ਮੁਹਾਲੀ ਵਿੱਚ ਦਿਨ ਦਿਹਾੜੇ ਪੰਜਾਬ ਨੈਸ਼ਨਲ ਬੈਂਕ ’ਚੋਂ 4.80 ਲੱਖ ਲੁੱਟੇ

ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ, ਐਸਐਸਪੀ ਤੇ ਹੋਰ ਅਧਿਕਾਰੀਆਂ ਨੇ ਲਿਆ ਘਟਨਾ ਦਾ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ ਇੱਥੋਂ ਦੇ ਫੇਜ਼-3ਏ ਵਿੱਚ ਕਾਮਾ ਹੋਟਲ ਨੇੜੇ ਪੰਜਾਬ ਨੈਸ਼ਨਲ ਬੈਂਕ ਵਿੱਚ ਵਾਪਰੀ। ਵਾਰਦਾਤ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਬੈਂਕ ਸਟਾਫ਼ ਦੇ ਦੱਸਣ ਅਨੁਸਾਰ ਲੁਟੇਰੇ 4 ਲੱਖ 80 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਹਨ। ਸੂਚਨਾ ਮਿਲਦੇ ਹੀ ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ, ਡੀਐਸਪੀ ਗੁਰਸ਼ੇਰ ਸਿੰਘ ਸੰਧੂ ਤੁਰੰਤ ਮੌਕੇ ’ਤੇ ਪਹੁੰਚ ਗਏ। ਬਾਅਦ ਵਿੱਚ ਐਸਪੀ ਸਿਟੀ ਹਰਿੰਦਰ ਸਿੰਘ ਵਿਰਕ ਅਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਮੌਕੇ ਦਾ ਜਾਇਜ਼ਾ ਲਿਆ ਅਤੇ ਬੈਂਕ ਸਟਾਫ਼ ਤੋਂ ਪੁੱਛਗਿੱਛ ਕਰ ਕੇ ਜਾਣਕਾਰੀ ਹਾਸਲ ਕੀਤੀ। ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੈਰੀ ਕੀਤੀ ਗਈ ਸੀ ਕਿਉਂਕਿ ਬੈਂਕ ਵਿੱਚ ਮਹਿਲਾ ਸਟਾਫ਼ ਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 1.40 ਵਜੇ ਸਿਰ ਦੋ ਮੋਨੇ ਦੋ ਲੁਟੇਰੇ ਬੈਂਕ ਵਿੱਚ ਆਏ। ਇਕ ਨੇ ਆਪਣੇ ਮੂੰਹ ’ਤੇ ਰੁਮਾਲ ਬੰਨ੍ਹਿਆਂ ਹੋਇਆ ਸੀ ਜਦੋਂਕਿ ਦੂਜੇ ਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਆਉਂਦੇ ਹੀ ਕਾਉਂਟਰ ’ਤੇ ਬੈਠੀ ਅੌਰਤ ’ਤੇ ਪਿਸਤੌਲ ਤਾਣ ਕੇ ਬੈਂਕ ਵਿੱਚ ਮੌਜੂਦ ਸਾਰੀ ਨਗਦੀ ਉਨ੍ਹਾਂ ਦੇ ਹਵਾਲੇ ਕਰਨ ਦੀ ਧਮਕੀ ਦਿੱਤੀ। ਇਸ ਤਰ੍ਹਾਂ ਲੁਟੇਰੇ ਕਾਲੇ ਰੰਗ ਦੇ ਬੈਗ ਵਿੱਚ 4 ਲੱਖ 80 ਹਜ਼ਾਰ ਰੁਪਏ ਨਗਦੀ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਮਹਿਜ਼ ਦੋ ਤੋਂ ਢਾਈ ਮਿੰਟ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਘਟਨਾ ਵਾਪਰੀ ਤਾਂ ਉਦੋਂ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਦੂਜਾ ਕਰੋਨਾ ਕਾਰਨ ਬੈਂਕ ਵਿੱਚ ਆਵਾਜਾਈ ਨਾਮਾਤਰ ਸੀ। ਜਿਸ ਕਾਰਨ ਲੁਟੇਰਿਆਂ ਨੇ ਬੇਖ਼ੌਫ਼ ਵਾਰਦਾਤ ਨੂੰ ਅੰਜਾਮ ਦਿੱਤਾ। ਸੂਤਰ ਦੱਸਦੇ ਹਨ ਕਿ ਲੁਟੇਰੇ ਚਿੱਟੇ ਰੰਗ ਦੀ ਆਈ-20 ਕਾਰ ਵਿੱਚ ਆਏ ਸੀ, ਪ੍ਰੰਤੂ ਪੁਲੀਸ ਦਾ ਕਹਿਣਾ ਹੈ ਕਿ ਲੁਟੇਰੇ ਕਿਹੜੀ ਕਾਰ ਵਿੱਚ ਆਏ ਸੀ। ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਲੁਟੇਰਿਆਂ ਦੇ ਚਲੇ ਜਾਣ ਤੋਂ ਬਾਅਦ ਬੈਂਕ ਮੈਨੇਜਰ ਨੇ ਪੁਲੀਸ ਨੂੰ ਇਤਲਾਹ ਦਿੱਤੀ।
ਐਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲੀਸ ਵੱਲੋਂ ਬੈਂਕ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਰਕੀਟ ਦੇ ਸ਼ੋਅਰੂਮਾਂ ਦੇ ਬਾਹਰ ਅਤੇ ਪਾਰਕਿੰਗ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਹਾਲਾਂਕਿ ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਪੂਰੇ ਇਲਾਕੇ ਦੀ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਲੇਕਿਨ ਉਦੋਂ ਤੱਕ ਲੁਟੇਰੇ ਨਗਦੀ ਲੈ ਕੇ ਫਰਾਰ ਹੋ ਚੁੱਕੇ ਸੀ।
ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਬੈਂਕ ਮੈਨੇਜਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਕ ਲੁਟੇਰੇ ਦੇ ਹੱਥ ਵਿੱਚ ਪਿਸਤੌਲ ਅਤੇ ਦੂਜੇ ਕੋਲ ਚਾਕੂ ਵਰਗਾ ਤੇਜ਼ਧਾਰ ਹਥਿਆਰ ਸੀ। ਕਰੋਨਾ ਦੇ ਚੱਲਦਿਆਂ ਬੈਂਕ ਸਟਾਫ਼ ਨੂੰ ਪਹਿਲਾਂ ਇਹੀ ਲੱਗਿਆ ਸ਼ਾਇਦ ਖਪਤਕਾਰ ਆਏ ਹਨ। ਪਰ ਜਦੋਂ ਆਉਂਦੇ ਹੀ ਸਟਾਫ਼ ਉੱਤੇ ਪਿਸਤੌਲ ਤਾਣ ਲਈ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …