nabaz-e-punjab.com

ਐਨਆਰਆਈ ਦੀ ਕਾਰ ’ਚ ਆਏ ਸੀ ਗੰਨ ਪੁਆਇੰਟ ’ਤੇ ਮੋਟਰ ਸਾਈਕਲ ਖੋਹ ਕੇ ਭੱਜਣ ਵਾਲੇ ਲੁਟੇਰੇ

ਮੁਹਾਲੀ ਪੁਲੀਸ ਨੇ ਡਲਿਵਰੀ ਬੁਆਏ ਤੋਂ ਖੋਹਿਆ ਮੋਟਰ ਸਾਈਕਲ ਬੁੜੈਲ ਜੇਲ੍ਹ ਨੇੜਿਓਂ ਕੀਤਾ ਬਰਾਮਦ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਇੱਥੋਂ ਦੇ ਫੇਜ਼-10 ਸਥਿਤ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸੋਮਵਾਰ ਦੇਰ ਸ਼ਾਮ ਗੰਨ ਪੁਆਇੰਟ ’ਤੇ ਡਲਿਵਰੀ ਬੁਆਏ ਦਾ ਮੋਟਰ ਸਾਈਕਲ ਖੋਹਣ ਅਤੇ ਪੀਸੀਆਰ ਦੇ ਮੁਲਾਜ਼ਮ ’ਤੇ ਪਿਸਤੌਲ ਤਾਣ ਕੇ ਡਰਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੇਜ਼-11 ਥਾਣਾ ਦੇ ਅੇਸਐਚਓ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਮਾਰਕੀਟ ਅਤੇ ਸੜਕਾਂ ਕਿਨਾਰੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਬਨੈਲੋ ਕਾਰ ਵਿੱਚ ਮੁਲਜ਼ਮ ਸਵਾਰ ਹੋ ਕੇ ਆਏ ਸੀ, ਉਹ ਬੰਗਾ (ਨਵਾਂ ਸ਼ਹਿਰ) ਦੇ ਸੱਜਣ ਸਿੰਘ ਨਾਂ ਦੇ ਐਨਆਰਆਈ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਹੈ। ਪੁਲੀਸ ਅਨੁਸਾਰ ਇਹ ਕਾਰ ਅੱਗੇ ਤਿੰਨ ਥਾਵਾਂ ’ਤੇ ਵਿਕ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਾਰ ਦੇ ਅਸਲ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸ਼ਾਮ ਵੇਲੇ ਏਐਸਆਈ ਸੁਰਿੰਦਰ ਸਿੰਘ ਅਤੇ ਸਿਪਾਹੀ ਗੁਰਦਰਸ਼ਨ ਸਿੰਘ ਫੇਜ਼-10 ਵਿੱਚ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਇਕ ਬਨੈਲੋ ਕਾਰ ਵਿੱਚ ਸਵਾਰ ਦੋ ਨੌਜਵਾਨ ਸਟੇਡੀਅਮ ਵਾਲੇ ਪਾਸਿਓਂ ਆ ਰਹੇ ਸੀ। ਪੁਲੀਸ ਨੇ ਬਨੈਲੋ ਕਾਰ ਨੂੰ ਰੋਕ ’ਤੇ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਵਿੱਚ ਸਵਾਰ ਨੌਜਵਾਨ ਪੁਲੀਸ ਕਰਮੀਆਂ ਨਾਲ ਖਹਿਬੜ ਲੱਗ ਪਏ ਅਤੇ ਉਹ ਪੁਲੀਸ ਮੁਲਾਜ਼ਮ ਨੂੰ ਫੇਟ ਮਾਰ ਕੇ ਉੱਥੋਂ ਆਪਣੀ ਕਾਰ ਭਜਾ ਕੇ ਲੈ ਗਏ ਅਤੇ ਸਿਲਵੀ ਪਾਰਕ ਦੇ ਸਾਹਮਣੇ ਗੁਰੂ ਨਾਨਕ ਸਵੀਟਸ ਨੇੜੇ ਆ ਕੇ ਰੁਕ ਗਏ। ਏਨੇ ਵਿੱਚ ਕਾਰ ਦਾ ਪਿੱਛਾ ਕਰਦੇ ਹੋਏ ਪੁਲੀਸ ਕਰਮਚਾਰੀ ਵੀ ਉੱਥੇ ਪਹੁੰਚ ਗਏ ਅਤੇ ਕਾਰ ਦੇ ਸੀਸੇ ’ਤੇ ਹੱਥ ਮਾਰ ਕੇ ਨੌਜਵਾਨਾਂ ਨੂੰ ਬਾਹਰ ਆਉਣ ਲਈ ਕਿਹਾ।
ਜਿਵੇਂ ਕਾਰ ਸਵਾਰ ਨੇ ਪੁਲੀਸ ਕਰਮੀ ਵੱਲ ਪਿਸਤੌਲ ਤਾਣੀ ਤਾਂ ਉਹ ਤੁਰੰਤ ਪਿੱਛੇ ਹਟ ਗਏ ਅਤੇ ਨੌਜਵਾਨ ਕਾਰ ਉੱਥੇ ਹੀ ਛੱਡ ਕੇ ਪੈਦਲ ਭੱਜ ਲਏ ਅਤੇ ਨੇੜੇ ਹੀ ਸਵੀਟੀ ਡਲਿਵਰੀ ਬੁਆਏ ਤੋਂ ਗੰਨ ਪੁਆਇੰਟ ’ਤੇ ਉਸ ਦਾ ਮੋਟਰ ਸਾਈਕਲ ਖੋਹ ਲਿਆ। ਹਾਲਾਂਕਿ ਪੀਸੀਆਰ ਜਵਾਨ ਪਿੱਛਾ ਕਰਦੇ ਹੋਏ ਉੱਥੇ ਪਹੁੰਚ ਗਏ ਸੀ ਲੇਕਿਨ ਇਕ ਮੁਲਜ਼ਮ ਨੇ ਫਿਰ ਪੁਲੀਸ ਮੁਲਾਜ਼ਮਾਂ ਵੱਲ ਪਿਸਤੌਲ ਤਾਣ ਲਈ ਅਤੇ ਉੱਥੋਂ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਡਲਿਵਰੀ ਬੁਆਏ ਤੋਂ ਖੋਹਿਆ ਮੋਟਰ ਸਾਈਕਲ ਬੁੜੈਲ ਜੇਲ੍ਹ ਨੇੜਿਓਂ ਬਰਾਮਦ ਕਰ ਲਿਆ ਹੈ। ਪੁਲੀਸ ਨੇ ਮਾਰਕੀਟ ’ਚੋਂ ਮੁਲਜ਼ਮ ਨੌਜਵਾਨਾਂ ਦੀ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …