ਘਰ ਦੇ ਬਾਹਰੋਂ ਅੌਰਤ ਕੋਲੋਂ ਆਫਿਸ ਬੈਗ ਖੋਹ ਕੇ ਲੁਟੇਰੇ ਫ਼ਰਾਰ
ਨਬਜ਼-ਏ-ਪੰਜਾਬ, ਮੁਹਾਲੀ, 6 ਫਰਵਰੀ:
ਇੱਥੋਂ ਦੇ ਫੇਜ਼-10 ਵਿੱਚ ਦੋ ਅਣਪਛਾਤੇ ਵਿਅਕਤੀ ਘਰ ਦੇ ਬਾਹਰੋਂ ਇੱਕ ਅੌਰਤ ਉਸ ਦੇ ਹੱਥ ਵਿੱਚ ਫੜਿਆ ਆਫਿਸ ਬੈਗ ਲੈ ਕੇ ਫ਼ਰਾਰ ਹੋ ਗਏ। ਜਿਸ ਵਿੱਚ ਸੋਨੇ ਦੇ ਗਹਿਣੇ, ਨਗਦੀ, ਨੋਟਰੀ ਰਜਿਸਟਰ, ਨੋਟਰੀ ਸਟੈਂਪ, ਇੱਕ ਮੋਬਾਈਲ ਸੀ। ਇਸ ਸਬੰਧੀ ਪੀੜਤ ਅੌਰਤ ਚਰਨਜੀਤ ਕੌਰ ਪਤਨੀ ਸੰਜੀਵਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਐਡਵੋਕੇਟ (ਨੋਟਰੀ ਪਬਲਿਕ) ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਵਾ ਪੰਜ ਵਜੇ ਉਹ ਪਿਛਲੇ ਗੇਟ ਤੋਂ ਆਪਣੇ ਘਰ ਵਿੱਚ ਦਾਖ਼ਲ ਹੋਣ ਹੀ ਲੱਗੇ ਸੀ ਕਿ ਐਨੇ ਵਿੱਚ ਮੋਟਰ ਸਾਈਕਲ ’ਤੇ ਸਵਾਰ ਦੋ ਨੌਜਵਾਨ ਉਸ ਦੇ ਹੱਥ ਵਿੱਚ ਫੜਿਆ ਦਫ਼ਤਰ ਵਾਲਾ ਕਾਲੇ ਰੰਗ ਦਾ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਬੈਗ ਵਿੱਚ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਆਰਐਫ਼ਆਈਡੀਆਈਡੀ ਕਾਰਡ, ਨੋਟਰੀ ਸਟੈਂਪਸ, ਡਰਾਈਵਿੰਗ ਲਾਇਸੈਂਸ, ਨੋਟਰੀ ਰਜਿਸਟਰ, 10 ਹਜ਼ਾਰ ਰੁਪਏ ਦੀ ਨਗਦੀ, ਇੱਕ ਸੋਨੇ ਦੀ ਚੇਨ, ਲਾਕੇਟ ਅਤੇ ਸੋਨੇ ਦੀਆਂ ਵਾਲੀਆਂ (ਲਗਪਗ 2 ਤੋਲੇ), ਗਲੈਕਸੀ ਏ-34 5ਜੀ ਮੋਬਾਈਲ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫੇਜ਼-11 ਥਾਣੇ ਵਿੱਚ ਸੂਚਨਾ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ। ਫੇਜ਼-11 ਥਾਣਾ ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਅੌਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।