ਲੁੱਟਾਂ-ਖੋਹਾਂ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਨੇ 9 ਵਿਅਕਤੀਆਂ ਨੂੰ ਬਣਾਇਆ ਨਿਸ਼ਾਨਾ, ਮੋਬਾਈਲ ਤੇ ਨਗਦੀ ਲੁੱਟੀ

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਿੰਦਰ ਸਿੰਘ ਉਰਫ਼ ਮੋਨੂੰ, ਸੰਦੀਪ ਸਿੰਘ ਅਤੇ ਸੰਨੀ ਸਚਦੇਵਾ ਸਾਰੇ ਵਾਸੀਅਨ ਜ਼ੀਰਕਪੁਰ ਵਜੋਂ ਹੋਈ ਹੈ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਸਪਲੈਂਡਰ ਮੋਟਰ ਸਾਈਕਲ, ਮੋਬਾਈਲ ਫੋਨ ਅਤੇ ਲੋਹੇ ਦਾ ਦਾਤ ਬਰਾਮਦ ਕੀਤਾ ਗਿਆ ਹੈ। ਪੁਲੀਸ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਏਅਰਪੋਰਟ ਸੜਕ ਅਤੇ ਜ਼ੀਰਕਪੁਰ-ਪਟਿਆਲਾ ਹਾਈਵੇਅ ’ਤੇ ਛੱਤ ਲਾਈਟਾਂ ਨੇੜੇ ਇੱਕ ਲੁਟੇਰਾ ਗਰੋਹ ਵੱਲੋਂ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪੁਲੀਸ ਨੇ ਤੁਰੰਤ ਅਤੇ ਪ੍ਰਭਾਵੀ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਐਰੋਸਿਟੀ ਦੇ ਵਸਨੀਕ ਅਰਪਿਤ ਕੌਡ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਰਾਜਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਜ਼ੀਰਕਪੁਰ ਥਾਣੇ ਵਿੱਚ ਸਨੈਚਿੰਗ ਅਤੇ ਸ਼ਿਮਲਾ ਥਾਣੇ ਵਿੱਚ ਨਸ਼ਾ ਤਸਕਰੀ ਦਾ ਪਰਚਾ ਦਰਜ ਹੈ। ਮੁਲਜ਼ਮ ਸੰਦੀਪ ਸਿੰਘ ਖ਼ਿਲਾਫ਼ ਪਹਿਲਾਂ ਸਨੈਚਿੰਗ ਅਤੇ ਲੁੱਟ-ਖੋਹ ਦੇ ਦੋ ਕੇਸ ਦਰਜ ਹਨ। ਸੰਨੀ ਸਚਦੇਵਾ ਖ਼ਿਲਾਫ਼ ਵੀ ਪਹਿਲਾਂ ਇੱਕ ਜਬਰ ਜਨਾਹ ਅਤੇ ਦੂਜਾ ਨਸ਼ਾ ਤਸਕਰੀ ਦਾ ਪਰਚਾ ਦਰਜ ਹੈ। ਮੁਲਜ਼ਮ ਲੁੱਟ-ਖੋਹ ਕੀਤੇ ਮੋਬਾਈਲ ਫੋਨਾਂ ਰਾਹੀਂ ਵੱਖ-ਵੱਖ ਖਾਤਿਆਂ ਵਿੱਚ ਪੀੜਤ ਵਿਅਕਤੀਆਂ ਤੋਂ ਜਬਰੀ ਪਾਸਵਰਡ ਹਾਸਲ ਕਰਕੇ ਗੂਗਲ ਪੇਅ ਰਾਹੀਂ ਪੈਸੇ ਬਟੋਰਦੇ ਸਨ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਬੀਤੀ 4 ਅਕਤੂਬਰ ਨੂੰ ਉਹ ਆਪਣੀ ਕਾਰ ਟਾਟਾ ਪੰਚ ’ਤੇ ਸਵਾਰ ਹੋ ਕੇ ਮੈਕਡੀ ਐਰੋਸਿਟੀ ਤੋਂ ਆਪਣੇ ਘਰ ਵੱਲ ਆ ਰਿਹਾ ਸੀ, ਜਦੋਂ ਉਹ ਪਿੰਡ ਅੱਡਾ ਝੁੰਗੀਆਂ ਨੇੜੇ ਪੁੱਜਾ ਤਾਂ ਉਸ ਨੂੰ ਅਚਨਚੇਤ ਫੋਨ ਕਾਲ ਆ ਗਈ ਅਤੇ ਉਹ ਗੱਡੀ ਸਾਈਡ ’ਤੇ ਖੜੀ ਕਰਕੇ ਫੋਨ ਸੁਣਨ ਲੱਗ ਪਿਆ। ਐਨੇ ਵਿੱਚ ਕਰੀਬ ਸਵਾ 11 ਵਜੇ ਇੱਕ ਸਪਲੈਂਡਰ ਮੋਟਰਸਾਈਕਲ ’ਤੇ ਤਿੰਨ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਇੱਕ-ਦਮ ਉਸਦੀ ਕਾਰ ਦੀ ਤਾਕੀ ਖੁੱਲ੍ਹਵਾ ਕੇ ਚਾਬੀ ਕੱਢ ਲਈ ਅਤੇ ਇੱਕ ਨੌਜਵਾਨ ਨੇ ਆਪਣੇ ਹੱਥ ਵਿੱਚ ਫੜਿਆ ਦਾਤ ਉਸ ਦੀ ਸੱਜੀ ਬਾਂਹ ’ਤੇ ਰੱਖ ਦਿੱਤਾ ਅਤੇ ਉਸਦਾ ਮੋਬਾਈਲ ਰੈੱਡ-ਮੀ ਨੋਟ-13 ਖੋਹ ਲਿਆ ਅਤੇ ਉਸ ਨੂੰ ਡਰਾ ਕੇ ਮੋਬਾਈਲ ਵਿੱਚ ਗੂਗਲ ਪੇਅ ਦਾ ਪਾਸਵਰਡ ਲੈ ਲਿਆ। ਅਗਲੇ ਦਿਨ ਪਤਾ ਲੱਗਾ ਕਿ ਉਸਦੇ ਖਾਤੇ ’ਚੋਂ 29 ਹਜ਼ਾਰ ਟਰਾਂਸਫਰ ਕਰਵਾ ਲਏ ਅਤੇ ਉਸਦਾ ਮੋਬਾਈਲ ਫੋਨ, ਕਰੈਡਿਟ ਕਾਰਡ ਅਤੇ 1 ਹਜ਼ਾਰ ਰੁਪਏ ਨਗਦ ਵੀ ਖੋਹ ਲਈ।
ਜਮੈਟੋ ਫੂਡ ਡਲਿਵਰੀ ਬੁਆਏ ਸੁਰਜੀਤ ਸਿੰਘ ਵਾਸੀ ਪਿੰਡ ਬਾਗੀਆਂ ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਸੈਕਟਰ-119 ਵੀ ਮੁਲਜ਼ਮਾਂ ਦੀ ਲੁੱਟ ਦਾ ਸ਼ਿਕਾਰ ਹੋਇਆ ਹੈ। ਇਸ ਸਬੰਧੀ ਵੱਖਰਾ ਕੇਸ ਦਰਜ ਹੈ। ਪੀੜਤ ਨੇ ਦੱਸਿਆ ਕਿ ਉਹ ਬੀਤੀ 8 ਅਕਤੂਬਰ ਨੂੰ ਪਿੰਡ ਛੱਤ ਵਿੱਚ ਫੂਡ ਡਲਿਵਰੀ ਕਰਕੇ ਸਿੰਘਪੁਰਾ ਸੜਕ, ਜ਼ੀਰਕਪੁਰ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਰਾਮਗੜ੍ਹ ਭੁੱਡਾ ਨੇੜੇ ਪੁੱਜਾ ਤਾਂ ਉਸ ਨੂੰ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ। ਇੱਕ ਵਿਅਕਤੀ ਨੇ ਤੇਜਧਾਰ ਹਥਿਆਰ ਉਸਦੀ ਗਰਦਨ ’ਤੇ ਰੱਖ ਕੇ ਉਸਦਾ ਪਰਸ ਅਤੇ ਡਲਿਵਰੀ ਦੇ 5 ਹਜ਼ਾਰ ਰੁਪਏ, ਮੋਬਾਈਲ ਫੋਨ ਮਾਰਕਾ ਰੈੱਡ ਮੀ-12 ਖੋਹ ਕਰ ਲਿਆ।
ਸੰਦੀਪ ਕੁਮਾਰ ਵਾਸੀ ਪਿੰਡ ਬਗਵਾੜੀ ਕਲਾਂ, ਜ਼ਿਲ੍ਹਾ ਕੋਟਪੁਤਲੀ ਰਾਜਸਥਾਨ ਨੂੰ ਵੀ ਲੁੱਟਿਆਂ ਗਿਆ। ਉਹ ਬੀਤੀ 7 ਅਕਤੂਬਰ ਦੀ ਰਾਤ ਨੂੰ ਆਪਣੇ ਟਰੱਕ ’ਤੇ ਰਾਜਸਥਾਨ ਤੋਂ ਸੀਮਿੰਟ ਲੋਡ ਕਰਕੇ ਜ਼ੀਰਕਪੁਰ ਆਇਆ ਸੀ। ਜਦੋਂ ਉਹ ਗੱਡੀ ਖਾਲੀ ਕਰਕੇ ਪਟਿਆਲਾ ਰੋਡ ਜ਼ੀਰਕਪੁਰ ਖੜ੍ਹਾ ਸੀ। ਕਰੀਬ ਅੱਧੀ ਰਾਤ ਦੋ ਨੌਜਵਾਨ ਐਕਟਿਵਾ ’ਤੇ ਆਏ ਅਤੇ ਉਸਦੀ ਗੱਡੀ ਅੱਗੇ ਚੜ੍ਹ ਗਏ। ਜਿਨ੍ਹਾਂ ਨੇ ਉਸ ਨੂੰ ਚਾਕੂ ਦਿਖਾਕੇ 4 ਹਜ਼ਾਰ ਰੁਪਏ ਨਗਦ ਅਤੇ ਮੋਬਾਈਲ ਫੋਨ ਦਾ ਗੂਗਲ ਪੇਅ ਪਾਸਵਰਡ ਲੈ ਕੇ 18 ਹਜ਼ਾਰ ਰੁਪਏ ਕਢਵਾ ਲਏ। ਉਪਰੋਕਤ ਵਾਰਦਾਤਾਂ ਤੋਂ ਇਲਾਵਾ ਮਲਜ਼ਮਾਂ ਨੇ ਇੱਕ ਵਿਅਕਤੀ ਕੋਲੋਂ 40 ਹਜ਼ਾਰ ਰੁਪਏ, ਇੱਕ ਲੜਕਾ ਤੇ ਲੜਕੀ ਤੋਂ 6200 ਰੁਪਏ, ਇੱਕ ਲੜਕਾ ਅਤੇ ਲੜਕੀ ਤੋਂ 2800 ਰੁਪਏ, ਇੱਕ ਮੋਟਰਸਾਈਕਲ ਸਵਾਰ ਕੋਲੋਂ 4 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਕਰਨੇ ਮੰਨੇ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ’ਤੇ ਕਾਰ ਖੋਹ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ’ਤੇ ਕਾਰ ਖੋਹ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਖੋਹ ਕੀਤ…