nabaz-e-punjab.com

ਸੜਕ ਹਾਦਸਾ: ਮੁਹਾਲੀ ਵਿੱਚ ਕਾਰ ਨੇ ਰਾਹਗੀਰਾਂ ਨੂੰ ਮਾਰੀ ਟੱਕਰ, ਭੈਣ ਭਰਾ ਦੀ ਮੌਤ

ਫੇਜ਼-10 ਤੇ ਫੇਜ਼-11 ਨੂੰ ਵੰਡਦੀ ਸੜਕ ’ਤੇ ਪੈਦਲ ਘਰ ਜਾ ਰਹੇ ਭੈਣ ਭਰਾ ਨੂੰ ਕਾਰ ਨੇ ਕੂਚਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਮੁਹਾਲੀ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਭੈਣ ਭਰਾ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਕੌਰ (40) ਅਤੇ ਉਸ ਦੇ ਭਰਾ ਅਮਨਦੀਪ ਸਿੰਘ (36) ਵਾਸੀ ਫੇਜ਼-11 ਵਜੋਂ ਹੋਈ ਹੈ। ਜਦੋਂਕਿ ਮ੍ਰਿਤਕ ਅਮਨਦੀਪ ਦੀ ਪਤਨੀ ਜਸਵਿੰਦਰ ਕੌਰ ਜ਼ਖ਼ਮੀ ਹੋ ਗਈ। ਕਾਰ ਚਾਲਕ ਰਣਜੀਤ ਸਿੰਘ ਵਾਸੀ ਸ੍ਰੀ ਮੁਕਤਸਰ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਹਾਦਸਾ ਇੱਥੋਂ ਫੇਜ਼-10 ਅਤੇ ਫੇਜ਼-11 ਨੂੰ ਵੰਡਦੀ ਸੜਕ ’ਤੇ ਵਾਪਰਿਆ ਦੱਸਿਆ ਗਿਆ ਹੈ। ਮ੍ਰਿਤਕ ਅਮਨਦੀਪ ਸਿੰਘ ਪੇਸੇ ਵਜੋਂ ਸਿਵਲ ਇੰਜਨੀਅਰ ਸੀ ਅਤੇ ਪ੍ਰਾਈਵੇਟ ਨੌਕਰੀ ਕਰਦਾ ਸੀ, ਇਸੇ ਤਰ੍ਹਾਂ ਇੰਦਰਜੀਤ ਕੌਰ ਪ੍ਰਾਈਵੇਟ ਅਧਿਆਪਿਕਾ ਸੀ।
ਜਾਣਕਾਰੀ ਅਨੁਸਾਰ ਇੰਦਰਜੀਤ ਕੌਰ ਆਪਣੇ ਭਰਾ ਅਮਨਦੀਪ ਅਤੇ ਭਰਜਾਈ ਜਸਵਿੰਦਰ ਕੌਰ ਨਾਲ ਸੜਕ ’ਤੇ ਪੈਦਲ ਹੀ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਗਿਆ ਹੈ ਕਿ ਅਮਨਦੀਪ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ ਅਤੇ ਭੈਣ ਇੰਦਰਜੀਤ ਕੌਰ ਨਾਲ ਸਵੇਰੇ ਆਪਣੇ ਘਰੋਂ ਸੈਰ ਕਰਨ ਲਈ ਨਿਕਲੇ ਸੀ। ਜਦੋਂ ਉਹ ਫੇਜ਼-10 ਨੇੜੇ ਪਹੁੰਚੇ ਅਤੇ ਸੜਕ ਪਾਰ ਕਰਨ ਲੱਗੇ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਇੱਕ ਹੌਂਡਾ ਸਿਟੀ ਕਾਰ ਨੇ ਅਮਨਦੀਪ ਸਿੰਘ ਅਤੇ ਇੰਦਰਜੀਤ ਕੌਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਦੌਰਾਨ ਜਸਵਿੰਦਰ ਕੌਰ ਨੇ ਪੁਲੀਸ ਦੀ ਮਦਦ ਨਾਲ ਆਪਣੇ ਜ਼ਖ਼ਮੀ ਪਤੀ ਅਮਨਦੀਪ ਸਿੰਘ ਅਤੇ ਨਣਦ ਇੰਦਰਜੀਤ ਕੌਰ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਦੋਵੇਂ ਭੈਣ ਭਰਾਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਧਰ, ਇਸ ਸਬੰਧੀ ਫੇਜ਼-11 ਥਾਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਹੀ ਹੌਂਡਾ ਸਿਟੀ ਕਾਰ ਚਾਲਕ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਕਾਰ ਚਾਲਕ ਖ਼ੁਦ ਨੂੰ ਪੰਜਾਬੀ ਗਾਇਕ ਦੱਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜ਼ਖ਼ਮੀ ਜਸਵਿੰਦਰ ਕੌਰ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਕਾਰ ਚਾਲਕ ਰਣਜੀਤ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 279, 427 ਅਤੇ 304ਏ ਦੇ ਤਹਿਤ ਕੇਸ ਦਰਜ ਕਰਕੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਭੈਣ ਤੇ ਭਰਾ ਦੀ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…