Nabaz-e-punjab.com

ਮੁਹਾਲੀ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟੀ

ਚਾਰ ਨਕਾਬਪੋਸ਼ ਨੌਜਵਾਨਾਂ ਨੇ ਰਿਵਾਲਵਰ ਦੀ ਨੋਕ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਇੱਥੋਂ ਦੇ ਫੇਜ਼-10 ਵਿੱਚ ਅੱਜ ਚਾਰ ਨਕਾਬਪੋਸ਼ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਇਕ ਜਵੈਲਰ ਦੀ ਦੁਕਾਨ ਤੇ ਦਾਖ਼ਲ ਹੋ ਕੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਦੁਕਾਨਦਾਰ ਤੋਂ ਰਿਵਾਲਵਰ ਦੀ ਨੋਕ ਤੇ ਕਰੀਬ 30 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਢਾਈ ਤੋਂ ਤਿੰਨ ਲੱਖ ਰੁਪਏ ਨਗਦੀ ਲੁੱਟ ਲਈ ਗਈ। ਵਾਰਦਾਤ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਸ਼ਹਿਰ ਦੇ ਵਿਅਸਤ ਇਲਾਕੇ ਵਿੱਚ ਦਿਨ ਦਿਹਾੜੇ ਅੰਜਾਮ ਦਿੱਤੀ ਗਈ ਡਕੈਤੀ ਦੀ ਵਾਰਦਾਤ ਕਾਰਨ ਜਿੱਥੇ ਦੁਕਾਨਦਾਰ ਦਹਿਸ਼ਤ ਵਿੱਚ ਆ ਗਏ ਹਨ ਉੱਥੇ ਸ਼ਹਿਰ ਦੀ ਕਾਨੂੰਨ ਵਿਵਥਾ ਦੀ ਹਾਲਤ ਤੇ ਵੀ ਸਵਾਲ ਉਠ ਰਹੇ ਹਨ।
ਜਾਣਕਾਰੀ ਅਨੁਸਾਰ ਸਥਾਨਕ ਫੇਜ਼ 10 ਸਥਿਤ ਇੰਡੀਅਨ ਜਵੈਲਰ ਨਾਮ ਦੀ ਦੁਕਾਨ ਵਿੱਚ ਅੱਜ ਸਵੇਰੇ 11.30 ਵਜੇ ਦੇ ਕਰੀਬ ਦਾਖ਼ਲ ਹੋਏ ਚਾਰ ਨਕਾਬਪੋਸ਼ਾਂ (ਜਿਹਨਾਂ ਵਿਚੋੱ ਤਿੰਨ ਨੇ ਆਪਣੇ ਮੂੰਹ ਉਪਰ ਮੰਕੀ ਕੈਪ ਲਈ ਹੋਈ ਸੀ ਅਤੇ ਅਤੇ ਇਕ ਨੇ ਮਫਲਰ ਲਪੇਟਿਆ ਹੋਇਆ ਸੀ) ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਰਾਜੇਸ਼ ਕੁਮਾਰ ਚੌਹਾਨ ਅਤੇ ਉਸਦੇ ਬੇਟੇ ਅਭੈ ਚੌਹਾਨ ਨੇ ਸਵੇਰ 11 ਵਜੇ ਦੇ ਕਰੀਬ ਦੁਕਾਨ ਖੋਲ੍ਹੀ ਸੀ ਅਤੇ ਧੂਪ ਬੱਤੀ ਕਰਕੇ ਹਟੇ ਹੀ ਸਨ ਕਿ ਇੱਕ ਵਿਅਕਤੀ ਜਿਸ ਨੇ ਮੂੰਹ ’ਤੇ ਮਫ਼ਲਰ ਲਪੇਟਿਆ ਹੋਇਆ ਸੀ, ਅੰਦਰ ਦਾਖਿਲ ਹੋਇਆ ਅਤੇ ਉਹਨਾਂ ਨੇ ਸਮਝਿਆ ਕਿ ਕੋਈ ਗ੍ਰਾਹਕ ਹੈ। ਇਸੇ ਦੌਰਾਨ ਤਿੰਨ ਹੋਰ ਵਿਅਕਤੀ ਜਿਹਨਾਂ ਨੇ ਮੌਂਕੀ ਕੈਪ ਨਾਲ ਮੂੰਹ ਢੱਕੇ ਹੋਏ ਸੀ ਇਕਦਮ ਦੁਕਾਨ ਦੇ ਅੰਦਰ ਆ ਗਏ ਅਤੇ ਰਿਵਾਲਵਰ ਕੱਢ ਕੇ ਦੁਕਾਨਦਾਰ ਨੂੰ ਬੰਧਕ ਬਣਾ ਲਿਆ। ਇਹਨਾਂ ਵਿਅਕਤੀਆਂ ਨੇ ਦੁਕਾਨ ਮਾਲਕ ਰਾਜੇਸ਼ ਕੁਮਾਰ ਨੂੰ ਪੌੜੀਆਂ ਨੇੜੇ ਬੰਨ ਦਿੱਤਾ ਅਤੇ ਉਸਦੇ ਪੁੱਤਰ ਅਭੈ ਚੌਹਾਨ ਨੂੰ ਬੇਸਮੈਂਟ ਵਿੱਚ ਬੰਨ ਦਿੱਤਾ। ਇਸ ਤੋੱ ਬਾਅਦ ਇਹਨਾਂ ਨਕਾਬਪੋਸ਼ਾਂ ਨੇ ਅਭੈ ਚੌਹਾਨ ਦੀ ਕਨਪਟੀ ਉਪਰ ਰਿਵਾਲਵਰ ਰੱਖ ਕੇ ਉਸ ਤੋਂ ਅਲਮਾਰੀ ਦੀ ਚਾਬੀ ਲੈ ਲਈ ਅਤੇ ਤੁਰਤ ਫੁਰਤ ਵਿੱਚ ਅਲਮਾਰੀ ਅਤੇ ਦੁਕਾਨ ਵਿੱਚ ਪਏ ਕਰੀਬ 30 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਢਾਈ ਤੋੱ ਤਿੰਨ ਲੱਖ ਦੇ ਕਰੀਬ ਨਗਦ ਰਕਮ ਲੈ ਕੇ ਫਰਾਰ ਹੋ ਗਏ।
ਫਰਾਰ ਹੋਣ ਵੇਲੇ ਇਹ ਨਕਾਬਪੋਸ਼ ਆਪਣੇ ਨਾਲ ਦੁਕਾਨ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਡੀਵੀਆਰ ਅਤੇ ਦੋਵਾਂ ਪਿਓ ਪੁੱਤਰਾਂ ਦੇ ਮੋਬਾਈਲ ਵੀ ਲੈ ਗਏ। ਨਕਾਬਪੋਸ਼ਾਂ ਦੇ ਬਾਹਰ ਨਿਕਲਣ ਤੇ ਅਭੈ ਚੌਹਾਨ ਨੇ ਜੋਰ ਲਗਾ ਕੇ ਖੁਦ ਨੂੰ ਬੰਧਨ ਮੁਕਤ ਕੀਤਾ ਅਤੇ ਤੁਰੰਤ ਆਪਣੇ ਪਿਤਾ ਨੂੰ ਖੋਲ੍ਹਿਆ। ਇਸ ਉਪਰੰਤ ਦੋਵਾਂ ਪਿਓ ਪੁੱਤਰਾਂ ਨੇ ਬਾਹਰ ਨਿਕਲ ਕੇ ਡਕੈਤਾਂ ਦਾ ਪਿਛਾ ਕਰਨ ਦਾ ਯਤਨ ਕੀਤਾ ਪਰੰਤੂ ਉਹ ਸਾਰੇ ਇੱਕ ਚਿੱਟੇ ਰੰਗ ਦੀ ਬਲੈਨੋ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਜਿਸ ਸਮੇਂ ਇਹ ਵਾਰਦਾਤ ਹੋਈ, ਉਸ ਸਮੇਂ ਆਸੇ ਪਾਸ ਦੀਆਂ ਦੁਕਾਨਾਂ ਬੰਦ ਸਨ। ਵਾਰਦਾਤ ਤੋਂ ਬਾਅਦ ਦੁਕਾਨ ਮਾਲਕ ਰਾਜੇਸ਼ ਕੁਮਾਰ ਨੇ ਗੁਆਂਢੀਆਂ ਦੇ ਫੋਨ ਤੋਂ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਡਕੈਤੀ ਦੀ ਖਬਰ ਮਿਲਣ ਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਵਾਰਦਾਤ ਬਾਰੇ ਜਾਣਕਾਰੀ ਹਾਸਿਲ ਕੀਤੀ।
ਮੌਕੇ ਤੇ ਪਹੁੰਚੇ ਜਿਊਲਰਜ਼ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਕੰਮ ਕਰਦੇ ਜਿਊਲਰਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਸ਼ਹਿਰ ਵਿੱਚ ਜਿੱਥੇ ਜਿੱਥੇ ਜਿਊਲਰਜ਼ ਦੀਆਂ ਦੁਕਾਨਾਂ ਹਨ, ਉੱਥੇ ਸੁਰੱਖਿਆ ਵਧਾਈ ਜਾਣੀ ਚਾਹੀਦੀ ਹੈ। ਇਸ ਮੌਕੇ ਐਸਐਸਪੀ ਨੇ ਸ੍ਰੀ ਪਾਰਸ ਨੂੰ ਭਰੋਸਾ ਦਿੱਤਾ ਕਿ ਪੁਲੀਸ ਵਲੋੱ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਵਾਰਦਾਤ ਲਈ ਜਿੰਮੇਵਾਰ ਲੁਟੇਰੇ ਕਾਨੂੰਨ ਦੀ ਗ੍ਰਿਫਤ ਵਿੱਚ ਹੋਣਗੇ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਪਾਰਸ ਨੇ ਕਿਹਾ ਕਿ ਡਕੈਤੀ ਦਾ ਸ਼ਿਕਾਰ ਹੋਇਆ ਪਰਿਵਾਰ ਅਜੇ ਮਸਾਂ ਰੋਟੀ ਖਾਣ ਜੋਗਾ ਹੋਇਆ ਸੀ ਕਿ ਇਸ ਡਕੈਤੀ ਨੇ ਇਸ ਪਰਿਵਾਰ ਨੂੰ ਕੱਖੋਂ ਹੋਲਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਭਲਕੇ 31 ਦਸੰਬਰ ਨੂੰ ਮੁਹਾਲੀ, ਚੰਡੀਗੜ੍ਹ, ਮਨੀਮਾਜਰਾ, ਪੰਚਕੂਲਾ ਦੇ ਜਿਊਲਰਾਂ ਵੱਲੋਂ ਮੀਟਿੰਗ ਕੀਤੀ ਜਾਵੇਗੀ ਅਤੇ ਮੀਟਿੰਗ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਮਿਲ ਕੇ ਜਵੈਲਰਾਂ ਦੀ ਸੁਰਖਿਆ ਯਕੀਣੀ ਬਣਾਉਣ ਦੀ ਮੰਗ ਕੀਤੀ ਜਾਵੇਗੀ। ਮੌਕੇ ਤੇ ਪਹੁੰਚੇ ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ਹਿਰ ਵਿੱਚ ਦਿਨ ਦਿਹਾੜੇ ਹੋਈ ਇਸ ਡਕੈਤੀ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਹੈ ਅਤੇ ਦੁਕਾਨਦਾਰਾਂ ਦੇ ਨਾਲ ਨਾਲ ਲੋਕ ਆਪਣੇ ਘਰਾਂ ਅੰਦਰ ਵੀ ਸੁਰੱਖਿਅਤ ਨਹੀਂ ਹਨ।
ਉਧਰ, ਮੁਹਾਲੀ ਦੇ ਡੀਐਸਪੀ ਰਮਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਸਬੰਧੀ ਆਈਪੀਸੀ ਦੀ ਧਾਰਾ 392 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਇਸ ਵਾਰਦਾਤ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਖੇਤਰ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੇ ਨਾਲ ਨਾਲ ਸ਼ੱਕੀ ਵਿਅਕਤੀਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਅਤੇ ਛੇੇਤੀ ਇਸ ਵਾਰਦਾਤ ਲਈ ਜਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…