪਰਿਆ ਦੱਸਿਆ ਗਿਆ ਹੈ। ਜਦੋਂਕਿ ਇਹ ਹਾਦਸਾ ਵਾਪਰਿਆ ਉਦੋਂ ਉੱਥੋਂ ਲੰਘ ਰਿਹਾ ਛੋਟਾ ਹਾਥੀ ਵਿੱਚ ਲਪੇਟ ਵਿੱਚ ਆ ਗਿਆ। ਜਿਸ ਵਿੱਚ ਸਵਾਰ ਦੋ ਵਿਅਕਤੀ ਵਾਲ ਵਾਲ ਬਚ ਗਏ। ਉਂਜ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਮੁਹਾਲੀ ਤੋਂ ਇਕ ਟੈਂਪੂ ਟਰੈਵਲ ਕਿਰਾਏ ’ਤੇ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ ਸੀ ਜਦੋਂ ਉਹ ਤਿੰਨ ਧਾਰਾ ਪਹਾੜੀ ਇਲਾਕੇ ਨੇੜਿਓਂ ਲੰਘ ਰਹੇ ਸੀ ਤਾਂ ਅਚਾਨਕ ਇਕ ਵੱਡਾ ਪੱਥਰ ਟੁੱਟ ਕੇ ਉਨ੍ਹਾਂ ਦੇ ਵਾਹਨ ਉੱਤੇ ਡਿੱਗ ਪਿਆ ਅਤੇ ਟੈਂਪੂ ਚਕਨਾਚੂਰ ਹੋ ਗਿਆ ਅਤੇ ਮੌਕੇ ’ਤੇ ਹੀ 5 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਜ਼ਖ਼ਮੀ ਨੇ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਦੇਵ ਪ੍ਰਯਾਗ ਥਾਣੇ ਦੇ ਐਸਐਚਓ ਮਹੀਪਾਲ ਰਾਵਨ ਸਮੇਤ ਹੋਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਜੇਸੀਬੀ ਅਤੇ ਕਟਰ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਏਮਜ਼ ਹਸਪਤਾਲ ਰਿਸ਼ੀਕੇਸ਼ ਵਿੱਚ ਰੈਫਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮ੍ਰਿਤਕਾਂ ਦਾ ਭਲਕੇ ਐਤਵਾਰ ਨੂੰ ਸਵੇਰੇ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…