
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਗਰੀਬ ਤੇ ਕਿਸਾਨ ਮਾਰੂ ਫੈਸਲਾ: ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਨਿਰੰਤਰ ਹੋ ਰਹੇ ਵਾਧੇ ਨੂੰ ਕੇਂਦਰ ਸਰਕਾਰ ਦਾ ਗਰੀਬ ਤੇ ਕਿਸਾਨ ਮਾਰੂ ਫੈਸਲਾ ਦੱਸਿਆ ਹੈ। ਅੱਜ ਇੱਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਸ਼੍ਰੀ ਮੱਛਲੀ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਪਹਿਲੋਂ ਹੀ ਸਾਡੇ ਕਿਸਾਨ ਵੀਰ ਭੁਗਤ ਰਹੇ ਹਨ ਅਤੇ ਹੁਣ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦਾ ਅਸਰ ਸਮਾਜ ਦੇ ਹਰੇਕ ਵਰਗ ਉਤੇ ਪਵੇਗਾ। ਭਾਜਪਾ ਸਰਕਾਰ ਦੇ ਇਸ ਜਨ ਵਿਰੋਧੀ ਫੈਸਲੇ ਕਾਰਨ ਪੂਰੇ ਦੇਸ਼ ਅੰਦਰ ਮਹਿੰਗਾਈ ਵਧੇਗੀ, ਜਿਸ ਕਾਰਨ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਅੌਖਾ ਜਾਵੇਗਾ। ਉਨ੍ਹਾਂ ਦੇਸ ਦਾ ਅੰਨਦਾਤਾ ਅੱਜ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਭਾਜਪਾ ਦੇ ਲੋਕ ਮਾਰੂ ਫੈਸਲੇ ਨਿਰੰਤਰ ਜਾਰੀ ਹਨ।
ਸ੍ਰੀ ਸ਼ਰਮਾ ਨੇ ਦਿੱਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਉਪਰ ਦਰਜ ਹੋਏ ਮਾਮਲਿਆਂ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਦਿੱਲੀ ਲਾਲ ਕਿਲੇ ਉੱਤੇ ਹੋਇਆ ਹੰਗਾਮਾ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਹੀ ਹਿੱਸਾ ਹੈ ਅਤੇ ਹੁਣ ਸਰਕਾਰ ਬਜ਼ੁਰਗ ਕਿਸਾਨ ਆਗੂਆਂ ਉਤੇ ਪਰਚ ਦਰਜ ਕਰਕੇ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਤੁਰੰਤ ਵਾਪਸ ਲਵੇ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਉਤੇ ਕੀਤੇ ਪਰਚੇ ਵਾਪਸ ਲੈ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ।