Nabaz-e-punjab.com

ਮੁਹਾਲੀ ਦੀਆਂ ਲਹੂ ਪੀਣੀਆਂ ਸੜਕਾਂ ਨੇ 3 ਸਾਲਾਂ ਵਿੱਚ 900 ਤੋਂ ਵੱਧ ਲੋਕਾਂ ਦੀਆਂ ਜਾਨਾਂ ਲਈਆਂ

ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ 92 ਐਕਸੀਡੈਂਟ ਪੁਆਇੰਟਾਂ ਦੀ ਕੀਤੀ ਸ਼ਨਾਖ਼ਤ: ਏਡੀਜੀਪੀ ਚੌਹਾਨ

ਰਾਤ ਨੂੰ 11 ਵਜੇ ਤੋਂ ਬਾਅਦ ਤੜਕੇ ਸਵੇਰ ਤੱਕ ਵਾਹਨ ਚਾਲਕ ਖੂਬ ਉਡਾਉਂਦੇ ਟਰੈਫ਼ਿਕ ਨਿਯਮਾਂ ਦੀ ਧੱਜੀਆਂ: ਪੁਲੀਸ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਮੁਹਾਲੀ ਦੀਆਂ ਲਹੂ ਪੀਣੀਆਂ ਸੜਕਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ 900 ਤੋਂ ਵੱਧ ਲੋਕਾਂ ਦੀ ਜਾਨ ਲਈ ਹੈ ਜਦੋਂਕਿ 1056 ਤੋਂ ਵੱਧ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜਿਨ੍ਹਾਂ ’ਚੋ ਕਾਫੀ ਲੋਕ ਆਪਣੀਆਂ ਲੱਤਾਂ ਬਾਹਾਂ ਤੁੜਵਾ ਕੇ ਅਪਾਹਜਾਂ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸੜਕ ਹਾਦਸਿਆਂ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਪੰਜਾਬ ਪੁਲੀਸ ਨਾਲ ਮਿਲਕੇ ਕੰਮ ਕਰ ਰਹੀ ਪੰਜਾਬ ਵੀਜ਼ਨ ਜ਼ੀਰੋ ਦਾ ਮੰਨਣਾ ਹੈ ਕਿ ਜ਼ਿਆਦਾਤਰ ਸੜਕ ਹਾਦਸੇ ਟਰੈਫ਼ਿਕ ਨਿਯਮਾਂ ਦੀ ਘੋਰ ਉਲੰਘਣਾ ਅਤੇ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਕਾਰਨ ਵਾਪਰੇ ਹਨ। ਐਤਵਾਰ ਨੂੰ ਸਵੇਰੇ ਮੁਹਾਲੀ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦਾ ਕਾਰਨ ਵੀ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਦੱਸਿਆ ਗਿਆ ਹੈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 8 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਪਿਛਲੇ ਸਾਲ 304 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਪੰਜਾਬ ਵਿਜ਼ਨ ਜ਼ੀਰੋ ਦਾ ਮੰਨਣਾ ਹੈ ਕਿ ਅਕਸਰ ਰਾਤ ਨੂੰ 11 ਵਜੇ ਤੋਂ ਬਾਅਦ ਤੜਕੇ ਸਵੇਰ ਤੱਕ ਵਾਹਨ ਚਾਲਕ ਟਰੈਫ਼ਿਕ ਨਿਯਮਾਂ ਦੀ ਖੂਬ ਧੱਜੀਆਂ ਉਡਾਉਂਦੇ ਹਨ। ਇਸ ਸਬੰਧੀ ਪ੍ਰਸ਼ਾਸਨ ਨੂੰ ਸਪੀਡ ਲਿਮਟ ਤੈਅ ਕਰਕੇ ਸਖ਼ਤੀ ਵਰਤਣ ਦੀ ਲੋੜ ਹੈ।
ਪੰਜਾਬ ਵਿਜ਼ਨ ਜ਼ੀਰੋ ਦੇ ਪ੍ਰਾਜੈਕਟ ਮੈਨੇਜਰ ਅਰਬਾਬ ਅਹਿਮਦ ਨੇ ਦੱਸਿਆ ਕਿ ਪਿਛਲੇ ਦਿਨੀਂ ਫੇਜ਼-7 ਸਥਿਤ ਲਾਇਬਰੇਰੀ ਟੀ ਪੁਆਇੰਟ ’ਤੇ ਤੇਜ਼ ਰਫ਼ਤਾਰੀ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਮਾਂ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਸਨ ਅਤੇ ਇਸ ਹਾਦਸੇ ਵਿੱਚ ਮਾਂ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ। ਇਸੇ ਤਰ੍ਹਾਂ ਰਾਧਾ ਸੁਆਮੀ ਚੌਕ ’ਤੇ ਵਾਪਰੇ ਸੜਕ ਵਿੱਚ ਕੁਲਦੀਪ ਸਿੰਘ ਕੁਰਾਲੀ ਦੀ ਲੱਤ ਟੁੱਟ ਗਈ ਸੀ, ਜੋ ਹੁਣ ਤੱਕ ਆਪਣੇ ਪੈਰਾਂ ’ਤੇ ਚੱਲਣ ਫਿਰਨ ਦੇ ਕਾਬਿਲ ਨਹੀਂ ਹੋ ਸਕਿਆ। ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਪੀਡਬਲਿਊਡੀ ਵਿਭਾਗ ਨਾਲ ਤਾਲਮੇਲ ਕਰਕੇ ਸਪੀਡ ਲਿਮਟ ਸਬੰਧੀ ਬੋਰਡ ਲਗਾਉਣ ਲਈ ਆਖਿਆ ਗਿਆ ਹੈ।
ਪੰਜਾਬ ਪੁਲੀਸ ਦੇ ਏਡੀਜੀਪੀ (ਟਰੈਫ਼ਿਕ) ਡਾ. ਐਸਐਸ ਚੌਹਾਨ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਪੰਜਾਬ ਵਿੱਚ ਰੋਜ਼ਾਨਾ 10 ਤੋਂ 12 ਮੌਤਾਂ ਹੁੰਦੀਆਂ ਹਨ, ਜਦੋਂਕਿ ਦੇਸ਼ ਭਰ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਅਤੇ ਅਤਿਵਾਦ ਨਾਲ ਲੋਹਾ ਲੈਂਦਿਆਂ ਵੀ ਏਨੇ ਵਿਅਕਤੀ ਸ਼ਹੀਦ ਨਹੀਂ ਹੋਏ ਹਨ, ਜਿੰਨੇ ਕਿ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਵਾਜਾਈ ਸਮੱਸਿਆ ਲਗਾਤਾਰ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸ੍ਰੀ ਚੌਹਾਨ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਸੜਕ ਹਾਦਸਿਆਂ ਵਿੱਚ ਛੇ ਫੀਸਦੀ ਵਾਧਾ ਹੋਇਆ ਹੈ। ਮੁਹਾਲੀ ਤੋਂ ਖਰੜ, ਲਾਂਡਰਾਂ ਜੰਕਸ਼ਨ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ 92 ਐਕਸੀਡੈਂਟ ਪੁਆਇੰਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਜਿਨ੍ਹਾਂ ਕੁੰਭੜਾ ਚੌਕ, ਪੀਸੀਐਲ ਚੌਕ, ਚਾਵਲਾ ਚੌਕ, ਲਾਇਬਰੇਰੀ ਟੀ ਪੁਆਇੰਟ ਫੇਜ਼-7, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਖਾਨਪੁਰ ਚੌਕ, ਸੰਨੀ ਇਨਕਲੇਵ ਪੁਆਇੰਟ, ਬਲੌਂਗੀ ਸੇਲ ਬੈਰੀਅਰ ਹਨ। ਇਕੱਲੇ ਜ਼ੀਰਕਪੁਰ ਖੇਤਰ ਵਿੱਚ 18 ਪੁਆਇੰਟ ਹਨ। ਕਈ ਅਜਿਹੀਆਂ ਸੜਕਾਂ ਹਨ, ਜਿਨ੍ਹਾਂ ’ਤੇ ਬੇਹੱਦ ਟਰੈਫ਼ਿਕ ਦੀ ਸਮੱਸਿਆ ਹੈ। ਕਈ ਵਾਰ ਸੜਕ ਦੁਰਘਟਨਾ ਵਾਪਰਨ ’ਤੇ ਐਂਬੂਲੈਂਸ ਤਾਂ ਤੁਰੰਤ ਮੌਕੇ ’ਤੇ ਪਹੁੰਚ ਜਾਂਦੀ ਹੈ ਪ੍ਰੰਤੂ ਸੜਕਾਂ ’ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਕਈ ਵਾਰ ਜ਼ਖ਼ਮੀਆਂ ਨੂੰ ਹਸਪਤਾਲ ਤੱਕ ਲਿਜਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਟਰੈਫ਼ਿਕ ਪੁਲੀਸ ਨੇ ਹੁਣ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਹੈ। ਜਿਸ ਦੇ ਤਹਿਤ ਮੁਹਾਲੀ ਸ਼ਹਿਰ ਲਈ ਦੋ ਡਰੋਨ ਲਗਾਏ ਜਾਣਗੇ। ਇਸ ਸਬੰਧੀ ਇਕ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਨੇ ਸੂਬੇ ਦੀਆਂ ਮੁੱਖ ਸੜਕਾਂ ’ਤੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਚਲਾਉਣ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਰਵਾਇਤੀ ਟਰੈਫ਼ਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਿਤ ਟਰੈਫ਼ਿਕ ਸਿਗਨਲ ਪ੍ਰਣਾਲੀ ਵਿਕਸਤ ਕੀਤੀ ਗਈ ਹੈ। ਦੇਸ਼ ਭਰ ਵਿੱਚ ਪਹਿਲੀ ਵਾਰ ਇਸ ਨਵੀਂ ਤਕਨੀਕ ਨੂੰ ਆਈਟੀ ਸਿਟੀ ਮੁਹਾਲੀ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਗਿਆ ਹੈ। ਹੁਣ ਟਰੈਫ਼ਿਕ ਲਾਈਟਾਂ ’ਤੇ ਇਹ ਸਿਗਨਲ ਸੜਕ ਦੇ ਹਰੇਕ ਪਾਸੇ ਤੋਂ ਆ ਰਹੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …