ਜ਼ਿਲ੍ਹਾ ਰੂਪਨਗਰ ਅਕਾਲੀ ਦਲ ਤੇ ਆਪ ਨੂੰ ਝਟਕਾ: ਸਾਬਕਾ ਮੰਤਰੀ ਤਾਰਾ ਸਿੰਘ ਲਾਡਲ ਤੇ ਹਾਕੀ ਖਿਡਾਰੀ, ਤੇ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ
ਸਹਿਜ਼ਧਾਰੀ ਸਿੱਖ ਪਾਰਟੀ ਨੇ ਵੀ ਕਾਂਗਰਸ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਜਨਵਰੀ:
ਜ਼ਿਲ੍ਹਾ ਰੂਪਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਜਬਰਦਸਤ ਝਟਕੇ ਲੱਗੇ ਜਦੋਂ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਆਪਣੀ ਅਣਦੇਖੀ ਕਾਰਨ ਆਪਣੀਆਂ ਪਾਰਟੀਆਂ ਨੂੰ ਆਲਵਿਦਾ ਆਖਦਿਆਂ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਲੜੀ ਹੇਠ ਕੌਮੀ ਪੱਧਰੀ ਹਾਕੀ ਖਿਡਾਰੀ ਗੁਰਦੀਪ ਸਿੰਘ ਭਿਊਰਾ ਸਮੇਤ ਰੂਪਨਗਰ ਦੇ ਆਗੂ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਸਮਰਥਨ ਪ੍ਰਗਟਾਉਂਦਿਆਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇੰਝ ਹੀ ਅਕਾਲੀ ਦਲ ਦੇ ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਨੇ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਵਿੱਚ ਯੋਗਦਾਨ ਦੇਣ ਵਾਲੇ ਰੂਪਨਗਰ ਤੋਂ ਕਾਂਗਰਸ ਉਮੀਦਵਾਰ ਬੀਰੇਂਦਰ ਵੀ ਇਸ ਸ਼ਮੂਲੀਅਤ ਮੌਕੇ ਮੌਜ਼ੂਦ ਰਹੇ।
ਇਸ ਮੌਕੇ ਸ੍ਰੀ ਲਾਡਲ ਨੇ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਨੂੰ ਇਕੋ ਇਕ ਉਮੀਦ ਦੱਸਦਿਆਂ ਕਿਹਾ ਕਿ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ। ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਆਪ ਦੇ ਕੋਆਰਡੀਨੇਟਰ ਤੇ ਇੰਪਰੂਵਮੈਂਅ ਟਰੱਸਟ ਰੂਪਨਗਰ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਪਰਮਾਰ ਸਮੇਤ ਨਵੀਦ ਦਰਦੀ (ਆਪ ਆਗੂ ਤੇ ਅੰਨਾ ਹਜ਼ਾਰੇ ਅੰਦੋਲਨ ਦੇ ਕੋਆਰਡੀਨੇਟਰ) ਅਤੇ ਰਜਿੰਦਰ ਸਿੰਘ ਬਧੇਰੀ ਸ਼ਾਮਲ ਹਨ। ਇਸੇ ਤਰ੍ਹਾਂ ਅਕਾਲੀ ਦਲ ਰੋਪੜ ਦੇ ਸੀਨੀਅਰ ਮੀਤ ਪ੍ਰਧਾਨ ਤੇ ਰੋਪੜ ਵਪਾਰ ਮੰਡਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਬਿੱਟਾ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਸਾਰਿਆਂ ਆਗੂਆਂ ਨੇ ਸਬੰਧੀ ਪਾਰਟੀਆਂ ਪ੍ਰਤੀ ਪੂਰੀ ਤਰ੍ਹਾਂ ਨਿਰਾਸ਼ਾ ਪ੍ਰਗਟਾਉਂਦਿਆਂ ਹੁਕਮਰਾਨਾਂ ਨੂੰ ਭ੍ਰਿਸ਼ਟਾਚਾਰੀ ਤੇ ਲੋਕ ਵਿਰੋਧੀ ਦੱਸਿਆ।
ਉਧਰ, ਸਹਿਜ਼ਧਾਰੀ ਸਿੱਖ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੂੰ ਬਗੈਰ ਕਿਸੇ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਪਰਮਜੀਤ ਸਿੰਘ ਰਾਣੂ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਕਿ ਸਹਿਜ਼ਧਾਰੀ ਸਿੱਖ ਪਾਰਟੀ ਦੀ ਰਾਸ਼ਟਰੀ ਕੌਂਸਲ ਨੇ ਸਰਬਸੰਮਤੀ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਪੂਰੀ ਤਰ੍ਹਾਂ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।
ਡਾ. ਰਾਣੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਰੀਬ 70 ਲੱਖ ਸਹਿਜ਼ਧਾਰੀ ਸਿੱਖ ਹਨ। ਜਿਹੜੇ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਨ ਕਿ ਅਕਾਲੀ-ਭਾਜਪਾ ਸ਼ਾਸਨ ਦੌਰਾਨ ਉਨ੍ਹਾਂ ਨੂੰ ਸੰਵਿਧਾਨਕ ਹੱਕਾਂ ਤੋਂ ਵਾਂਝਾ ਕਰਨ ਸਮੇਤ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਪੁਲੀਸ ਦੇ ਸੇਵਾਮੁਕਤ ਇੰਸਪੈਕਟਰ ਤੇ ਗੁਰਦੁਆਰਾ ਸੁਖਮਨੀ ਸਾਹਿਬ ਜਲੰਧਰ ਦੇ ਚੇਅਰਮੈਨ ਕਸ਼ਮੀਰ ਸਿੰਘ ਘੁੰਮਣ, ਗੁਰਦੁਆਰਾ ਸੁਖਮਨੀ ਸਾਹਿਬ ਦੇ ਮੀਤ ਪ੍ਰਧਾਨ ਹਰਦੇਵ ਸਿੰਘ, ਲਖਵਿੰਦਰ ਸਿੰਘ ਸਿੱਧੂ ਅਤੇ ਲਾਭ ਸਿੰਘ ਬਾਜਵਾ, ਪ੍ਰਧਾਨ ਗੁਰੂ ਨਾਨਕਪੁਰਾ ਮਾਰਕੀਟ ਜਲੰਧਰ, ਜਸਵਿੰਦਰ ਸਿੰਘ ਬਿੱਲਾ ਤੇ ਰਣਵੀਰ ਸਿੰਘ ਪੰਨੂ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।