ਸੜਕ ਸੁਰੱਖਿਆ ਹਫ਼ਤਾ: ਲਾਲਜੀਤ ਭੁੱਲਰ ਵੱਲੋਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ

ਪੰਜਾਬ ਦੇ ਮੁੱਖ ਜੰਕਸ਼ਨਾਂ ’ਤੇ ਜਲਦੀ ਲਗਾਏ ਜਾਣਗੇ ਸੀਸੀਟੀਵੀ ਕੈਮਰੇ

ਸਕੂਲੀ ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਸਕੂਲ ਪੱਧਰ ’ਤੇ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੜਕ ਸੁਰੱਖਿਆ ਪ੍ਰਤੀ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸੜਕ ਸੁਰੱਖਿਆ ਹਫ਼ਤੇ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਮਿਲ ਕੇ ਇਸ ਵਾਰ ਜਿਸ ਉਤਸ਼ਾਹ ਨਾਲ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ ਹੈ, ਉਹ ਆਪਣੇ ਆਪ ਵਿੱਚ ਮਿਸਾਲ ਹੈ। ਜਿਸ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੂਰੀ ਤਰ੍ਹਾਂ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਮੁੱਖ ਜੰਕਸ਼ਨਾਂ ਉੱਤੇ ਬਹੁਤ ਜਲਦ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਟਰੈਫ਼ਿਕ ਦੀ ਨਿਗਰਾਨੀ ਸਹੀ ਤਰੀਕੇ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 13 ਲੋਕ ਆਪਣੀ ਜਾਨ ਗੁਆ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿੱਚ ਮਰਨ ਵਾਲੇ 70 ਫ਼ੀਸਦੀ ਲੋਕ 18 ਤੋਂ 45 ਸਾਲ ਉਮਰ ਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਵਿੱਚ ਸਭ ਤੋਂ ਵੱਧ ਕਾਰਗਰ ਅਮਲ ਟਰੈਫ਼ਿਕ ਨਿਯਮਾਂ ਦੀ ਪਾਲਣਾ ਹੈ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਾ ਸਾਰੇ ਨਿਯਮਾਂ ਦੀ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਸਕੂਲ ਪੱਧਰ ’ਤੇ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਕਾਰ ਦੀ ਪਿਛਲੀ ਸੀਟ ਲਗਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ਨਾਮੀ ਵਿਅਕਤੀ ਸਾਇਰਸ ਮਿਸਤਰੀ ਦੀ ਮੌਤ ਇਸੇ ਕਾਰਨ ਹੋਈ ਕਿਉਂਕਿ ਉਨ੍ਹਾਂ ਨੇ ਪਿਛਲੀ ਸੀਟ ਬੈਲਟ ਨਹੀਂ ਲਾਈ ਸੀ।

ਡਾਇਰੈਕਟਰ ਜਨਰਲ ਲੀਡ ਏਜੰਸੀ ਆਰ ਵੈਂਕਟਰਤਨਮ ਨੇ ਦੋ ਪਹੀਆ ਵਾਹਨਾਂ ’ਤੇ ਤਿੰਨ ਵਿਅਕਤੀ ਸਵਾਰ ਹੋਣ ਦੇ ਅਮਲ ਤੋਂ ਵਿਦਿਆਰਥੀਆਂ ਨੂੰ ਵਰਜਿਆ। ਸਮਾਗਮ ਉਪਰੰਤ ਵਿਦਿਆਰਥੀਆਂ ਨੇ ਟਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਰੈਲੀ ਕੱਢੀ। ਇਸ ਦੌਰਾਨ ਮੰਤਰੀ ਭੁੱਲਰ ਅਤੇ ਐਸਪੀ ਜਗਜੀਤ ਸਿੰਘ ਜੱਲ੍ਹਾ ਨੇ ਬਿਨਾਂ ਹੈਲਮਟ ਦੋ ਪਹੀਆ ਵਾਹਨ ਚਾਲਕਾਂ ਨੂੰ ਮੁਫ਼ਤ ਹੈਲਮਟ ਵੰਡੇ ਅਤੇ ਵਾਹਨਾਂ ’ਤੇ ਰਿਫ਼ਲੈਕਟਰ ਲਾਏ ਗਏ। ਇਸ ਮੌਕੇ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ, ਆਰਟੀਏ ਸਕੱਤਰ ਪੂਜਾ ਐਸ ਗਰੇਵਾਲ, ਐਸਪੀ ਜਗਜੀਤ ਸਿੰਘ ਜੱਲ੍ਹਾ, ਏਐਸਆਈ ਜਨਕ ਰਾਜ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…