ਸੜਕ ਹਾਦਸਾ: ਹਾਦਸੇ ਸਮੇਂ ਮਰਸੀਡੀਜ਼ ਕਾਰ ਦੇ ਚਾਲਕ ਤੇ ਦੋਸਤਾਂ ਨੇ ਸ਼ਰਾਬ ਪੀਤੀ ਹੋਈ ਸੀ: ਪੁਲੀਸ ਦਾ ਦਾਅਵਾ

ਸੜਕ ਹਾਦਸੇ ਸਬੰਧੀ ਅਗਲੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਪੂਰੀ ਕਰ ਲਈ ਜਾਵੇਗੀ ਜਾਂਚ ਪੜਤਾਲ

ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਮਿਸਾਲੀ ਸਜਾ ਦਿਵਾਉਣ ਲਈ ਅਦਾਲਤ ਨੂੰ ਗੁਹਾਰ ਲਗਾਈ ਜਾਵੇਗੀ: ਪੁਲੀਸ ਮੁਖੀ

ਪੁਲੀਸ ਨੇ ਮੁਲਜ਼ਮ ਨੌਜਵਾਨ ਦਾ ਸਰਕਾਰੀ ਹਸਪਤਾਲ ਵਿੱਚ ਕਰੋਨਾ ਟੈਸਟ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਇੱਥੋਂ ਦੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਆਪਣੀ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨਾਲ ਤਿੰਨ ਵਿਅਕਤੀਆਂ ਨੂੰ ਕੁਚਲਨ ਅਤੇ 3 ਹੋਰਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਮਟੌਰ ਪੁਲੀਸ ਨੇ ਮਰਸੀਡੀਜ਼ ਕਾਰ ਦੇ ਚਾਲਕ ਸਮਰਤਬੀਰ ਸਿੰਘ (18) ਵਾਸੀ ਸੈਕਟਰ-34ਡੀ, ਚੰਡੀਗੜ੍ਹ ਵਜੋਂ ਹੋਈ ਹੈ, ਜੋ ਵੈਲਡਨ ਆਪਟੀਕਲਜ਼ ਪਰਿਵਾਰ ਚੰਡੀਗੜ੍ਹ ਨਾਲ ਸਬੰਧਤ ਹੈ। ਮੁਲਜ਼ਮ ਨੌਜਵਾਨ ਕੋਲ ਕਾਰ ਚਲਾਉਣ ਸਬੰਧੀ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ ਅਤੇ ਸੜਕ ਹਾਦਸੇ ਦੇ ਸਮੇਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਪੁਲੀਸ ਨੇ ਹਾਦਸੇ ਸਮੇਂ ਮਰਸੀਡੀਜ਼ ਕਾਰ ਵਿੱਚ ਸਵਾਰ ਚਾਲਕ ਦੇ ਦੋ ਦੋਸਤਾਂ ਅਰਜੁਨ ਅਤੇ ਪ੍ਰਭਨੂਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਕਰੋਨਾ ਟੈਸਟ ਕਰਵਾਇਆ ਗਿਆ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਉਕਤ ਭਿਆਨਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਧਰਮਪ੍ਰੀਤ ਸਿੰਘ (22) ਵਾਸੀ ਘੋਲੂਮਾਜਰਾ (ਡੇਰਾਬੱਸੀ), ਅੰਕੁਸ਼ ਨਰੂਲਾ (29) ਵਾਸੀ ਜ਼ੀਰਕਪੁਰ ਅਤੇ ਸਾਈਕਲ ਸਵਾਰ ਰਾਮ ਪ੍ਰਸ਼ਾਦ (45) ਵਾਸੀ ਪਿੰਡ ਮਟੌਰ (ਮੁਹਾਲੀ) ਦੀ ਮੌਤ ਹੋ ਗਈ ਸੀ। ਜਦੋਂਕਿ ਪ੍ਰਦੀਪ ਕੁਮਾਰ ਵਾਸੀ ਪਿੰਡ ਘੋਲੂਮਾਜਰਾ, ਸਾਈਕਲ ਸਵਾਰ ਸ੍ਰੀਪਾਲ ਵਾਸੀ ਪਿੰਡ ਮਟੌਰ ਅਤੇ ਕੈਬ ਚਾਲਕ ਹਰੀਸ਼ ਕੁਮਾਰ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਧਰਮਪ੍ਰੀਤ ਸਿੰਘ ਅਤੇ ਅੰਕੁਸ਼ ਨਰੂਲਾ ਮੁਹਾਲੀ ਸਥਿਤ ਅਮਰੀਕਾ ਦੀ ਨਾਮੀ ਕੰਪਨੀ ਵਿੱਚ ਮੈਡੀਕਲ ਬਿੱਲਾਂ ਦਾ ਕੰਮ ਕਰਦੇ ਸੀ ਅਤੇ ਕੰਪਨੀ ਦੀ ਕੈਬ ਵਿੱਚ ਰੋਜ਼ਾਨਾ ਘਰ ਤੋਂ ਡਿਊਟੀ ’ਤੇ ਆਉਂਦੇ ਜਾਂਦੇ ਸੀ।
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਰਸੀਡੀਜ਼ ਕਾਰ ਦੇ ਚਾਲਕ ਸਮੇਤ ਉਸ ਦੇ ਦੋਵੇਂ ਦੋਸਤਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ ਤੇਜ਼ ਰਫ਼ਤਾਰ ਕਾਰ ’ਤੇ ਕਾਬੂ ਨਹੀਂ ਪਾ ਸਕਿਆ। ਉਹ ਪੀੜਤਾਂ ਦੀ ਗੰਭੀਰ ਸਥਿਤੀ ਨੂੰ ਜਾਣਦੇ ਹੋਏ ਵੀ ਹਾਦਸੇ ਵਾਲੀ ਥਾਂ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਨੇ ਪੁਲੀਸ ਜਾਂ ਐਂਬੂਲੈਂਸ ਨੂੰ ਵੀ ਸੂਚਿਤ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਰਸੀਡੀਜ ਕੋਲੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਜਦੋਂਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਸ਼ਰਾਬ ਦੀਆਂ ਖਾਲੀ ਬੋਤਲਾਂ ਮਰਸੀਡੀਜ਼ ਕਾਰ ਵਿੱਚ ਪਿਛਲੀ ਸੀਟਾਂ ਦੇ ਅੱਗੇ ਪੈਰ ਰੱਖਣ ਵਾਲੀ ਥਾਂ ’ਤੇ ਪਈਆਂ ਮਿਲੀਆਂ ਸਨ।
ਐਸਐਸਪੀ ਨੇ ਕਿਹਾ ਕਿ ਪੁਲੀਸ ਨੇ ਮਰਸੀਡੀਜ਼ ਕਾਰ ਨੂੰ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ। ਉਨ੍ਹਾਂ ਕਿਹਾ ਕਿ ਮਰਸੀਡੀਜ਼ ਵਿੱਚ ਸਵਾਰ ਬਾਕੀ ਦੋ ਫਰਾਰ ਨੌਜਵਾਨਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਮਟੌਰ ਵਿੱਚ ਧਾਰਾ 304 (ਕਲਪੇਬਲ ਹੋਮੀਸਾਈਡ ਨਾਟ ਅਮਾਊਂਟਿੰਗ ਟੂ ਮਰਡਰ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਸਬੰਧੀ ਮਾਮਲੇ ਦੀ ਅਗਲੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਜਾਂਚ ਪੜਤਾਲ ਪੂਰੀ ਕਰ ਲਈ ਜਾਵੇਗੀ ਅਤੇ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਮਿਸਾਲੀ ਸਜਾ ਦਿਵਾਉਣ ਲਈ ਅਦਾਲਤ ਨੂੰ ਗੁਹਾਰ ਲਗਾਈ ਜਾਵੇਗੀ। ਉਧਰ, ਅੱਜ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਅੰਕੁਸ਼ ਨਰੂਲਾ ਅਤੇ ਸਾਈਕਲ ਸਵਾਰ ਰਾਮ ਪ੍ਰਸ਼ਾਦ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …