Nabaz-e-punjab.com

ਅਜੋਕੇ ਇਜਾਰੇਦਾਰੀ ਦੇ ਮਾਹੌਲ ਵਿੱਚ ਪੱਤਰਕਾਰਾਂ ਦੀ ਭੂਮਿਕਾ ਅਹਿਮ: ਸਿੱਧੂ

ਮੁਹਾਲੀ ਪ੍ਰੈੱਸ ਕਲੱਬ ਦੀ ਨਵੀਂ ਚੁਣੀ ਟੀਮ ਦੇ ਤਾਜਪੋਸ਼ੀ ਸਮਾਗਮ ਵਿੱਚ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਲੋਕਤੰਤਰ ਵਿੱਚ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ ਅਤੇ ਇਸ ਲਈ ਪੱਤਰਕਾਰਾਂ ਨੂੰ ਬੇਖ਼ੌਫ ਹੋ ਕੇ ਆਪਣੀ ਜ਼ਿੰਮੇਵਾਰੀ ਅਦਾ ਕਰਨੀ ਚਾਹੀਦੀ ਹੈ। ਇਹ ਵਿਚਾਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਪ੍ਰਾਚੀਨ ਕਲਾ ਕੇਂਦਰ ਸੈਕਟਰ-71 ਐਸ.ਏ.ਐਸ. ਨਗਰ ਵਿਖੇ ਮੁਹਾਲੀ ਪ੍ਰੈੱਸ ਕਲੱਬ ਦੀ ਨਵੀਂ ਚੁਣੀ ਗਈ ਟੀਮ ਦੀ ਤਾਜਪੋਸ਼ੀ ਸਬੰਧੀ ਰੱਖੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਗਟ ਕੀਤੇ। ਸ੍ਰੀ ਸਿੱਧੂ ਮੋਹਾਲੀ ਪ੍ਰੈੱਸ ਕਲੱਬ ਦੀ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਜਿਸ ਦਾ ਅਜ਼ਾਦਾਨਾ ਢੰਗ ਨਾਲ ਕੰਮ ਕਰਨਾ ਦੇਸ਼ ਹਿੱਤ ਵਿੱਚ ਬੇਹੱਦ ਜ਼ਰੂਰੀ ਹੈ।
ਅਜੋਕੇ ਇਜ਼ਾਰੇਦਾਰੀ ਵਾਲੇ ਦੌਰ ਵਿੱਚ ਇਸ ਦੀ ਭੂਮਿਕਾ ਹੋਰ ਵੀ ਵੱਧ ਜਾਂਦੀ ਹੈ ਪਰ ਅੱਜ ਚੰਦ ਕੁ ਉਦਯੋਗਪਤੀ ਘਰਾਣਿਆਂ ਵੱਲੋਂ ਆਪਣੇ ਮੀਡੀਆ ਹਾਊਸ ਖੋਲ੍ਹ ਕੇ ਉਨ੍ਹਾਂ ਨੂੰ ਵਪਾਰਕ ਅਦਾਰਿਆਂ ਵਾਂਗ ਚਲਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਮੀਡੀਆ ਪ੍ਰਤੀ ਬੇਭਰੋਸਗੀ ਦੀ ਭਾਵਨਾ ਪੈਦਾ ਹੋਣਾ ਸੁਭਾਵਕ ਹੈ। ਹੁਣ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੇ ਤਿੜਕ ਰਹੇ ਵਿਸ਼ਵਾਸ ਨੂੰ ਬਹਾਲ ਕਰੇ। ਉਨ੍ਹਾਂ ਇਸ ਮੌਕੇ ਜਿੱਥੇ ਨੌਜਵਾਨ ਪੀੜ੍ਹੀ ਵਿੱਚ ਅਖ਼ਬਾਰ ਪੜ੍ਹਨ ਦੀ ਘਟਦੀ ਜਾ ਰਹੀ ਰੁਚੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਉਥੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਉਣ ਵਾਲਿਆਂ ’ਤੇ ਨਕੇਲ ਕੱਸਣ ਦੀ ਵੀ ਗੱਲ ਕਹੀ। ਸਿਹਤ ਮੰਤਰੀ ਨੇ ਆਪਣੇ ਹਲਕੇ ਦੀ ਗੱਲ ਕਰਦਿਆਂ ਕਿਹਾ ਕਿ ਮੋਹਾਲੀ ਵਿੱਚ ਮੈਡੀਕਲ ਕਾਲਜ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ, ਜਿਸ ਵਿੱਚ ਅਗਲੇ ਸਾਲ ਤੋਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਹਸਪਤਾਲ 300 ਬਿਸਤਰਿਆਂ ਦਾ ਬਣੇਗਾ। ਉਨ੍ਹਾਂ ਦੱਸਿਆ ਕਿ ਲਾਂਡਰਾ ਚੌਕ ਦਾ ਕੰਮ 15 ਦਸੰਬਰ ਤੱਕ ਸ਼ੁਰੂ ਹੋ ਜਾਵੇਗਾ, ਜਿਸ ਨਾਲ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਨਿਜ਼ਾਤ ਮਿਲੇਗੀ। ਇਸ ਮੌਕੇ ਉਨ੍ਹਾਂ ਪ੍ਰੈਸ ਕਲੱਬ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਸ੍ਰੀ ਸਿੱਧੂ ਨੇ ਮੁਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਜੀਤ ਬਿੱਲਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸ਼ਾਹੀ, ਮੀਤ ਪ੍ਰਧਾਨ ਕੁਲਵਿੰਦਰ ਬਾਵਾ ਤੇ ਕੁਲਦੀਪ ਸਿੰਘ, ਜਨਰਲ ਸਕੱਤਰ ਹਰਬੰਸ ਬਾਗੜੀ, ਸੰਯੁਕਤ ਸਕੱਤਰ ਰਾਜ ਕੁਮਾਰ ਅਰੋੜਾ ਅਤੇ ਨਾਹਰ ਸਿੰਘ ਧਾਲੀਵਾਲ, ਸੰਗਠਨ ਸਕੱਤਰ ਵਿਜੈ ਕੁਮਾਰ ਅਤੇ ਕੈਸ਼ੀਅਰ ਸੁਖਵਿੰਦਰ ਸਿੰਘ ਸ਼ਾਨ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਸੁਖਦੇਵ ਸਿੰਘ ਪਟਵਾਰੀ, ਧਰਮ ਸਿੰਘ, ਸੰਦੀਪ ਸੰਨੀ, ਰਾਜੀਵ ਤਨੇਜਾ, ਭੁਪਿੰਦਰ ਬੱਬਰ, ਜੋਤੀ ਸਿੰਗਲਾ, ਮਨੋਜ ਗਿਰਧਰ, ਤਰਵਿੰਦਰ ਬੈਨੀਪਾਲ, ਅਜੈਬ ਅੌਜਲਾ, ਜੋਤੀ ਸਿੰਗਲਾ, ਅਸ਼ੀਸ ਕੁਮਾਰ, ਅਮਰਜੀਤ ਰਤਨ, ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਗੁਰਨਾਮ ਸਾਗਰ, ਨਾਗਪਾਲ, ਮਨਿੰਦਰ ਦਿਓਲ, ਸ਼ੈਰੀ ਮਾਨ ਅਤੇ ਬਲਜਿੰਦਰ ਢਿੱਲੋਂ ਵੀ ਹਾਜ਼ਰ ਸਨ। ਗਾਇਕ ਸਤਵਿੰਦਰ ਬੁੱਗਾ, ਸਲੀਮ ਸਿਕੰਦਰ, ਹਰਿੰਦਰ ਹਰ ਅਤੇ ਸ਼ਹਿਜਾਦਾ ਰਾਜ ਆਦਿ ਨੇ ਸੁਰਮਈ ਅੰਦਾਜ਼ ਨਾਲ ਆਪਣੀ ਹਾਜ਼ਰੀ ਲਵਾਈ।
(ਬਾਕਸ ਆਈਟਮ)
ਮੁਹਾਲੀ ਪ੍ਰੈੱਸ ਕਲੱਬ ਦੇ ਸਮਾਗਮ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸਿਆਸਤ ਨੂੰ ਨਹੀਂ ਲਿਆਉਣਾ ਚਾਹੀਦਾ। ਸਮਾਗਮ ਸਿਆਸਤ ਤੋਂ ਦੂਰ ਰਹਿ ਕੇ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਸੁਨੇਹੇ ਤਹਿਤ ਮਨਾਉਣੇ ਚਾਹੀਦੇ ਹਨ। ਪ੍ਰੈੱਸ ਕਲੱਬ ਲਈ ਥਾਂ ਅਲਾਟ ਕਰਨ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸ. ਸਿੱਧੂ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਗਮਾਡਾ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ, ਜਿਸ ਵਿੱਚ ਇਸ ਮਸਲੇ ਉਤੇ ਵੀ ਚਰਚਾ ਕਰ ਕੇ ਹੱਲ ਕੱਢਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …