ਮੁਹਾਲੀ ਵਿੱਚ ਫਿਲਮੀ ਅੰਦਾਜ਼ ਵਿੱਚ ਬਜ਼ੁਰਗ ਨੂੰ ਲੁੱਟਿਆਂ

ਪੁਰਾਣੇ ਡੀਸੀ ਦਫ਼ਤਰ ਨੇੜੇ ਫੇਜ਼-1 ਦੀ ਮਾਰਕੀਟ ਵਿੱਚ ਏਟੀਐਮ ’ਚੋਂ ਪੈਸੇ ਕਢਵਾਉਣ ਗਿਆ ਸੀ ਬਜ਼ੁਰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਇੱਥੋਂ ਦੇ ਫੇਜ਼-1 ਸਥਿਤ ਪੁਰਾਣੇ ਡੀਸੀ ਦਫ਼ਤਰ ਨੇੜਲੀ ਮਾਰਕੀਟ ਵਿੱਚ ਬੀਤੇ ਦਿਨੀਂ ਦੋ ਨੌਜਵਾਨਾਂ ਵੱਲੋਂ ਫਿਲਮੀ ਅੰਦਾਜ਼ ਵਿੱਚ ਇੱਕ ਬਜ਼ੁਰਗ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬਜ਼ੁਰਗ ਜੁਗਲ ਕਿਸੋਰ ਅਗਰਵਾਲ ਵਾਸੀ ਸੰਨ੍ਹੀ ਇਨਕਲੇਵ ਅੱਜ ਸਟੇਟ ਬੈਂਕ ਆਫ਼ ਇੰਡੀਆ ਦੇ ਫੇਜ਼-1 ਸਥਿਤ ਏਟੀਐਮ ’ਚੋਂ ਪੈਸੇ ਕਢਵਾਉਣ ਆਇਆ ਸੀ। ਪੀੜਤ ਵੱਲੋਂ ਦੇਰ ਸ਼ਾਮੀ ਕਰੀਬ ਸਾਢੇ 6 ਵਜੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਪੁਲੀਸ ਹਰਕਤ ਵਿੱਚ ਆਈ ਅਤੇ ਪੀੜਤ ਨੂੰ ਲੈ ਕੇ ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਮਾਰਕੀਟ ਦੇ ਦੁਕਾਨਦਾਰਾਂ ਅਤੇ ਏਟੀਐਮ ਦੇ ਗਾਰਡ ਤੋਂ ਪੁੱਛ-ਗਿੱਛ ਕੀਤੀ। ਪਿਛਲੇ 10 ਦਿਨਾਂ ਵਿੱਚ ਲੁੱਟ-ਖੋਹ ਦੀ ਇਹ ਦੂਜੀ ਘਟਨਾ ਹੈ। ਬੀਤੀ 9 ਫਰਵਰੀ ਨੂੰ ਵੀ ਇਸੇ ਖੇਤਰ ਵਿੱਚ ਬੈਂਕ ਦੇ ਬਾਹਰ ਖੜੇ ਇੱਕ ਦੁਕਾਨਦਾਰ ਦੇ ਨੌਕਰ ਅਰਜਨ ਕੁਮਾਰ ਤੋਂ ਦਿਨ ਦਿਹਾੜੇ 50 ਹਜ਼ਾਰ ਰੁਪਏ ਲੁੱਟੇ ਗਏ ਸੀ ਪ੍ਰੰਤੂ ਪੁਲੀਸ ਨੇ 24 ਘੰਟਿਆਂ ਦੇ ਅੰਦਰ ਅੰਦਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੀੜਤ ਬਜ਼ੁਰਗ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਅੱਜ ਫੇਜ਼-1 ਦੀ ਮਾਰਕੀਟ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ’ਚੋਂ ਪੈਸੇ ਕਢਵਾਉਣ ਲਈ ਆਇਆ ਸੀ। ਉਸ ਨੇ ਦੋ ਤਿੰਨ ਵਾਰ ਏਟੀਐਮ ਮਸ਼ੀਨ ਵਿੱਚ ਆਪਣੇ ਕਾਰਡ ਰਾਹੀਂ ਲੋੜ ਅਨੁਸਾਰ ਪੈਸੇ ਕਢਵਾਉਣ ਦਾ ਯਤਨ ਕੀਤਾ ਗਿਆ ਲੇਕਿਨ ਉਸ ਕੋਲੋਂ ਪੈਸੇ ਨਹੀਂ ਨਿਕਲ ਸਕੇ। ਇਸ ਦੌਰਾਨ ਉਥੇ ਖੜੇ ਦੋ ਨੌਜਵਾਨਾਂ ਨੇ ਬਜ਼ੁਰਗ ਦੀ ਮਦਦ ਕਰਨ ਦੀ ਆੜ ਵਿੱਚ ਉਸ ਕੋਲੋਂ ਏਟੀਐਮ ਕਾਰਡ ਲੈ ਲਿਆ ਅਤੇ ਬਜ਼ੁਰਗ ਨੂੰ ਪੈਸੇ ਕੱਢਣ ਦਾ ਢੰਗ ਤਰੀਕਾ ਦੱਸਣ ਲੱਗ ਪਏ। ਨੌਜਵਾਨਾਂ ਨੇ ਪਹਿਲਾਂ ਏਟੀਐਮ ਮਸ਼ੀਨ ਵਿੱਚ ਕਾਰਡ ਪਾਇਆ ਅਤੇ ਨੌਜਵਾਨਾਂ ਦੇ ਪੁੱਛਣ ’ਤੇ ਬਜ਼ੁਰਗ ਨੇ ਆਪਣਾ ਗੁਪਤ ਪਾਸਵਰਡ ਵੀ ਦੱਸ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਨੇ ਪੀੜਤ ਬਜ਼ੁਰਗ ਨੂੰ ਅੰਕਲ ਅੰਕਲ ਕਹਿ ਕੇ ਆਪਣੀਆਂ ਗੱਲਾਂ ਵਿੱਚ ਲਗਾ ਕੇ ਜਦੋਂ ਕਿ ਦੂਜੇ ਨੌਜਵਾਨ ਨੇ ਫਿਲਮੀ ਅੰਦਾਜ਼ ਵਿੱਚ ਏਟੀਐਮ ’ਚੋਂ ਬਜ਼ੁਰਗ ਦੇ ਖਾਤੇ ’ਚੋਂ 10 ਹਜ਼ਾਰ ਰੁਪਏ ਕਢਵਾ ਕੇ ਰਫੂ ਚੱਕਰ ਹੋ ਗਏ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਫੇਜ਼-1 ਥਾਣੇ ਦੇ ਐਸਐਚਓ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ ਹੋਏ ਪੀੜਤ ਬਜ਼ੁਰਗ ਵੱਲੋਂ ਅੱਜ ਦੇਰ ਸ਼ਾਮੀ ਕਰੀਬ ਸਾਢੇ 6 ਵਜੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਕਰਮਚਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਏਟੀਐਮ ਦੇ ਨੇੜਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਕੋਲੋਂ ਪੁੱਛ-ਗਿੱਛ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਬਜ਼ੁਰਗ ਦੇ ਖਾਤੇ ’ਚੋਂ 10 ਹਜ਼ਾਰ ਰੁਪਏ ਕਢਵਾਉਣ ਤੋਂ ਪਹਿਲਾਂ ਆਪਣੇ ਏਟੀਐਮ ਰਾਹੀਂ 20 ਹਜ਼ਾਰ ਰੁਪਏ ਵੀ ਕਢਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਬੈਂਕ ਖੁੱਲ੍ਹਣ ’ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਨੂੰ ਜਾਗਰੂਕ ਕਰਕੇ ਥੱਕ ਚੁੱਕੀ ਹੈ ਕਿ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਏਟੀਐਮ ਦਾ ਗੁਪਤ ਪਾਸਵਰਡ ਨਾ ਦੱਸਿਆ ਜਾਵੇ ਪਰ ਲੋਕ ਪਤਾ ਨਹੀਂ ਕਿਉਂ ਅਣਜਾਣ ਬੰਦਿਆਂ ’ਤੇ ਭਰੋਸਾ ਕਰ ਲੈਂਦੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …