
ਸਰਕਾਰੀ ਕਾਲਜ ਵਿੱਚ ਜ਼ਿੰਦਗੀ ਸੁਰੱਖਿਅਤ ਵਿਸ਼ੇ ’ਤੇ ਸੜਕ ਸੁਰੱਖਿਆ ਜਾਗਰੂਕਤਾ ਦਾ ਕੈਂਪ
ਐਸਪੀ ਗੁਰਜੀਤ ਸਿੰਘ ਕਲੇਰ ਨੇ ਨੌਜਵਾਨਾਂ ਨੂੰ ਟਰੈਫ਼ਿਕ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ
ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ: ਪ੍ਰਿੰਸੀਪਲ ਜਤਿੰਦਰ ਕੌਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਇੱਥੋਂ ਦੇ ਫੇਜ਼-6 ਸਥਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਵਿਖੇ 32ਵੇਂ ਕੌਮੀ ਸੜਕ ਸੁਰੱਖਿਆ ਹਫ਼ਤੇ ਦੇ ਤੌਰ ’ਤੇ ‘ਜ਼ਿੰਦਗੀ ਸੁਰੱਖਿਅਤ, ਜੇਕਰ ਡਰਾਈਵਿੰਗ ਸੁਰੱਖਿਅਤ’ ਦੇ ਵਿਸ਼ੇ ਉੱਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਪ੍ਰਿੰਸੀਪਲ ਡਾ: ਜਤਿੰਦਰ ਕੌਰ ਨੇ ਅਹੁਦੇ ਸੰਭਾਲਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਟਰੈਫ਼ਿਕ ਪੁਲੀਸ ਅਤੇ ਟਰਾਂਸਪੋਰਟ ਦਫ਼ਤਰ ਦੇ ਸਹਿਯੋਗ ਨਾਲ ਟਰੈਫ਼ਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦਾ ਉਦਘਾਟਨ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਪਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਕਾਲਜ ਦੀ ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਟਰੈਫ਼ਿਕ ਨਿਯਮਾਂ ਦੀ ਮਹੱਤਤਾ ਅਤੇ ਸਾਰਥਿਕਤਾ ਬਾਰੇ ਜਾਣੂ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਟਰੈਫ਼ਿਕ ਜਾਗਰੂਕਤਾ ਕੈਂਪ ਲਈ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਅਤੇ ਟਰੈਫ਼ਿਕ ਪੁਲੀਸ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ‘ਸੰਭਵ ਫਾਊਂਡੇਸ਼ਨ’ ਤੋਂ ਮਿਸ਼ਨ ਸਲਾਮਤੀ ਦੇ ਪ੍ਰਾਜੈਕਟ ਕੋਆਰਡੀਨੇਟਰ ਬੀਬਾ ਅਮੋਲ ਕੌਰ ਨੇ ਟਰੈਫ਼ਿਕ ਨਿਯਮਾਂ ਅਤੇ ਸੁਰੱਖਿਅਤ ਕਦਮਾਂ ਬਾਰੇ ਇਕ ਪੇਸ਼ਕਾਰੀ ਦਿੱਤੀ। ਮਹਿੰਦਰਾ ਐਂਡ ਮਹਿੰਦਰਾ, ਸਵਰਾਜ ਡਵੀਜ਼ਨ ਦੀ ਤਰਫ਼ੋਂ ਐਸਪੀ ਟਰੈਫ਼ਿਕ ਗੁਰਜੋਤ ਸਿੰਘ ਕਲੇਰ ਨੇ 25 ਲੜਕੀਆਂ ਅਤੇ 25 ਲੜਕਿਆਂ ਨੂੰ ਹੈਲਮਟ ਦਿੱਤੇ।
ਇਸ ਮੌਕੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਸਕੱਤਰ ਸੁਖਵਿੰਦਰ ਕੁਮਾਰ, ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਵੀਜ਼ਨ ਦੇ ਜਨਰਲ ਮੈਨੇਜਰ ਰੰਜਨ ਮਿਸ਼ਰਾ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਸਿਮਰਪ੍ਰੀਤ ਕੌਰ, ਟਰੈਫ਼ਿਕ ਜ਼ੋਨ ਦੇ ਇੰਚਾਰਜ ਨਰਿੰਦਰ ਸੂਦ, ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਜਨਕ ਰਾਜ ਅਤੇ ਮੋਟਰ ਵਹੀਕਲ ਇੰਸਪੈਕਟਰ ਰਣਪ੍ਰੀਤ ਸਿੰਘ ਭਿਓਰਾ ਵੀ ਹਾਜ਼ਰ ਸਨ।