Nabaz-e-punjab.com

ਪਿੰਡ ਬਲੌਂਗੀ ਤੇ ਕਲੋਨੀਆਂ ਵਿੱਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ

ਬੀਡੀਪੀਓ ਨੇ ਪੰਚਾਇਤ ਸਕੱਤਰ ਤੇ ਸਰਪੰਚ ਨੂੰ ਸਫ਼ਾਈ ਕਰਵਾਉਣ ਲਈ ਆਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਜੂਹ ਵਿੱਚ ਵਸਦੇ ਕਸਬਾ-ਨੁਮਾ ਪਿੰਡ ਬਲੌਂਗੀ ਅਤੇ ਕਲੋਨੀਆਂ ਵਿੱਚ ਬੇਸੁਮਾਰ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਗੰਦੇ ਪਾਣੀ ਦੇ ਟੋਭੇ ਨੱਕੋ ਨੱਕ ਗੰਦੇ ਪਾਣੀ ਨਾਲ ਭਰੇ ਹੋਏ ਹਨ ਅਤੇ ਇਨ੍ਹਾਂ ਦੇ ਨੇੜੇ ਹੋਰ ਬਹੁਤ ਸਾਰੀਆਂ ਥਾਵਾਂ ’ਤੇ ਕਾਫੀ ਗੰਦਗੀ ਫੈਲੀ ਹੋਈ ਹੈ। ਜਿਸ ਕਾਰਨ ਬਲੌਂਗੀ ਪਿੰਡ ਤੇ ਕਲੋਨੀਆਂ ਵਿੱਚ ਰਹਿੰਦੇ ਲੋਕ ਨਰਕ ਭੋਗਣ ਲਈ ਮਜਬੂਰ ਹਨ।
ਨੰਬਰਦਾਰ ਤਰਲੋਚਨ ਸਿੰਘ ਮਾਨ, ਨੌਜਵਾਨ ਆਗੂ ਸਤਨਾਮ ਸਿੰਘ, ਕੁਲਵੰਤ ਕੌਰ, ਜਥੇਦਾਰ ਪੂਰਨ ਸਿੰਘ, ਪ੍ਰਿਤਪਾਲ ਸਿੰਘ, ਪ੍ਰੇਮ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਬਲੌਂਗੀ ਦੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਵੀ ਕਾਫੀ ਗੰਦਗੀ ਫੈਲੀ ਹੋਈ ਹੈ। ਪਿੰਡ ਦੀ ਫਿਰਨੀ ਅਤੇ ਗੁਰਦੁਆਰੇ ਨੇੜਿਓਂ ਲੰਘਦੇ ਗੰਦੇ ਪਾਣੀ ਦੀ ਸਫ਼ਾਈ ਨਾ ਹੋਣ ਕਾਰਨ ਸਮੁੱਚੇ ਪਿੰਡ ਅਤੇ ਕਲੋਨੀਆਂ ਵਿੱਚ ਬਦਬੂ ਫੈਲ ਗਈ ਹੈ ਅਤੇ ਲੋਕਾਂ ਦਾ ਘਰਾਂ ਵਿੱਚ ਰਹਿਣਾ ਦੁੱਭਰ ਹੋ ਗਿਆ ਹੈ। ਅਕਾਲੀ ਸਰਕਾਰ ਵੇਲੇ ਪਾਇਆ ਗਿਆ ਸੀਵੇਰਜ ਸਿਸਟਮ ਵੀ ਬੰਦ ਪਿਆ ਹੈ। ਜਿਸ ਕਾਰਨ ਬਲੌਂਗੀ ਵਿੱਚ ਭਿਆਨਕ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਬਲੌਂਗੀ ਦਾ ਸੀਵਰੇਜ ਗਮਾਡਾ ਦੀਆਂ ਕਲੋਨੀਆਂ ਦੇ ਮੇਲ ਸੀਵਰੇਜ ਨਾਲ ਜੋੜਨਾ ਸੀ ਪ੍ਰੰਤੂ ਇਹ ਪ੍ਰਾਜੈਕਟ ਨਹੀਂ ਚੜ੍ਹ ਸਕਿਆ। ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਪਟਿਆਲਾ ਕੀ ਰਾਓ ਵਿੱਚ ਵੀ ਚੰਡੀਗੜ੍ਹ ਸਮੇਤ ਬੜਮਾਜਰਾ, ਜੁਝਾਰ ਨਗਰ ਇਲਾਕੇ ਦਾ ਗੰਦਗੀ ਪਾਣੀ ਸੁੱਟਿਆਂ ਜਾ ਰਿਹਾ ਹੈ ਅਤੇ ਇਹ ਗੰਦਾ ਪਾਣੀ ਬਲੌਂਗੀ ਵਿੱਚ ਆ ਕੇ ਇਕੱਠਾ ਹੋ ਜਾਂਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਪਟਿਆਲਾ ਕੀ ਰਾਓ ਦੀ ਸਫ਼ਾਈ ਕਰਵਾਈ ਜਾਵੇ।
(ਬਾਕਸ ਆਈਟਮ)
ਉਧਰ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬੀਸੀ ਪ੍ਰੇਮੀ ਨੇ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਆਦਰਸ਼ ਨਗਰ ਬੀ ਬਲਾਕ ਦੇ ਰਿਹਾਇਸ਼ੀ ਖੇਤਰ ਵਿੱਚ ਗੰਦੇ ਪਾਣੀ ਦਾ ਟੋਭਾ ਓਵਰਫਲੋ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਟੋਲੇ ਦੇ ਆਲੇ ਦੁਆਲੇ ਵੀ ਕਾਫੀ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਣਗੇ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆ ਕੇ ਇਸ ਸਮੱਸਿਆ ਦਾ ਜਲਦੀ ਹੱਲ ਕੱਢਣ ਲਈ ਯੋਗ ਪੈਰਵੀ ਕੀਤੀ ਜਾਵੇਗੀ।
(ਬਾਕਸ ਆਈਟਮ)
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਹਿਤੇਨ ਕਪਲਾ ਨੇ ਦੱਸਿਆ ਕਿ ਉਨ੍ਹਾਂ ਬੀਤੇ ਕੱਲ੍ਹ ਹੀ ਅਹੁਦਾ ਸੰਭਾਲਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਲੇਕਿਨ ਹੁਣ ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਹ ਇਸ ਸਮੱਸਿਆ ਦੇ ਹੱਲ ਲਈ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ। ਉਨ੍ਹਾਂ ਦੱਸਿਆ ਕਿ ਅੱਜ ਹੀ ਸਬੰਧਤ ਪੰਚਾਇਤ ਸਕੱਤਰ ਅਤੇ ਪੰਚਾਇਤਾਂ ਨੂੰ ਹੁਕਮ ਜਾਰੀ ਕਰਕੇ ਗੰਦੇ ਪਾਣੀ ਟੋਭਿਆਂ ਅਤੇ ਹੋਰਨਾਂ ਪ੍ਰਮੁੱਖ ਥਾਵਾਂ ਦੀ ਸਫ਼ਾਈ ਅਤੇ ਵਿਕਾਸ ਵੱਲ ਧਿਆਨ ਦੇਣ ਲਈ ਕਹਿਣਗੇ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…