nabaz-e-punjab.com

ਫੇਜ਼-5 ਵਿੱਚ 40 ਸਾਲ ਪੁਰਾਣੀ ਸੀਵਰੇਜ ਲਾਈਨ ਧਸਣ ਕਾਰਨ ਸੜਕ ਟੁੱਟੀ, ਵੱਡਾ ਹਾਦਸਾ ਟਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਕਰੀਬ 40 ਸਾਲ ਪੁਰਾਣੀ ਸੀਵਰੇਜ ਲਾਈਨ ਕਾਰਨ ਫੇਜ਼-5 ਵਿੱਚ ਸੜਕ ਬਿਲਕੁਲ ਟੁੱਟ ਗਈ ਹੈ ਅਤੇ ਸੀਵਰੇਜ ਲਾਈਨ ਧਸਣ ਕਾਰਨ ਸੜਕ ਵਿੱਚ ਕਰੀਬ 20 ਫੁੱਟ ਚੌੜਾ ਅਤੇ 8 ਫੁੱਟ ਡੂੰਘਾ ਖੱਡਾ ਪੈ ਗਿਆ ਹੈ। ਸਥਾਨਕ ਏਰੀਆ ਦੇ ਕੌਂਸਲਰ ਤੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਪੁਰਾਣੀ ਤਕਨੀਕ ਇੱਟਾਂ ਨਾਲ ਇੱਟਾਂ ਜੋੜ ਕੇ (ਡਾਟ) ਨਾਲ ਸੀਵਰੇਜ ਪਾਇਆ ਗਿਆ ਸੀ। ਇਹ ਤਕਰੀਬਨ ਚਾਰ ਦਹਾਕੇ ਪੁਰਾਣੀ ਤਕਨੀਕ ਹੈ। ਜੋ ਕਿ ਹੁਣ ਥਾਂ ਥਾਂ ਤੋਂ ਪੰਚਰ ਹੋਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਸੌਣ ਮਹੀਨੇ ਦੀ ਹੋਈ ਪਹਿਲੀ ਬਾਰਸ਼ ਦੇ ਪਾਣੀ ਤੇਜ਼ ਵਹਾਅ ਆਉਣ ਕਾਰਨ ਫੇਜ਼-5 ਵਿੱਚ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਨੇੜੇ ਮੁੱਖ ਸੜਕ ਧਸ ਜਾਣ ਕਰਕੇ ਡੂੰਘਾ ਖੱਡਾ ਪੈ ਗਿਆ ਹੈ। ਜਿਸ ਕਾਰਨ ਇੱਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਸ੍ਰੀ ਸ਼ਰਮਾ ਦੀ ਸੂਚਨਾ ’ਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਮੌਕੇ ’ਤੇ ਭੇਜ ਕੇ ਖੱਡਾ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਇਸ ਏਰੀਆ ਵਿੱਚ ਸੜਕ ਧਸਣ ਕਾਰਨ ਲੋਕਾਂ ਦੇ ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਸੀ। ਇਸ ਤੋਂ ਇਲਾਵਾ ਏਅਰਪੋਰਟ ਸੜਕ ਵੀ ਥਾਂ ਥਾਂ ’ਤੇ ਧਸ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਧਸੀਆਂ ਸੜਕਾਂ ਦੀ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਨੂੰ ਆਧਾਰ ਬਣਾ ਕੇ ਸੜਕਾਂ ਦੇ ਨਿਰਮਾਣ ਵਿੱਚ ਵਰਤੇ ਗਏ ਮਟੀਰੀਅਲ ਦੀ ਜਾਂਚ ਲਈ ਕਈ ਥਾਵਾਂ ਤੋਂ ਸੈਂਪਲ ਲਏ ਸਨ ਲੇਕਿਨ ਹੁਣ ਤੱਕ ਵਿਜੀਲੈਂਸ ਦੀ ਜਾਂਚ ਕਿਸੇ ਕੰਢੇ ਨਹੀਂ ਲੱਗੀ ਹੈ। ਇਸੇ ਤਰ੍ਹਾਂ ਭਾਜਪਾ ਦੇ ਕੌਂਸਲਰ ਅਸ਼ੋਕ ਝਾਅ, ਸੈਹਬੀ ਆਨੰਦ ਅਤੇ ਅਕਾਲੀ ਦਲ ਦੇ ਕਮਲਜੀਤ ਸਿੰਘ ਰੂਬੀ, ਸਤਵੀਰ ਸਿੰਘ ਧਨੋਆ ਅਤੇ ਗੁਰਮੁੱਖ ਸਿੰਘ ਸੋਹਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਹਿਰ ਦੀਆਂ ਸੜਕਾਂ ਹੇਠਲੀ ਜ਼ਮੀਨ ਖੋਖਲੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਦੀ ਮੀਟਿੰਗ ਵਿੱਚ ਪੁਰਾਣੀ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਲਾਈਨਾਂ ਬਦਲ ਕੇ ਨਵੀ ਤਕਨੀਕ ਰਾਹੀਂ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਵਿਛਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…