nabaz-e-punjab.com

ਖਰੜ ਵਿੱਚ ਘਰ ਦੀ ਛੱਤ ’ਤੇ ਅੌਰਤ ਦੀ ਮਿਲੀ ਸੜੀ ਹੋਈ ਲਾਸ਼, ਪਤੀ ਤੇ ਸਹੁਰਾ ਗ੍ਰਿਫ਼ਤਾਰ

ਸਹੁਰਾ ਪਰਿਵਾਰ ਦੇ ਛੇ ਜੀਆਂ ਖ਼ਿਲਾਫ਼ ਪਰਚਾ ਦਰਜ, ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਅਗਸਤ:
ਖਰੜ ਦੇ ਸ਼ਿਵਾਲਿਕ ਸਿਟੀ ਵਿੱਚ ਉਸ ਸਮੇ ਅਫਰਾਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਿਵਾਲਿਕ ਸਿਟੀ ਦੇ ਮਕਾਨ ਨੰਬਰ 1133 ਦੀ ਛੱਤ ਦੇ ਉਪਰੋਂ ਧੂੰਆ ਨਿਕਲਣ ਲੱਗਿਆ। ਧੂੰਏਂ ਦੇ ਨਾਲ ਬਦਬੂ ਏਨੀ ਜ਼ਿਆਦਾ ਸੀ ਕਿ ਆਸ ਪਾਸ ਦੇ ਲੋਕਾਂ ਦਾ ਸਾਹ ਲੈਣਾ ਵੀ ਅੌਖਾ ਹੋ ਗਿਆ। ਇਲਾਕੇ ਦੇ ਲੋਕਾਂ ਵੱਲੋਂ ਤੁਰੰਤ ਸਥਾਨਕ ਪੁਲੀਸ ਨੂੰ ਫੋਨ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਦੇਖਿਆ ਕਿ ਉੱਥੇ ਇਕ ਅੌਰਤ ਦੀ ਜਲੀ ਹੋਈ ਲਾਸ਼ ਪਈ ਸੀ।
ਖਰੜ ਦੇ ਸਿਟੀ ਥਾਣਾ ਦੇ ਐਸਐਚਓ ਕੰਵਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਧਰਮਜੀਤ ਕੌਰ (30) ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਕੁੱਲੂ ਦੀ ਰਹਿਣ ਵਾਲੀ ਸੀ। ਜੋ ਕਿ 5 ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਉਸਦੇ ਮਾਂ ਪਿਉ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਸਦਾ ਵਿਆਹ ਕਰੀਬ 5 ਸਾਲ ਪਹਿਲਾਂ ਖਰੜ ਦੇ ਰਹਿਣ ਵਾਲੇ ਨੌਜਵਾਨ ਰੁਪਿੰਦਰਪਾਲ ਸਿੰਘ, ਜਿਸਦਾ ਮਨੀਮਾਜਰਾ ਵਿੱਚ ਟਾਇਰਾਂ ਦਾ ਕੰਮ ਹੈ, ਨਾਲ ਹੋਇਆ ਸੀ। ਵਿਆਹ ਮੌਕੇ ਰੁਪਿੰਦਰਪਾਲ ਸਿੰਘ ਅਤੇ ਉਸਦੇ ਪਰਿਵਾਰ ਵਾਲਿਆਂ ਵਲੋਂ ਧਰਮਜੀਤ ਕੌਰ ਕੋਲੋਂ ਇਸ ਗੱਲ ਨੂੰ ਲੁਕਾ ਕੇ ਰੱਖਿਆ ਗਿਆ ਸੀ ਕਿ ਰੁਪਿੰਦਰਪਾਲ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਅਤੇ ਉਸਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਇਹ ਸਭ ਜਾਣਨ ਦੇ ਬਾਵਜੂਦ ਧਰਮਜੀਤ ਕੌਰ ਆਪਣੇ ਪਤੀ ਅਤੇ ਉਸਦੇ ਸਹੁਰੇ ਪਰਿਵਾਰ ਨਾਲ ਕਿਸੇ ਤਰ੍ਹਾਂ ਖੁਸ਼ ਰਹਿਣ ਦੀ ਕੋਸ਼ਿਸ ਕਰ ਰਹੀ ਸੀ, ਪਰ ਉਸਦਾ ਸਹੁਰਾ ਪਰਿਵਾਰ ਉਸਨੂੰ ਲਗਾਤਾਰ ਤੰਗ ਕਰਦਾ ਆ ਰਿਹਾ ਸੀ।
ਐਸਐਚਓ ਕੰਵਲਜੀਤ ਸਿੰਘ ਨੇ ਦੱਸਿਆ ਕਿ ਮੌਕੇ ਤੇ ਉਕਤ ਮ੍ਰਿਤਕਾ ਧਰਮਜੀਤ ਕੌਰ ਦੀ ਲਾਸ਼ ਮਕਾਨ ਦੀ ਤੀਸਰੀ ਮੰਜ਼ਿਲ ਉੱਤੇ ਇੱਕ ਸਟੋਰਨੁਮਾ ਕਮਰੇ ਅੰਦਰ ਜੋ ਕਾਫ਼ੀ ਹੱਦ ਤੱਕ ਸੜੀ ਹੋਈ ਸੀ, ਬੈਡ ਉੱਤੇ ਮੂਧੇ ਮੂੰਹ ਪਈ ਮਿਲੀ। ਕਮਰੇ ਅੰਦਰ ਕਈ ਥਾਵਾਂ ਉਤੇ ਖੂਨ ਦੇ ਨਿਸ਼ਾਨ ਤੋਂ ਇਲਾਵਾ ਉਥੇ ਹੀ ਇਕ ਪੈਟਰੋਲ ਵਾਲੀ ਕੇਨੀ ਵੀ ਪਈ ਹੋਈ ਮਿਲੀ। ਮੌਕੇ ਉਤੇ ਪੁੱਜੀ ਫੌਰੈਂਸਿਕ ਟੀਮ ਵਲੋਂ ਵਾਰਦਾਤ ਵਾਲੀ ਥਾਂ ਤੋਂ ਮ੍ਰਿਤਕਾ ਦੇ ਹੱਥ ਦੀ ਇਕ ਉਗਲੀ ਅਤੇ ਅੰਗੂਠਾ ਜੋ ਸਰੀਰ ਨਾਲੋਂ ਵੱਖਰੇ ਸਨ ਤੋਂ ਇਲਾਵਾ ਪੈਟਰੋਲ ਵਾਲੀ ਕੇਨੀ ਵੀ ਬਰਾਮਦ ਕਰ ਕੀਤੇ ਗਏ ਹਨ। ਘਟਨਾ ਵਾਲੀ ਥਾਂ ਤੋਂ ਬਰਾਮਦ ਇਸ ਸਭ ਤੋਂ ਸਾਫ ਜਾਹਿਰ ਹੈ ਕਿ ਧਰਮਜੀਤ ਕੌਰ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਤੋਂ ਪਹਿਲਾਂ ਉਸ ਦੀ ਮਾਰ ਕੁੱਟ ਅਤੇ ਬੁਰੀ ਤਰ੍ਹਾਂ ਖਿੱਚ ਧੂਹ ਵੀ ਕੀਤੀ ਗਈ ਸੀ।
ਉਹਨਾਂ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਧਰਮਜੀਤ ਕੌਰ ਆਪਣੇ ਪੇਕੇ ਕੁੱਲੂ ਗਈ ਸੀ। ਪੇਕੇ ਜਾ ਕੇ ਉਸ ਨੇ ਦੱਸਿਆ ਕਿ ਉਸਦਾ ਪਤੀ ਰੁਪਿੰਦਰਪਾਲ ਸਿੰਘ, ਦਿਓਰ ਗੁਰਪ੍ਰੀਤ ਸਿੰਘ, ਸਹੁਰਾ ਉੱਜਲ ਸਿੰਘ, ਸੱਸ ਹਰਭਜਨ ਕੌਰ, ਨਣਦ ਸਰਬਜੀਤ ਕੌਰ ਅਤੇ ਨਣਦੋਈਆ ਮਨਪ੍ਰੀਤ ਸਿੰਘ ਉਸ ਨੂੰ ਦਾਜ ਦਹੇਜ ਘੱਟ ਲਿਆਉਣ ਦਾ ਤਾਅਨਾ ਮਾਰਦੇ ਹੋਏ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਉਸ ਦੀ ਇਸ ਗੱਲ ’ਤੇ ਧਰਮਜੀਤ ਕੌਰ ਅਤੇ ਉਸਦੀਆਂ ਬਾਕੀ 4 ਭੈਣਾਂ ਨੇ ਮਿਲ ਕੇ ਆਪਣੀ ਕੁੱਲੂ ਵਿਖ਼ੇ ਸਥਿਤ ਜੱਦੀ ਜਾਇਦਾਦ ਇਸੇ ਮਹੀਨੇ 16 ਅਗਸਤ ਨੂੰ 32 ਲੱਖ 50 ਹਜਾਰ ਰੁਪਏ ਵਿੱਚ ਵੇਚ ਦਿੱਤੀ। ਸਾਰੀਆਂ ਭੈਣਾਂ ਦੇ ਹਿੱਸੇ ਵਿੱਚ ਸਾਢੇ 6 ਲੱਖ ਰੁਪਏ ਆਉਣੇ ਸਨ ਕਿਉੱਕਿ ਧਰਮਜੀਤ ਮੁਤਾਬਕ ਉਸਦਾ ਸਹੁਰਾ ਪਰਿਵਾਰ ਵਾਰ ਵਾਰ ਉਸਨੂੰ ਦਹੇਜ ਦੀ ਮੰਗ ਕਰਦਿਆਂ ਜਲੀਲ ਕਰਦਾ ਆ ਰਿਹਾ ਸੀ। ਇਸ ਲਈ ਉਸਨੇ ਆਪਣੇ ਹਿੱਸੇ ਦੇ ਪੈਸੇ ਐਡਵਾਂਸ ਲੈ ਲਏ। ਉਨ੍ਹਾਂ ਆਪਸ ਵਿੱਚ ਮਿਲ ਕੇ ਇੱਕ ਲੱਖ ਰੁਪਏ ਦਾ ਚੈੱਕ ਧਰਮਜੀਤ ਨੂੰ ਦੇ ਦਿੱਤਾ, ਜਿਸ ਦੀ ਉਸ ਨੇ ਐਫ਼ਡੀ ਕਰਵਾ ਦਿੱਤੀ, ਜਦੋਂ ਕਿ ਬਾਕੀ ਰਕਮ ਸਾਢੇ 5 ਲੱਖ ਦਾ ਚੈੱਕ ਉਸ ਨੂੰ 2 ਸਤੰਬਰ ਨੂੰ ਮਿਲਣਾ ਸੀ ਜਿਸ ਦੀ ਵੀ ਧਰਮਜੀਤ ਐਫਡੀ ਹੀ ਕਰਵਾਉਣਾ ਚਾਹੁੰਦੀ ਸੀ।
ਉਹਨਾਂ ਦੱਸਿਆ ਕਿ ਧਰਮਜੀਤ 3 ਦਿਨ ਪਹਿਲਾਂ 27 ਅਗਸਤ ਨੂੰ ਖਰੜ ਸਥਿਤ ਆਪਣੇ ਸਹੁਰੇ ਘਰ ਆਈ ਸੀ। ਜਿਸ ਨੇ ਇਥੇ ਆ ਕੇ ਆਪਣੀ ਵੱਡੀ ਭੈਣ ਚੰਦਰਜੀਤ ਕੌਰ ਨੂੰ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਦਿੱਤੇ ਪੈਸਿਆਂ ਲਈ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਹੈ ਕਿ ਉਸ ਨੇ ਇਸ ਰਕਮ ਦੀ ਐਫ਼ ਡੀ ਕਿਉਂ ਕਰਵਾਈ ਅਤੇ ਨਕਦ ਕਿਉਂ ਨਹੀਂ ਲੈ ਕੇ ਆਈ।
ਮ੍ਰਿਤਕਾ ਦੀ ਭੈਣ ਦੇ ਦੱਸਣ ਮੁਤਾਬਿਕ ਉਸ ਦੀ ਭੈਣ ਧਰਮਜੀਤ ਉਸ ਦਿਨ ਇਸ ਗੱਲ ਨੂੰ ਲੈ ਕੇ ਬਹੁਤ ਡਰੀ ਸਹਿਮੀ ਅਤੇ ਤਨਾਅ ਵਿੱਚ ਆਈ ਲੱਗ ਰਹੀ ਸੀ ਅਤੇ ਬੀਤੇ ਕੱਲ ਉਸ ਨੂੰ ਫ਼ੋਨ ਆਇਆ ਕਿ ਧਰਮਜੀਤ ਕੌਰ ਨੂੰ ਉਸ ਦੇ ਸਹੁਰਾ ਪਰਿਵਾਰ ਵਲੋਂ ਦਹੇਜ ਲਈ ਤੰਗ ਕਰਦਿਆਂ ਅਤੇ ਵੇਚੇ ਮਕਾਨ ਦੇ ਪੈਸੇ ਨਕਦੀ ਦੇ ਰੂਪ ਵਿੱਚ ਨਾ ਲਿਆਉਣ ਕਰਕੇ ਉਸ ਉੱਤੇ ਤੇਲ ਪਾ ਕੇ ਆਪਣੇ ਹੀ ਘਰ ਦੇ ਟੌਪ ਫ਼ਲੋਰ ਤੇ ਸਾੜ ਕੇ ਮਾਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਬੀਤੀ ਅੱਧੀ ਰਾਤ ਵੇਲੇ ਮਿਲੀ ਸੀ।
ਪੁਲੀਸ ਵੱਲੋਂ ਅੱਜ ਸਿਵਲ ਹਸਪਤਾਲ ਖਰੜ ਵਿੱਚ ਮ੍ਰਿਤਕਾ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਮ੍ਰਿਤਕਾ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਇਸ ਸਬੰਧੀ ਸਿਟੀ ਪੁਲੀਸ ਵੱਲੋਂ ਮ੍ਰਿਤਕਾ ਦੀ ਭੈਣ ਸਵਰਨਜੀਤ ਕੌਰ ਦੇ ਬਿਆਨਾਂ ਤੇ ਧਰਮਜੀਤ ਕੌਰ ਦੇ ਪਤੀ ਰੁਪਿੰਦਰਪਾਲ ਸਿੰਘ, ਦਿਓਰ ਗੁਰਪ੍ਰੀਤ ਸਿੰਘ, ਸਹੁਰਾ ਉੱਜਲ ਸਿੰਘ, ਸੱਸ ਹਰਭਜਨ ਕੌਰ, ਨਣਦ ਸਰਬਜੀਤ ਕੌਰ ਅਤੇ ਨਣਦੋਈਆ ਮਨਪ੍ਰੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 304ਬੀ ਤਹਿਤ ਕੇਸ ਦਰਜ ਕਰਕੇ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …