ਹਜ਼ਾਰ ਕਰੋੜ ਰੁਪਏ ਨਾਲ 9 ਹਜ਼ਾਰ ਕਿਲੋਮੀਟਰ ਸੜਕਾਂ ਨੂੰ ਕੀਤਾ ਜਾਵੇਗਾ ਮਜ਼ਬੂਤ: ਰਜ਼ੀਆ ਸੁਲਤਾਨਾ

23 ਕਰੋੜ ਦੀ ਲਾਗਤ ਨਾਲ Ñਲਾਂਡਰਾਂ ਜੰਕਸ਼ਨ ਦਾ ਹੋਵੇਗਾ ਨਵੀਨੀਕਰਨ

ਨਵੀਂ ਦਿੱਲੀ ਤੋਂ ਵਾਇਆ ਅੰਮ੍ਰਿਤਸਰ ਕਟੜਾ ਤੱਕ ਬਣੇਗਾ ਨਿਊ ਗਰੀਨ ਫੀਲਡ ਐਕਸਪ੍ਰੈੱਸਵੇਅ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਜਨਵਰੀ:
ਸੜਕੀ ਨੈੱਟਵਰਕ ਦੀ ਮਜ਼ਬੂਤੀ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਨੇ ਹਜ਼ਾਰ ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਨੌਂ ਹਜ਼ਾਰ ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਨੂੰ ਸਿਧਾਂਤਕ ਤੌਰ ’ਤੇ ਹਰੀ ਝੰਡੀ ਦਿਖਾ ਦਿੱਤੀ। ਨਵੀਂ ਦਿੱਲੀ ਤੋਂ ਕਟੜਾ ਵਾਇਆ ਅੰਮ੍ਰਿਤਸਰ ‘ਨਿਊ ਗਰੀਨ ਫੀਲਡ ਐਕਸਪ੍ਰੈੱਸਵੇਅ’ ਨੂੰ ਵੀ ਛੇਤੀ ਨੇਪਰੇ ਚਾੜ੍ਹਿਆ ਜਾਵੇਗਾ। ਇਸ ਦਾ ਨਿਰਮਾਣ ਕੌਮੀ ਹਾਈਵੇਅਜ਼ ਅਥਾਰਟੀ ਵੱਲੋਂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਸਰਕਾਰ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਦੁਆਲੇ ਰਿੰਗ ਰੋਡਜ਼ ਦੇ ਨਿਰਮਾਣ ਦੀ ਵੀ ਤਿਆਰੀ ਵਿੱਚ ਹੈ, ਜਿਸ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਰਵੇਖਣ ਵੀ ਕਰਵਾਇਆ ਜਾ ਰਿਹਾ ਹੈ। Ñਇਹ ਖ਼ੁਲਾਸਾ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਵਿਭਾਗ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਮੰਤਰੀ ਨੇ ਕਿਹਾ ਕਿ ਸਾਲ 2018 ਰਾਜ ਵਿੱਚ ਵੱਡੇ ਪੱਧਰ ਉਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਗਵਾਹ ਬਣੇਗਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਲਿੰਕ ਸੜਕ ਨੈੱਟਵਰਕ ਦੇ ਨਵੀਨੀਕਰਨ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਹਨ। ਮੰਤਰੀ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਲਾਂਡਰਾ ਜੰਕਸ਼ਨ ਦਾ 23 ਕਰੋੜ ਰੁਪਏ ਦੀ ਲਾਗਤ ਨਾਲ ਛੇਤੀ ਨਵੀਨੀਕਰਨ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜ਼ਮੀਨ ਐਕੁਆਇਰ ਕਰਨ ਦੀ ਹਦਾਇਤ ਕਰ ਦਿੱਤੀ ਹੈ ਅਤੇ ਇਸ ਪ੍ਰਾਜੈਕਟ ਉਤੇ ਅਗਲੇ ਵਿੱਤੀ ਵਰ੍ਹੇ ਵਿੱਚ ਕੰਮ ਸ਼ੁਰੂ ਹੋਵੇਗਾ। ਲੋਕ ਨਿਰਮਾਣ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੀਡਬਲਯੂਡੀ ਮੰਤਰੀ ਨੇ ਕਿਹਾ ਕਿ ਇਹ ਲਿੰਕ ਸੜਕਾਂ ਵਾਲੇ ਪ੍ਰਾਜੈਕਟ ਵਿੱਚ ਮੰਡੀ ਬੋਰਡ ਦੇ ਅਧੀਨ ਲਿੰਕ ਸੜਕਾਂ ਤੋਂ ਇਲਾਵਾ ਬਾਕੀ ਸੜਕਾਂ ਨੂੰ ਲਿਆ ਜਾਵੇਗਾ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ, ਜਦੋਂ ਨਵੀਂ ਦਿੱਲੀ ਤੋਂ ਕਟੜਾ ਵਾਇਆ ਅੰਮ੍ਰਿਤਸਰ ਤੱਕ ‘ਨਿਊ ਗਰੀਨ ਫੀਲਡ ਐਕਸਪ੍ਰੈੱਸਵੇਅ’ ਨੂੰ ਪ੍ਰਵਾਨਗੀ ਮਿਲ ਗਈ। ਇਸ ਐਕਸਪ੍ਰੈੱਸਵੇਅ ਦਾ ਨਿਰਮਾਣ ਕੌਮੀ ਹਾਈਵੇਅਜ਼ ਅਥਾਰਟੀ ਵੱਲੋਂ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ਲਈ ਥਾਂ ਦੀ ਛੇਤੀ ਨਿਸ਼ਾਨਦੇਹੀ ਹੋਵੇਗੀ। ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ‘ਭਾਰਤ ਮਾਲਾ ਸਕੀਮ’ ਅਧੀਨ ਹਾਈਵੇਅਜ਼ ਅਥਾਰਟੀ ਵੱਲੋਂ 800 ਕਿਲੋਮੀਟਰ ਰਾਜਮਾਰਜਗਾਂ ਨੂੰ ਚਹੁੰ ਮਾਰਗੀ ਕੌਮੀ ਮਾਰਗ ਅਧੀਨ ਲਿਆ ਜਾਵੇਗਾ। ਇਸ ਪ੍ਰਾਜੈਕਟ ਉਤੇ ਵੀ ਕੰਮ ਛੇਤੀ ਸ਼ੁਰੂ ਹੋਵੇਗਾ। ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਵੱਡੇ ਸੜਕ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਵਿੱਚ ਦੇਰੀ ਬਾਰੇ ਪੁੱਛਣ ਉਤੇ ਮੁੱਖ ਇੰਜਨੀਅਰ ਸ੍ਰੀ ਏ.ਕੇ. ਸਿੰਗਲਾ ਨੇ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਦਰੱਖਤ ਵੱਢਣ ਉਤੇ ਲਾਈ ਪਾਬੰਦੀ ਕਾਰਨ ਇਨ੍ਹਾਂ ਪ੍ਰਾਜੈਕਟਾਂ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਜੰਗਲਾਤ ਬਾਰੇ ਮਨਜ਼ੂਰੀ ਮਿਲ ਗਈ ਹੈ, ਉਨ੍ਹਾਂ ਥਾਵਾਂ ਉਤੇ ਸਾਰੇ ਪ੍ਰਾਜੈਕਟਾਂ ਉਤੇ ਕੰਮ ਚੱਲ ਰਿਹਾ ਹੈ।
ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਪਰ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ ਪ੍ਰਾਜੈਕਟਾਂ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਫੰਡ ਜਾਰੀ ਹੋਣ ਵਿੱਚ ਅੜਿੱਕਾ ਆ ਰਿਹਾ ਹੈ। ਕੌਮੀ ਮਾਰਗਾਂ ਦੇ ਨਵੀਨੀਕਰਨ ਦੀ ਸਮੀਖਿਆ ਕਰਦਿਆਂ ਮੰਤਰੀ ਨੇ ਇਨ੍ਹਾਂ ਨੂੰ 31 ਦਸੰਬਰ 2018 ਤੱਕ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸੜਕਾਂ ਉਤੇ ਲੱਗੇ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਸਿਖਰ ਉਤੇ ਰੱਖਣਾ ਵੀ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ ਵਿੱਚ ਵਿਭਾਗ ਦੇ ਵੱਖ ਵੱਖ ਵਿੰਗਾਂ ਦੇ ਸਾਰੇ ਮੁੱਖ ਇੰਜਨੀਅਰਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਹਾਜ਼ਰ ਸਨ। ਸਾਰੇ ਮੁੱਖ ਇੰਜਨੀਅਰਾਂ ਨੇ ਵਿਸਤਾਰ ਨਾਲ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਵਿੱਚ ਲਿੰਕ ਸੜਕਾਂ, ਕੌਮੀ ਮਾਰਗਾਂ, ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦੇ ਹੋਰ ਪ੍ਰਾਜੈਕਟਾਂ ਉੱਤੇ ਕੰਮ ਦੀ ਪ੍ਰਗਤੀ ਬਾਰੇ ਦੱਸਿਆ।
ਮੰਤਰੀ ਨੇ ਤਰੱਕੀਆਂ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵੀ ਸਮਾਂਬੱਧ ਤਰੀਕੇ ਨਾਲ ਕਰਵਾਉਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਸੜਕਾਂ, ਇਮਾਰਤਾਂ ਤੇ ਪੁਲਾਂ ਦੇ ਨਿਰਮਾਣ ਵਿੱਚ ਗੁਣਵੱਤਾ ਯਕੀਨੀ ਬਣਾਉਣ ਲਈ ਵਿਭਾਗ ਦੇ ‘ਕੁਆਲਟੀ ਕੰਟਰੋਲ ਵਿੰਗ’ ਨੂੰ ਮਜ਼ਬੂਤ ਕਰਨ ਲਈ ਵੀ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਮੁੱਖ ਇੰਜਨੀਅਰ ਕੌਮੀ ਹਾਈਵੇਅਜ਼ ਏ.ਕੇ. ਸਿੰਗਲਾ, ਮੁੱਖ ਇੰਜਨੀਅਰ ਉੱਤਰੀ ਅਰਵਿੰਦਰ ਸਿੰਘ, ਮੁੱਖ ਇੰਜਨੀਅਰ ਦੱਖਣੀ ਸਤੀਸ਼ ਗੁਪਤਾ, ਮੁੱਖ ਇੰਜਨੀਅਰ ਪੀਆਰਬੀਡੀਬੀ ਮੁਕੇਸ਼ ਗੋਇਲ ਅਤੇ ਮੁੱਖ ਇੰਜਨੀਅਰ ਕੇਂਦਰੀ ਜੇ.ਐਸ. ਮਾਨ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…