ਲੋਕ ਰੋਹ: ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ ਬਣਾਈ ਜਾ ਰਹੀ ਸੜਕ ਦਾ ਕੰਮ ਲਮਕਿਆ

ਸ਼ਾਮਲਾਤ, ਲੋਕਾਂ ਦੀ ਮਾਲਕੀ ਤੇ ਝਗੜੇ ਵਾਲੀ ਜ਼ਮੀਨ ’ਚੋਂ ਮਿੱਟੀ ਚੁੱਕਣ ਦਾ ਪਿੰਡਾਂ ਵਾਸੀਆਂ ਵੱਲੋਂ ਤਿੱਖਾ ਵਿਰੋਧ

ਠੇਕੇਦਾਰ ਦੇ ਬੰਦਿਆਂ ’ਤੇ ਮੜ੍ਹੀਆਂ ’ਚੋਂ ਵੀ ਮਿੱਟੀ ਚੁੱਕਣ ਦਾ ਦੋਸ਼

ਲੋਕਾਂ ਦੇ ਵਿਰੋਧ ਕਾਰਨ ਸੜਕ ਬਣਾ ਰਿਹਾ ਠੇਕੇਦਾਰ ਤੇ ਮਜ਼ਦੂਰ ਕੰਮ ਛੱਡ ਕੇ ਹੋਏ ਰਫੂ ਚੱਕਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਇੱਥੋਂ ਦੇ ਫੇਜ਼-6 ਸਥਿਤ ਅੰਤਰਰਾਸ਼ਟਰੀ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ ਬਣਾਈ ਜਾ ਰਹੀ ਪੰਜਾਬ ਦੀ ਪਹਿਲੀ 80 ਫੁੱਟ ਚੌੜੀ ਲਿੰਗ ਸੜਕ ਉੱਤੇ ਪਿੰਡ ਬੜਮਾਜਰਾ ਦੀ ਸ਼ਾਮਲਾਤ ਜ਼ਮੀਨ ਸਮੇਤ ਨਾਲ ਲਗਦੀ ਲੋਕਾਂ ਦੀ ਮਾਲਕੀ ਵਾਲੀ ਝਗੜੇ ਵਾਲੀ ਜ਼ਮੀਨ ’ਚੋਂ ਮਿੱਟੀ ਚੁੱਕਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਪਿੰਡ ਵਾਸੀਆਂ ਦੇ ਸਖ਼ਤ ਵਿਰੋਧ ਕਾਰਨ ਸੜਕ ਨਿਰਮਾਣ ਦਾ ਕੰਮ ਰੁਕ ਗਿਆ ਹੈ ਅਤੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਠੇਕੇਦਾਰ ਅਤੇ ਉਸ ਦੇ ਕਰਮਚਾਰੀ ਮਸ਼ੀਨਰੀ ਨੂੰ ਛੱਡ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ। ਇਸ ਸਭ ਦੇ ਬਾਵਜੂਦ ਕੋਈ ਵੀ ਪਿੰਡ ਪੁਲੀਸ ਜਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਦੇਣ ਨੂੰ ਤਿਆਰ ਨਹੀਂ ਹੈ ਅਤੇ ਪਿੰਡ ਵਾਸੀ ਅਤੇ ਗਰਾਮ ਪੰਚਾਇਤ ਇਕ ਦੂਜੇ ’ਤੇ ਗੱਲ ਸੁੱਟ ਰਹੇ ਹਨ।
ਇਸ ਮੌਕੇ ਪੰਚ ਗੁਰਦੇਵ ਸਿੰਘ, ਸਾਬਕਾ ਪੰਚ ਰਜਿੰਦਰ ਸਿੰਘ ਰਾਜੂ, ਬਚਿੱਤਰ ਸਿੰਘ, ਹਰਿੰਦਰ ਸਿੰਘ, ਗੁਰਜੀਤ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੜਮਾਜਰਾ ਦੀ 62 ਏਕੜ ਜ਼ਮੀਨ ’ਚੋਂ 23 ਏਕੜ ਜ਼ਮੀਨ ਦਾ ਫੈਸਲਾ ਡਾਇਰੈਕਟਰ ਪੰਚਾਇਤ ਵੱਲੋਂ ਕਾਫ਼ੀ ਸਮਾਂ ਪਹਿਲਾਂ ਪਿੰਡ ਵਾਸੀਆਂ ਦੇ ਹੱਕ ਵਿੱਚ ਕੀਤਾ ਸੀ ਅਤੇ ਬਾਅਦ ਵਿੱਚ ਸ਼ਾਮਲਾਤ ਜ਼ਮੀਨ ਦਾ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਹੁਣ ਵੀ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਨਿਰਮਾਣ ਲਈ ਪਹਿਲਾਂ ਹੀ ਸਰਕਾਰ ਨੂੰ ਮੁਫ਼ਤ ਜ਼ਮੀਨ ਦਿੱਤੀ ਜਾ ਚੁੱਕੀ ਹੈ ਪ੍ਰੰਤੂ ਹੁਣ ਠੇਕੇਦਾਰ ਨੇ ਸੜਕ ਬਣਾਉਣ ਲਈ ਸ਼ਾਮਲਾਤ ਅਤੇ ਲੋਕਾਂ ਦੀ ਮਾਲਕੀ ਵਾਲੀ ਝਗੜੇ ਵਾਲੀ ਜ਼ਮੀਨ ’ਚੋਂ ਮੁਫ਼ਤ ਵਿੱਚ ਮਿੱਟੀ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਮੜ੍ਹੀਆਂ ’ਚੋਂ ਵੀ ਮਿੱਟੀ ਚੁੱਕੀ ਗਈ ਹੈ। ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਦੀ ਭਿਣਕ ਪਈ ਤਾਂ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਠੇਕੇਦਾਰ ਦੇ ਬੰਦਿਆਂ ਨੇ ਜੇਬੀਸੀ ਨਾਲ ਬਜਰੀ ਰਲੀ ਮਿੱਟੀ ਖੱਡਿਆਂ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਅਤੇ ਤੁਰੰਤ ਬਾਅਦ ਮੌਕੇ ਤੋਂ ਭੱਜ ਗਏ।
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸੜਕ ਬਣਾਉਣ ਦੇ ਖ਼ਿਲਾਫ਼ ਨਹੀਂ ਹਨ, ਪ੍ਰੰਤੂ ਸਰਕਾਰ ਵੱਲੋਂ ਜਿਸ ਵੀ ਠੇਕੇਦਾਰ ਨੂੰ ਇਹ ਕੰਮ ਅਲਾਟ ਕੀਤਾ ਗਿਆ ਹੈ, ਉਸ ਨੂੰ ਚਾਹੀਦਾ ਹੈ ਕਿ ਸੜਕ ’ਤੇ ਭਰਤ ਪਾਉਣ ਲਈ ਮਿੱਟੀ ਹੋਰ ਪਾਸਿਓਂ ਚੁੱਕੇ। ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਸੜਕ ਨਿਰਮਾਣ ਦਾ ਕੰਮ ਬਹੁਤ ਠੰਢਾ ਚੱਲ ਰਿਹਾ ਹੈ। ਜਿਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਇਸ ਰਸਤੇ ਤੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਜਦੋਂ ਇਸ ਸਬੰਧੀ ਪੁਲੀਸ ਜਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਦੇਣ ਬਾਰੇ ਪੁੱਛਿਆ ਗਿਆ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕੰਮ ਗਰਾਮ ਪੰਚਾਇਤ ਹੈ ਅਤੇ ਮਹਿਲਾ ਸਰਪੰਚ ਦੇ ਪਤੀ ਅਮਰੀਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਹੈ।
(ਬਾਕਸ ਆਈਟਮ)
ਬੜਮਾਜਰਾ ਦੀ ਮਹਿਲਾ ਸਰਪੰਚ ਦੇ ਪਤੀ ਅਮਰੀਕ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਫਿਲਹਾਲ ਸੜਕ ਦਾ ਕੰਮ ਬੰਦ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਹ ਕੰਮ ਰੁਕਵਾ ਦਿੱਤਾ ਸੀ ਲੇਕਿਨ ਬਾਰਸ਼ ਕਾਰਨ ਲੋਕ ਆਪਣੇ ਘਰਾਂ ਅੰਦਰ ਵੜੇ ਹੋਏ ਸੀ ਅਤੇ ਠੇਕੇਦਾਰ ਨੇ ਬਾਰਸ਼ ਦਾ ਫਾਇਦਾ ਉਠਾਉਂਦੇ ਹੋਏ ਜ਼ਮੀਨ ’ਚੋਂ ਮਿੱਟੀ ਚੁੱਕਣੀ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਸ਼ਿਕਾਇਤ ਦੇਣ ਬਾਰੇ ਪੁੱਛੇ ਜਾਣ ’ਤੇ ਅਮਰੀਕ ਸਿੰਘ ਨੇ ਕਿਹਾ ਕਿ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋਏ ਹਨ ਅਤੇ ਉਹ ਪੁਲੀਸ ਕੋਲ ਜਾਣ ਨੂੰ ਕਹਿ ਰਹੇ ਸੀ। ਉਂਜ ਉਨ੍ਹਾਂ ਸਪੱਸ਼ਟ ਕੀਤਾ ਕਿ ਗਰਾਮ ਪੰਚਾਇਤ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਸੜਕ ਬਣ ਰਹੀ ਹੈ ਅਤੇ ਇਸ ਸਬੰਧੀ ਮਤਾ ਵੀ ਪਾਸ ਕੀਤਾ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …