Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਦੋ ਸੜਕ ਹਾਦਸਿਆਂ ਵਿੱਚ ਨੌਜਵਾਨ ਦੀ ਮੌਤ, ਭੂਆ ਦੀ ਲੜਕੀ ਸਮੇਤ ਦੋ ਗੰਭੀਰ ਜ਼ਖ਼ਮੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਬਹਾਦਰ (16) ਵਜੋਂ ਹੋਈ ਹੈ, ਜਦੋਂਕਿ ਉਸ ਦੀ ਭੂਆ ਦੀ ਲੜਕੀ ਊਸ਼ਾ ਰਾਣੀ ਗੰਭੀਰ ਰੂਪ ਵਿੱਚ ਜ਼ਖ਼ਮੀ ਦੱਸੀ ਗਈ ਹੈ। ਜਿਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਕਾਸ਼ ਬਹਾਦਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਸਨਅਤੀ ਏਰੀਆ ਫੇਜ਼-6 ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀ। ਪ੍ਰਕਾਸ਼ ਬਹਾਦਰ ਅੱਜ ਐਕਟਿਵਾ ’ਤੇ ਆਪਣੀ ਭੂਆ ਦੀ ਲੜਕੀ ਨਾਲ ਉਸ ਦੇ ਘਰ ਜਾਣ ਲਈ ਨਿਕਲਿਆ ਸੀ, ਐਕਟਿਵਾ ਨੂੰ ਊਸ਼ਾ ਰਾਣੀ ਚਲਾ ਰਹੀ ਸੀ। ਜਦੋਂ ਉਹ ਫੇਜ਼-5 ਤੋਂ ਫੇਜ਼-1 ਥਾਣੇ ਵਾਲੀ ਸੜਕ ’ਤੇ ਜਾ ਰਹੇ ਸੀ ਤਾਂ ਇਸ ਦੌਰਾਨ ਅਚਾਨਕ ਉਨ੍ਹਾਂ ਦੇ ਅੱਗੇ ਜਾ ਰਹੀ ਇੱਕ ਬਲੈਰੋ ਗੱਡੀ ਦੇ ਚਾਲਕ ਨੇ ਅਚਾਨਕ ਗੱਡੀ ਮੋੜ ਲਈ ਅਤੇ ਉਨ੍ਹਾਂ ਦੀ ਐਕਟਿਵਾ ਗੱਡੀ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਐਕਟਿਵਾ ਸਵਾਰ ਪ੍ਰਕਾਸ਼ ਬਹਾਦਰ ਅਤੇ ਦੋਵੇਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਪ੍ਰਕਾਸ਼ ਬਹਾਦਰ ਨੇ ਦਮ ਤੋੜ ਦਿੱਤਾ। ਜਦੋਂਕਿ ਉਸ ਦੀ ਭੂਆ ਦੀ ਲੜਕੀ ਜ਼ੇਰੇ ਇਲਾਜ ਹੈ। ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਬਲੈਰੋ ਗੱਡੀ ਦੇ ਚਾਲਕ ਜਸਪਾਲ ਸਿੰਘ ਵਾਸੀ ਖਰੜ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸਾ ਗ੍ਰਸਤ ਬਲੈਰੋ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਨੇਪਾਲ ਵਿੱਚ ਰਹਿੰਦਾ ਹੈ, ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਧਰ, ਸਨਅਤੀ ਏਰੀਆ ਫੇਜ਼-8 ਵਿੱਚ ਵਾਪਰੇ ਸੜਕ ਹਾਦਸੇ ਵਿੱਚ ਕਾਰ ਚਾਲਕ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਹਾਂਡਾ ਸਿਟੀ ਕਾਰ ਲੋਹੇ ਦੇ ਸਰਿਆ ਨਾਲ ਲੱਦੇ ਖੜੇ ਟਰੱਕ ਦੇ ਪਿੱਛੇ ਜਾ ਵੱਜੀ। ਹਾਲਾਂਕਿ ਇਸ ਹਾਦਸੇ ਵਿੱਚ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ ਹੈ ਪ੍ਰੰਤੂ ਕਾਰ ਚਾਲਕ ਭੁਪਿੰਦਰ ਸਿੰਘ ਵਾਸੀ ਚੰਡੀਗੜ੍ਹ ਵਾਲ ਵਾਲ ਬਚ ਗਿਆ। ਉਂਜ ਇਸ ਹਾਦਸੇ ਵਿੱਚ ਉਸ ਦੀ ਬਾਂਹ ਟੁੱਟ ਗਈ। ਜਿਸ ਨੂੰ ਤੁਰੰਤ ਪੁਲੀਸ ਨੇ ਰਾਹਗੀਰਾਂ ਦੀ ਮਦਦ ਨਾਲ ਕਾਰ ’ਚੋਂ ਬਾਹਰ ਕੱਢ ਕੇ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਸਨਅਤੀ ਏਰੀਆ ਫੇਜ਼-8 ਪੁਲੀਸ ਚੌਂਕੀ ਦੇ ਇੰਚਾਰਜ਼ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਚਾਲਕ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ’ਤੇ ਕਰ ਤੇ ਆਬਕਾਰੀ ਵਿਭਾਗ ਦਾ ਨਾਕਾ ਲੱਗਾ ਹੋਇਆ ਸੀ ਅਤੇ ਇਸ ਨਾਕੇ ਦੇ ਤਹਿਤ ਟਰੱਕ ਸੜਕ ਕਿਨਾਰੇ ਖੜਾ ਸੀ। ਇਸ ਦੌਰਾਨ ਇੱਕ ਹਾਂਡਾ ਸਿਟੀ ਕਾਰ ਟਰੱਕ ਦੇ ਪਿੱਛੇ ਜਾ ਵੱਜੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ