ਕਿਸਾਨਾਂ ’ਤੇ ਲਾਠੀਚਾਰਜ ਦੇ ਵਿਰੋਧ ਵਿੱਚ ਮੁਹਾਲੀ ਦੀਆਂ ਸੜਕਾਂ ਜਾਮ, ਲੋਕ ਪ੍ਰੇਸ਼ਾਨ

ਜੇਲ੍ਹ ਵਾਰਡਨ ਦੀ ਪ੍ਰੀਖਿਆ ਦੇਣ ਆਏ ਨੌਜਵਾਨ ਜਾਮ ’ਚ ਫਸੇ, ਕਿਸਾਨ ਖ਼ੁਦ ਛੱਡ ਕੇ ਆਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਕਰਨਾਲ ਵਿੱਚ ਮੁੱਖ ਮੰਤਰੀ ਅਤੇ ਭਾਜਪਾ ਆਗੂਆਂ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਪੁਲੀਸ ਵੱਲੋਂ ਕੀਤੇ ਗਏ ਅੰਨੇ੍ਹਵਾਹ ਲਾਠੀਚਾਰਜ ਖ਼ਿਲਾਫ਼ ਐਤਵਾਰ ਨੂੰ ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਮੁੱਖ ਮਾਰਗ ਅਤੇ ਅੰਦਰਲੀਆਂ ਸੜਕਾਂ ਜਾਮ ਰਹੀਆਂ। ਜਿਸ ਕਾਰਨ ਰਾਹਗੀਰਾਂ ਅਤੇ ਜੇਲ੍ਹ ਵਾਰਡਨ ਦੀ ਪ੍ਰੀਖਿਆ ਦੇਣ ਆ ਰਹੇ ਨੌਜਵਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਪ੍ਰੀਖਿਆ ਦੇਣ ਮੁਹਾਲੀ ਪਹੁੰਚੇ ਨੌਜਵਾਨਾਂ ਨੂੰ ਅੱਗੇ ਲੰਘਣ ਦਿੱਤਾ ਗਿਆ ਅਤੇ ਕਾਫ਼ੀ ਨੌਜਵਾਨਾਂ ਨੂੰ ਕਿਸਾਨ ਖ਼ੁਦ ਪ੍ਰੀਖਿਆ ਕੇਂਦਰ ਤੱਕ ਛੱਡ ਕੇ ਆਏ। ਮਰੀਜ਼ਾਂ ਨੂੰ ਲੈ ਕੇ ਆ ਜਾ ਰਹੀਆਂ ਐਂਬੂਲੈਂਸ ਨੂੰ ਵੀ ਨਹੀਂ ਰੋਕਿਆ।
ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਕੇਂਦਰੀ ਸਿੱਖਿਆ ਸੰਸਥਾਨ ਆਈਸ਼ਰ ਲਾਲ ਬੱਤੀ ਚੌਕ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਗੋਦਰੇਜ ਚੌਂਕ, ਲਾਂਡਰਾਂ ਟੀ-ਪੁਆਇੰਟ ਅਤੇ ਹੋਰਨਾਂ ਥਾਵਾਂ ’ਤੇ ਕਿਸਾਨਾਂ ਨੇ ਸੜਕਾਂ ’ਤੇ ਆਵਾਜਾਈ ਠੱਪ ਕਰਕੇ ਦੇਸ਼ ਦੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ ਅਤੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੀਆਂ ਅਰਥੀਆਂ ਸਾੜੀਆਂ।
ਸੋਹਾਣਾ ਧਰਨੇ ਵਿੱਚ ਪਹੁੰਚੇ ਪ੍ਰੋ. ਮਨਜੀਤ ਸਿੰਘ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ ਪ੍ਰੰਤੂ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ 25 ਨਵੰਬਰ 2020 ਤੋਂ ਲੈ ਕੇ 22 ਜਨਵਰੀ 2021 ਤੱਕ ਤਕਰੀਬਨ 11 ਮੀਟਿੰਗਾਂ ਹੋਈਆਂ ਪਰ ਇਨ੍ਹਾਂ ਮੀਟਿੰਗਾਂ ਵਿੱਚ ਕੋਈ ਹੱਲ ਨਿਕਲਿਆ। ਇਸ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨਾਲ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਨੇ ਪ੍ਰਧਾਨ ਦੇ ਦੇਸ਼ ਪਿਆ ਦੇ ਮੋਹ ਨੂੰ ਨਿਰ੍ਹਾ ਝੂਠ ਅਤੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀਆਂ ਅਤੇ ਨੀਅਤ ਸਾਫ਼ ਨਹੀਂ ਹੈ ਅਤੇ ਮੌਜੂਦਾ ਸਮੇਂ ਵਿੱਚ ਲੋਕਤੰਤਰ ਦਾ ਘਾਣ ਕਰਕੇ ਤਾਨਾਸ਼ਾਹੀ ਰਾਜ ਦਾ ਬੋਲਬਾਲਾ ਹੈ।
ਕਿਸਾਨ ਆਗੂ ਮੇਹਰ ਸਿੰਘ ਥੇੜੀ, ਪਰਵਿੰਦਰ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਕੁਲਵੰਤ ਸਿੰਘ ਤ੍ਰਿਪੜੀ, ਹਰਵਿੰਦਰ ਸਿੰਘ ਸੋਹਾਣਾ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਨਸਾਫ਼ ਮੰਗ ਰਹੇ ਕਿਸਾਨਾਂ ’ਤੇ ਲਾਠੀਆਂ ਬਰਸਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਕਾਲੇ ਖੇਤੀ ਕਾਨੂੰਨਾਂ ਦਾ ਸਾਰੇ ਵਰਗਾਂ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੀ ਹੈਂਕੜ ਤੋੜਨ ਲਈ ਦੇਸ਼ ਨੂੰ ਇੱਕਜੱੁਟ ਹੋਣ ਦੀ ਲੋੜ ਹੈ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜੋਗਾ ਸਿੰਘ, ਬੰਤ ਸਿੰਘ, ਜੋਗਿੰਦਰ ਸਿੰਘ ਬੁੜੈਲ, ਦਵਿੰਦਰ ਸਿੰਘ ਬੌਬੀ, ਮਿੰਦਰ ਸਿੰਘ ਸੋਹਾਣਾ, ਯੂਥ ਆਗੂ ਅਮਨ ਸਿੰਘ ਪੂਨੀਆ, ਸਤਵੀਰ ਸਿੰਘ, ਰਜਿੰਦਰ ਸਿੰਘ, ਮੇਜਰ ਸਿੰਘ, ਸੱਜਣ ਸਿੰਘ, ਖ਼ੁਸ਼ਇੰਦਰ ਸਿੰਘ ਬੈਦਵਾਨ, ਅਮਰਜੀਤ ਸਿੰਘ ਨਰੈਣ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…