nabaz-e-punjab.com

ਸੋਹਾਣਾ ਵਿੱਚ ਸੀਵਰੇਜ ਦਾ ਪਾਣੀ ਓਵਰਫਲੋ ਹੋਣ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ
ਪਿੰਡ ਸੋਹਾਣਾ ਵਿੱਚ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਘੁੰਮ ਰਿਹਾ ਹੈ। ਜਿਸ ਕਾਰਣ ਇੱਥੇ ਕਿਸੇ ਸਮੇੱ ਵੀ ਬਿਮਾਰੀ ਫੈਲਣ ਦਾ ਖਤਰਾ ਬਣ ਗਿਆ ਹੈ। ਪਿੰਡ ਦੇ ਵਸਨੀਕ ਸ੍ਰੀ ਸੁਨੀਲ ਵਰਮਾ ਨੇ ਦਸਿਆ ਕਿ ਸੋਹਾਣਾ ਵਿੱਚ ਪੁਰਾਣੇਪੁਲੀਸ ਸਟੇਸ਼ਨ ਦੇ ਪਿਛੇ ਪੈਂਦੀ ਗਲੀ ਵਿੱਚ 2 ਸਾਲ ਪਹਿਲਾਂ ਸੀਵਰੇਜ ਦੀ ਪਾਈਪ ਪਾਈ ਗਈ ਸੀ ਪ੍ਰੰਤੂ ਇਹ ਪਾਈਪ ਹਰ ਵੇਲੇ ਜਾਮ ਹੀ ਰਹਿੰਦੀ ਹੈ। ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇੱਥੇ ਥੋੜੇ ਦਿਨਾਂ ਬਾਅਦ ਹੀ ਸੀਵਰੇਜ ਦਾ ਗੰਦਾ ਅਤੇ ਬਦਬੂਦਾਰ ਪਾਣੀ ਮੇਨਹੋਲਾਂ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹਲ ਨਹੀਂ ਨਿਕਲ ਰਿਹਾ ਹੈ। ਗਲੀ ਵਿੱਚ ਹਰ ਵੇਲੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਇੱਥੋੱ ਦੇ ਕਈ ਵਸਨੀਕ ਬਿਮਾਰ ਵੀ ਪੈ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆਂ ਦੇ ਹਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ, ਨੰਬਰਦਾਰ ਹਰਸੰਗਤ ਸਿੰਘ ਅਤੇ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਸੋਹਾਣਾ ਨਗਰ ਨੂੰ ਮੁਹਾਲੀ ਨਿਗਮ ਵਿੱਚ ਸ਼ਾਮਲ ਕਰਨ ਤੋਂ ਬਾਅਦ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਮਿਲਣ ਦੀਆਂ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਸਨ ਲੇਕਿਨ ਨਗਰ ਨਿਗਮ ਅਧਿਕਾਰੀਆਂ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਪਿੰਡ ਨਿਗਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਤੱਦ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਵਿਭਾਗ ਲੋਕਾਂ ਦੀ ਮਾੜੀ ਮੋਟੀ ਗੱਲ ਵੀ ਸੁਣ ਲੈਂਦਾ ਸੀ ਪ੍ਰੰਤੂ ਹੁਣ ਨਿਗਮ ਅਧਿਕਾਰੀ ਨਗਰ ਦੇ ਵਿਕਾਸ ਲਈ ਸੁਹਿਰਦ ਨਹੀਂ ਹਨ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਨਗਰ ਨਿਗਮ ਨੇ ਜਲਦੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਹੀਂ ਕੀਤਾ ਅਤੇ ਵਿਕਾਸ ਕਾਰਜ ਨਹੀਂ ਕਰਵਾਏ ਤਾਂ ਆਉਣ ਵਾਲੇ ਦਿਨਾਂ ਵਿੱਚ ਸੋਹਾਣਾ ਤੋਂ ਨਗਰ ਨਿਗਮ ਦਫ਼ਤਰ ਤੱਕ ਰੋਸ ਮਾਰਚ ਕਰਕੇ ਨਿਗਮ ਭਵਨ ਦੇ ਬਾਹਰ ਧਰਨਾ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…