nabaz-e-punjab.com

ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਮਾਂ-ਬੇਟੀ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਇੱਥੋਂ ਦੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਚੌਕ ਨੇੜੇ ਤੇਜ਼ ਰਫ਼ਤਾਰ ਕਾਰ ਚਲਾਉਂਦੇ ਸਮੇਂ ਮੌਤ ਨੂੰ ਮਖ਼ੌਲ ਕਰ ਰਹੇ ਕੁਝ ਨੌਜਵਾਨਾਂ ਨੇ ਸੜਕ ’ਤੇ ਆਪਣੇ ਐਕਟਿਵਾ ’ਤੇ ਜਾ ਰਹੀਆਂ ਮਾਂ ਅਤੇ ਬੇਟੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਹਾਦਸਾ ਏਨਾ ਭਿਆਨਕ ਸੀ ਕਿ ਉਹ ਦੋਵੇਂ ਜਣੀਆਂ ਕਾਫੀ ਉੱਚੀ ਉੱਛਲ ਕੇ ਕਾਰ ਦੇ ਪਿਛਲੇ ਪਾਸੇ ਜਾ ਡਿੱਗੀਆਂ ਅਤੇ ਹਾਦਸਾ ਗ੍ਰਸਤ ਕਾਰ ਐਕਟਿਵਾ ਨੂੰ ਕਾਰ ਕਾਫੀ ਦੂਰ ਤੱਕ ਖਿੱਚਦੇ ਹੋਏ ਲੈ ਗਈ।
ਦਵਿੰਦਰ ਕੌਰ (53) ਅਤੇ ਉਨ੍ਹਾਂ ਦੀ ਬੇਟੀ ਕਰੀਤਿਕਾ (25) ਵਾਸੀ ਫੇਜ਼-9 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜ਼ਿਆਦਾ ਗੰਭੀਰ ਹੋਣ ਕਾਰਨ ਮਾਂ ਬੇਟੀ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ।
ਵਿੱਤ ਵਿਭਾਗ ਵਿੱਚ ਤਾਇਨਾਤ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦਵਿੰਦਰ ਕੌਰ ਚੰਡੀਗੜ੍ਹ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਦੀ ਹੈ ਜਦੋਂਕਿ ਬੇਟੀ ਆਈਲਟਸ ਕੋਚਿੰਗ ਸੈਂਟਰ ਦੀ ਅਧਿਆਪਕਾ ਹੈ। ਕਰੀਤਿਕਾ ਆਪਣੀ ਨਾਨੀ ਦੇ ਘਰ ਤੋਂ ਮਾਂ ਨੂੰ ਲੈ ਕੇ ਵਾਪਸ ਘਰ ਪਰਤ ਰਹੀ ਸੀ ਕਿ ਰਸਤੇ ਵਿੱਚ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਈਆਂ। ਜਿਵੇਂ ਹੀ ਉਹ ਫੇਜ਼-7 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਪੁੱਜੀਆਂ ਤਾਂ ਚੰਡੀਗੜ੍ਹ ਵਾਲੇ ਪਾਸਿਓਂ ਆਈ-20 ਕਾਰ ਤੇਜ਼ ਰਫ਼ਤਾਰ ਵਿੱਚ ਸਵਾਰ ਕੁਝ ਨੌਜਵਾਨ ਹੁੱਲੜਬਾਜ਼ੀ ਕਰਦੇ ਆ ਰਹੇ ਸੀ। ਉਨ੍ਹਾਂ ਨੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਦਵਿੰਦਰ ਕੌਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਜਦੋਂਕਿ ਉਸ ਦੀ ਬੇਟੀ ਨੂੰ ਵੀ ਕਾਫੀ ਚੋਟ ਆਈ ਹੈ। ਇਹ ਹਾਦਸਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਪੁਲੀਸ ਨੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਾਰ ਚਾਲਕ ਅਤੇ ਉਸ ਦੇ ਸਾਥੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…