
ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਇੱਥੋਂ ਦੇ ਸੈਕਟਰ-67 ਅਤੇ ਸੈਕਟਰ-68 ਦੇ ਟਰੈਫ਼ਿਕ ਲਾਈਟ ਪੁਆਇੰਟ ਉੱਪਰ ਲਾਲ ਬੱਤੀ ਕਰਾਸ ਕਰਦੇ ਸਮੇਂ ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ ਵੱਲੋਂ ਟੱਕਰ ਮਾਰਨ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਕੰਵਲਜੀਤ ਸਿੰਘ (61) ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ 20 ਅਕਤੂਬਰ ਨੂੰ ਉਸ ਸਮੇਂ ਵਾਪਰਿਆ ਐਂਬੂਲੈਂਸ ਦੇ ਡਰਾਈਵਰ ਨੇ ਬੜੀ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਲਾਲ ਬੱਤੀ ਕਰਾਸ ਕਰਦੇ ਕੰਵਲਜੀਤ ਸਿੰਘ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ਜਦੋਂਕਿ ਉਸ ਵੇਲੇ ਐਂਬੂਲੈਂਸ ਵਿੱਚ ਕੋਈ ਮਰੀਜ਼ ਵੀ ਨਹੀਂ ਸੀ।
ਇਸ ਹਾਦਸੇ ਵਿੱਚ ਕੰਵਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਦੇ ਸਿਰ ਅਤੇ ਦਿਮਾਗ ਵਿੱਚ ਡੂੰਘੀ ਸੱਟ ਲੱਗੀ ਸੀ। ਇਸ ਸਬੰਧੀ ਸਥਾਨਕ ਫੇਜ਼-1 ਥਾਣਾ ਵਿੱਚ ਐਂਬੂਲੈਂਸ ਦੇ ਚਾਲਕ ਦੇ ਖ਼ਿਲਾਫ਼ ਗੈਰ ਜ਼ਿੰਮੇਵਾਰਨਾ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।