ਰੋਡ ਸੰਘਰਸ਼ ਕਮੇਟੀ ਵੱਲੋਂ ਮੁਹਾਲੀ ਡੀਸੀ ਦਫ਼ਤਰ ਦੇ ਬਾਹਰ ਜ਼ਬਰਦਸਤ ਧਰਨਾ ਪ੍ਰਦਰਸ਼ਨ

ਡੀਸੀ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਬਾਅਦ ਦੁਪਹਿਰ ਚੁੱਕਿਆ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਨੈਸ਼ਨਲ ਹਾਈਵੇਅ ਅਥਾਰਟੀ ਭਾਰਤ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹੇ ’ਚੋਂ ਕੱਢਣ ਜਾਣ ਵਾਲੇ ਪ੍ਰਸਤਾਵਿਤ ਕੌਮੀ ਮਾਰਗ ਲਈ 60 ਪਿੰਡਾਂ ਦੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਭਾਅ ਘੱਟ ਦੇਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ ਅਤੇ ਕਿਸਾਨ ਸੜਕਾਂ ’ਤੇ ਉਤਰ ਆਏ ਹਨ। ਅੱਜ ਰੋਡ ਸੰਘਰਸ਼ ਕਮੇਟੀ ਦੇ ਸੱਦੇ ’ਤੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਵੱਲੋਂ ਮੁਹਾਲੀ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ (ਆਪ) ਨੇ ਵੀ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਦਿੱਤਾ ਪ੍ਰੰਤੂ ਪ੍ਰਬੰਧਕਾਂ ਨੇ ਧਰਨੇ ’ਤੇ ਸਿਆਸੀ ਪਰਛਾਵਾਂ ਨਹੀਂ ਪੈਣ ਦਿੱਤਾ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਉੱਤੇ ਨਹੀਂ ਚੜ੍ਹਨ ਦਿੱਤਾ ਗਿਆ। ਆਪ ਆਗੂ ਅਨਮੋਲ ਗਗਨ ਮਾਨ ਸਮੇਤ ਹੋਰ ਆਗੂ ਤੇ ਵਲੰਟੀਅਰ ਮੰਚ ਦੇ ਸਾਹਮਣੇ ਆਮ ਲੋਕਾਂ ਵਿੱਚ ਬੈਠੇ ਨਜ਼ਰ ਆਏ।
ਰੋਡ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਦੀਪ ਸਿੰਘ ਝਿੰਗੜਾ, ਗੁਰਦਿਆਲ ਸਿੰਘ ਬੁੱਟਰ, ਕਿਸਾਨ ਆਗੂ ਗੁਰਨਾਮ ਸਿੰਘ ਦਾਊਂ, ਕੁਲਵੰਤ ਸਿੰਘ ਤ੍ਰਿਪੜੀ, ਨਛੱਤਰ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਕੋਆਰਡੀਨੇਟਰ ਹਰਮਨਪ੍ਰੀਤ ਸਿੰਘ, ਮੀਤ ਪ੍ਰਧਾਨ ਚਰਨਜੀਤ ਸਿੰਘ ਸਿੰਬਲ ਮਾਜਰਾ, ਬਲਜਿੰਦਰ ਸਿੰਘ ਸੇਖੂਪੁਰ ਅਤੇ ਹੋਰਨਾਂ ਕਿਸਾਨਾਂ ਨੇ ਸਰਕਾਰੀ ਐਵਾਰਡ ਨੂੰ ਰੱਦ ਕਰਦਿਆਂ ਐਲਾਨ ਕੀਤਾ ਕਿ ਉਹ ਕੌਡੀਆਂ ਦੇ ਭਾਅ ਆਪਣੀ ਉਪਜਾਊ ਜ਼ਮੀਨ ਦਾ ਇੱਕ ਟੁਕੜਾ ਸਰਕਾਰ ਨੂੰ ਨਹੀਂ ਦੇਣਗੇ। ਜੇ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।
ਬੁਲਾਰਿਆਂ ਨੇ ਕਿਹਾ ਕਿ ਜ਼ਮੀਨ ਦੀ ਨਿਰਧਾਰਿਤ ਕੀਤੀ ਕੀਮਤ ਨੂੰ ਮਾਰਕੀਟ ਕੀਮਤ ਨਾਲੋਂ ਛੇ ਗੁਣਾ ਘੱਟ ਦੱਸਦਿਆਂ ਸੁਣਾਏ ਗਏ ਐਵਾਰਡ ਮੁੱਢੋਂ ਰੱਦ ਕਰਦਿਆਂ ਮੰਗ ਕੀਤੀ ਕਿ ਸੈਕਸ਼ਨ 28 ਅਧੀਨ ਨਵੇਂ ਸਿਰਿਓਂ ਐਵਾਰਡ ਸੁਣਾਏ ਜਾਣ। ਕਿਸਾਨਾਂ ਨੇ ਕਿਹਾ ਕਿ ਮੁਹਾਲੀ ਦੀਆਂ ਕੁਰਾਲੀ, ਖਰੜ, ਬਨੂੜ, ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ਆਦਿ ਨਗਰ ਕੌਂਸਲਾਂ ਦੇ ਘੇਰੇ ਵਿੱਚ ਹਨ। ਇਨ੍ਹਾਂ ਜ਼ਮੀਨਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਅੱਧ ਵਿਚਕਾਰੋਂ ਸੜਕ ਲੰਘਣ ਕਾਰਨ ਦੋ ਹਿੱਸਿਆਂ ਵਿੱਚ ਵੰਡੀ ਜ਼ਮੀਨ ਲਈ ਯੋਗ ਰਾਹ, ਬਰਸਾਤੀ ਪਾਣੀ ਦਾ ਨਿਕਾਸ, ਸਿੰਜਾਈ ਲਈ ਪਾਣੀ ਦੀ ਨਿਕਾਸੀ, ਸੜਕ ਦੇ ਨਾਲ 18 ਫੁੱਟ ਸਰਵਿਸ ਰੋਡ ਯਕੀਨੀ ਬਣਾਈ ਜਾਵੇ, ਟਿਊਬਵੈੱਲ, ਪਾਈਪਲਾਈਨਾਂ, ਕਮਰਿਆਂ ਅਤੇ ਹਰੇ ਭਰੇ ਦਰੱਖਤਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ।
ਧਰਨੇ ਨੂੰ ਸੋਨੀਆ ਮਾਨ, ਹਰਮਨਪ੍ਰੀਤ ਕੌਰ ਵਿਰਕ, ਰਾਜਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਚੜੂਨੀ ਧੜੇ ਦੇ ਸਰਕਲ ਪ੍ਰਧਾਨ ਸਤਨਾਮ ਸਿੰਘ ਖਲੌਰ, ਨੌਜਵਾਨ ਆਗੂ ਪ੍ਰਤੀਕ ਸਿੰਘ ਮਾਨ, ਕਰਮਜੀਤ ਸਿੰਘ ਚਿੱਲਾ, ਅਵਤਾਰ ਸਿੰਘ ਮਨੌਲੀ ਸੂਰਤ, ਧਰਮਪਾਲ ਸਿੰਘ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਰਤਨ ਸਿੰਘ ਅਮਰਾਲਾ, ਰਣਬੀਰ ਸਿੰਘ ਗੋਬਿੰਦਗੜ੍ਹ ਨੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕੀਤਾ।
ਇਸ ਮੌਕੇ ਐਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੋਲਾਂ, ਗੁਰਿੰਦਰ ਸਿੰਘ ਕੈਰੋਂ, ਹਰਜੀਤ ਸਿੰਘ ਬੰਟੀ, ਗੁਰਤੇਜ ਸਿੰਘ ਪੰਨੂ, ਡਾ. ਸੰਨੀ ਆਹਲੂਵਾਲੀਆ, ਰਵਿੰਦਰ ਸਿੰਘ ਵਜੀਦਪੁਰ, ਕਿਸਾਨ ਆਗੂ ਰਵਿੰਦਰ ਸਿੰਘ ਦੇਹਕਲਾਂ, ਗੁਰਮੀਤ ਸਿੰਘ ਸੋਹਾਣਾ, ਰਣਬੀਰ ਸਿੰਘ ਗਰੇਵਾਲ, ਜਸਵਿੰਦਰ ਸਿੰਘ ਵਿਰਕ ਵੀ ਹਾਜ਼ਰ ਸਨ।


ਇਸੇ ਦੌਰਾਨ ਕਿਸਾਨਾਂ ਦੇ ਵਫ਼ਦ ਨੇ ਡੀਸੀ ਗਿਰੀਸ਼ ਦਿਆਲਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਡੀਸੀ ਨੇ ਮੌਕੇ ’ਤੇ ਹੀ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਗੱਲ ਕਰਕੇ ਪਹਿਲਾਂ ਸੁਣਾਏ ਗਏ ਐਵਾਰਡ ਰੱਦ ਕਰਨ ਦੀ ਗੱਲ ਕਹੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਨਵੇਂ ਸਿਰਿਓਂ ਐਵਾਰਡ ਸੁਣਾਇਆ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …