nabaz-e-punjab.com

ਮੋਟਰ ਸਾਈਕਲ ਚਾਲਕ ਨੂੰ ਕਾਰ ਓਵਰਟੇਕ ਕਰਨ ਲਈ ਲਗਾਤਾਰ ਹਾਰਨ ਵਜਾਉਣਾ ਮਹਿੰਗਾ ਪਿਆ

ਕਾਰ ਸਵਾਰਾਂ ਨੇ ਮੋਟਰ ਸਾਈਕਲ ਸਵਾਰ ਭਰਾਵਾਂ ਨੂੰ ਕੁਟਾਪਾ ਚਾੜ੍ਹਿਆ, ਕੇਸ ਦਰਜ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਇੱਥੋਂ ਦੇ ਨਜ਼ਦੀਕੀ ਪਿੰਡ ਝਾਮਪੁਰ ਨੇੜੇ ਮੋਟਰ ਸਾਈਕਲ ਸਵਾਰ ਦੋ ਭਰਾਵਾਂ ਨੂੰ ਅੱਜ ਉਨ੍ਹਾਂ ਦੇ ਅੱਗੇ ਜਾ ਰਹੀ ਮਹਿੰਦਰਾ ਐਕਸਯੂਵੀ ਕਾਰ ਤੋਂ ਅੱਗੇ ਲੰਘਣ ਦੇ ਚੱਕਰ ਵਿੱਚ ਵਾਰ-ਵਾਰ ਹਾਰਨ ਵਜਾਉਣਾ ਕਾਫੀ ਮਹਿੰਗਾ ਪੈ ਗਿਆ। ਗੁੱਸੇ ਵਿੱਚ ਆਏ ਕਾਰ ਸਵਾਰਾਂ ਨੇ ਸੜਕ ’ਤੇ ਗੱਡੀ ਰੋਕ ਕੇ ਦੋਵੇਂ ਭਰਾਵਾਂ ਨੂੰ ਖੂਬ ਕੁਟਾਪਾ ਚਾੜ੍ਹਿਆ ਅਤੇ ਇਕ ਹਮਲਾਵਰ ਨੇ ਪਿਸਤੌਲ ਕੱਢ ਕੇ ਮੋਟਰ ਸਾਈਕਲ ਚਾਲਕ ’ਤੇ ਗੋਲੀ ਚਲਾ ਦਿੱਤੀ ਲੇਕਿਨ ਬਚਾਅ ਹੋ ਗਿਆ। ਗੋਲੀ ਨੇੜਿਓਂ ਦੀ ਲੰਘ ਗਈ ਜਦੋਂਕਿ ਹਮਲਾਵਰ ਨੇ ਦੂਜਾ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਸਹੌੜਾ ਦੇ ਵਸਨੀਕ ਰਣਬੀਰ ਸਿੰਘ ਅਤੇ ਦਿਲਵਰ ਸਿੰਘ ਅੱਜ ਝਾਮਪੁਰ ਪਿੰਡ ਵਿੱਚ ਉਸਾਰੀ ਕੰਮ ’ਤੇ ਜਾ ਰਹੇ ਸੀ ਕਿ ਰਸਤੇ ਵਿੱਚ ਉਨ੍ਹਾਂ ਨੇ ਆਪਣੇ ਅੱਗੇ ਜਾ ਰਹੀ ਮਹਿੰਦਰਾ ਐਕਸਯੂਵੀ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਾਰ ਚਾਲਕ ਨੇ ਉਨ੍ਹਾਂ ਨੂੰ ਸਾਈਡ ਨਹੀਂ ਦਿੱਤੀ। ਇਸ ਮਗਰੋਂ ਮੋਟਰ ਸਾਈਕਲ ਚਾਲਕ ਨੇ ਵਾਰ ਵਾਰ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਕਾਰ ਚਾਲਕ ਤੇ ਉਸ ਦੇ ਸਾਥੀ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਕਾਰ ਰੋਕ ਕੇ ਮੋਟਰ ਸਾਈਕਲ ਸਵਾਰਾਂ ਨੂੰ ਚੰਗਾ ਕੁਟਾਪਾ ਚਾੜ੍ਹਿਆ। ਇਸ ਦੌਰਾਨ ਇਕ ਹਮਲਾਵਰ ਨੇ ਰਣਬੀਰ ਵੱਲ ਪਿਸਤੌਲ ਤਾਣ ਕੇ ਫਾਇਰ ਕਰ ਦਿੱਤਾ ਲੇਕਿਨ ਉਹ ਜ਼ਮੀਨ ’ਤੇ ਝੁਕ ਗਿਆ। ਇਸ ਤਰ੍ਹਾਂ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਰਿਹਾ। ਝਗੜੇ ਦੀ ਆਵਾਜ਼ ਸੁਣ ਕੇ ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰ ਹਵਾਈ ਫਾਇਰ ਕਰਕੇ ਉੱਥੋਂ ਲਲਕਾਰੇ ਮਾਰੇ ਹੋਏ ਫਰਾਰ ਹੋ ਗਏ।
ਉਧਰ, ਸੂਚਨਾ ਮਿਲਦੇ ਹੀ ਡੀਐਸਪੀ ਪਾਲ ਸਿੰਘ, ਬਲੌਂਗੀ ਥਾਣਾ ਦੇ ਐਸਐਚਓ ਅਮਰਦੀਪ ਸਿੰਘ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਪੀੜਤ ਵਿਅਕਤੀਆਂ ਦੀ ਸ਼ਿਕਾਇਤ ’ਤੇ ਬਿਕਰਮ ਵਾਸੀ ਪਿੰਡ ਤੋਗਾ, ਹੈਪੀ ਤੇ ਸ਼ੀਤਲ ਵਾਸੀ ਪਿੰਡ ਬਹਿਲੋਲਪੁਰ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਹਮਲਾਵਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਨਾਮਜ਼ਦ ਨੌਜਵਾਨਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …