ਪਿੰਡ ਝਿਊਰਹੇੜੀ ਵਿੱਚ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਗਰਾਮ ਪੰਚਾਇਤ ਖ਼ਿਲਾਫ਼ ਰੋਸ ਮੁਜ਼ਾਹਰਾ

ਗੰਦੇ ਪਾਣੀ ਦੇ ਸੈਂਪਲਾਂ ਦੀ ਜਾਂਚ ਕਰਵਾਉਣ ਅਤੇ ਪਾਣੀ ਦੇ ਮੀਟਰ ਦਾ ਬਕਾਇਆ ਬਿੱਲਾਂ ਦਾ ਮੁੱਦਾ ਭਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਮੁਹਾਲੀ ਨੇੜਲੇ ਪਿੰਡ ਝਿਊਰਹੇੜੀ ਦੇ ਘਰਾਂ ਵਿੱਚ ਗੰਧਲਾ ਪਾਣੀ ਸਪਲਾਈ ਕਰਨ ਨੂੰ ਲੈ ਕੇ ਪੀੜਤ ਲੋਕ ਸੜਕਾਂ ’ਤੇ ਉਤਰ ਆਏ ਹਨ। ਐਤਵਾਰ ਨੂੰ ਜਲਘਰ ਵਿਖੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਗਰਾਮ ਪੰਚਾਇਤ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਿਛਲੇ ਕਾਫ਼ੀ ਦਿਨਾਂ ਤੋਂ ਗੰਧਲਾ ਪਾਣੀ ਆ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੀਮਾਰ ਰਹਿੰਦੇ ਹਨ। ਪਾਣੀ ਐਨਾ ਜ਼ਿਆਦਾ ਗੰਦਾ ਹੈ ਕਿ ਫ਼ਿਲਟਰ ਇੱਕ ਦੀ ਥਾਂ ਦੋ ਦੋ ਲਗਾਉਣੇ ਪੈਂਦੇ ਹਨ ਤਾਂ ਵੀ ਪਾਣੀ ਪੀਣ ਲਾਇਕ ਨਹੀਂ ਹੈ। ਗੰਦੇ ਪਾਣੀ ਕਾਰਨ ਉਸ ਦੀ ਪਤਨੀ ਨੂੰ ਇਨਫੈਕਸ਼ਨ ਹੋ ਗਈ ਹੈ ਅਤੇ ਹੁਣ ਤੱਕ ਉਹ ਇਲਾਜ ’ਤੇ 20 ਹਜ਼ਾਰ ਰੁਪਏ ਖ਼ਰਚ ਚੁੱਕਾ ਹੈ। ਪਾਣੀ ਦੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਜਾ ਚੁੱਕੀ ਹੈ ਲੇਕਿਨ ਹੁਣ ਤੱਕ ਮਸਲਾ ਹੱਲ ਨਹੀਂ ਹੋਇਆ। ਜਿਸ ਕਾਰਨ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਗੰਧਲੇ ਪਾਣੀ ਦੇ ਸੈਂਪਲ ਲੈ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।
ਬਸਪਾ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਸਿਹਤ ਤੇ ਪਾਣੀ ਦੀ ਸਪਲਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਹੀ ਨਹੀਂ ਇੰਟਰਲਾਕ ਟਾਈਲਾਂ ਉੱਤੇ ਸਰੀਆ ਪਾ ਕੇ ਕੰਕਰੀਟ ਪਾ ਕੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਟੋਭਾ, ਸ਼ਮਸ਼ਾਨਘਾਟ ’ਤੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਪਿੰਡ ਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ। ਬੀਤੀ ਦਿਨੀਂ 29 ਜੂਨ ਨੂੰ ਪਿੰਡ ਝਿਊਰਹੇੜੀ ਵਿੱਚ ਗਰਾਮ ਸਭਾ ਦਾ ਇਜਲਾਸ ਸੱਦਿਆ ਗਿਆ ਸੀ। ਜਿਸ ਵਿੱਚ ਖ਼ਰੀਦ ਕਮੇਟੀ ਅਤੇ ਪਾਣੀ ਦੀ ਸੈਨੀਟੇਸ਼ਨ ਕਮੇਟੀ ਬਣਾਉਣ ਲਈ ਕਿਹਾ ਗਿਆ ਸੀ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਗਰਾਮ ਪੰਚਾਇਤ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਿੰਡ ਵਿੱਚ ਜਲ ਨਿਕਾਸੀ ਦਾ ਮੁੱਦਾ ਵੀ ਚੁੱਕਿਆ। ਇਸ ਸਬੰਧੀ ਪਿੰਡ ਵਾਸੀਆਂ ਨੇ ਸਰਪ੍ਰਸਤ ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਅਣਸੁਣੀ ਕਰ ਦਿੱਤੀ। ਇਸ ਮੌਕੇ ਗੁਰਵਿੰਦਰ ਸਿੰਘ, ਹਰੀ ਰਾਮ, ਟਿੰਕਾ, ਭੁਪਿੰਦਰ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਅਸ਼ਵਨੀ, ਸੋਨੂ ਅਤੇ ਹਰਜਿੰਦਰ ਸਿੰਘ ਮੌਜੂਦ ਸਨ।
ਉਧਰ, ਦੂਜੇ ਪਾਸੇ ਪਿੰਡ ਦੀ ਸਰਪੰਚ ਮਨਦੀਪ ਕੌਰ ਅਤੇ ਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਝਿਊਰਹੇੜੀ ਵਿੱਚ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਕਾਫ਼ੀ ਪੁਰਾਣੀ ਹੋਣ ਕਾਰਨ ਥਾਂ-ਥਾਂ ਤੋਂ ਕੰਡਮ ਹੋ ਗਈ ਹੈ। ਵੈਸੇ ਵੀ ਪਿੰਡ ਵਾਸੀ ਗਰਾਮ ਪੰਚਾਇਤ ਨੂੰ ਪੁੱਛੇ ਬਿਨਾਂ ਹੀ ਨਾਜਾਇਜ਼ ਕੁਨੈਕਸ਼ਨ ਜੋੜ ਲੈਂਦੇ ਹਨ। ਜਿਸ ਕਾਰਨ ਪਾਈਪਲਾਈਨ ਕਾਫ਼ੀ ਥਾਵਾਂ ਤੋਂ ਟੁੱਟ ਗਈ ਹੈ। ਜਦੋਂ ਜਲਘਰ ’ਚੋਂ ਪੂਰੇ ਪ੍ਰੈੱਸ਼ਰ ਨਾਲ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਣੀ ਵਿੱਚ ਮਿੱਟੀ ਮਿਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਨੇ ਨਵੀਂ ਪਾਈਪਲਾਈਨ ਪਾਉਣ ਲਈ ਐਸਟੀਮੇਟ ਤਿਆਰ ਕਰਕੇ ਜਲ ਸਪਲਾਈ ਵਿਭਾਗ ਨੂੰ ਭੇਜਿਆ ਗਿਆ ਹੈ। ਪ੍ਰਵਾਨਗੀ ਮਿਲਣ ਤੋਂ ਤੁਰੰਤ ਬਾਅਦ ਸਮੁੱਚੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਨਵੀਂ ਪਾਈਪਲਾਈਨ ਪਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧ ਕਰਨ ਵਾਲੇ ਖ਼ੁਦ ਡਿਫਾਲਟਰ ਹਨ, ਉਨ੍ਹਾਂ ’ਚੋਂ ਕਾਫ਼ੀ ਲੋਕ ਨਾਜਾਇਜ਼ ਕੁਨੈਕਸ਼ਨ ਜੋੜਨ ਦੇ ਬਾਵਜੂਦ ਪਾਣੀ ਦਾ ਬਿੱਲ ਨਹੀਂ ਦੇ ਰਹੇ ਹਨ, ਜਦੋਂ ਪੰਚਾਇਤ ਬਿੱਲਾਂ ਦੀ ਅਦਾਇਗੀ ਲਈ ਕਹਿੰਦੀ ਹੈ ਤਾਂ ਉਹ ਝਗੜਾ ਕਰਨ ’ਤੇ ਉਤਾਰੂ ਹੋ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …