ਰੋਟਰੀ ਕਲੱਬ ਨੇ ਸੀਜੀਸੀ ਲਾਂਡਰਾਂ ਵਿੱਚ ਖੂਨਦਾਨ ਕੈਂਪ ਲਾਇਆ, 235 ਵਲੰਟੀਅਰਾਂ ਵੱਲੋਂ ਖੂਨਦਾਨ
ਨਬਜ਼-ਏ-ਪੰਜਾਬ, ਮੁਹਾਲੀ, 8 ਨਵੰਬਰ:
ਰੋਟਰੀ ਕਲੱਬ ਚੰਡੀਗੜ੍ਹ ਵੱਲੋਂ ਡੀ.ਐਸ.ਡਬਲਿਊ ਵਿਭਾਗ, ਸੀਜੀਸੀ ਕਾਲਜ ਲਾਂਡਰਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਰੋਟਰੀ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਅਨਿਲ ਚੱਡਾ, ਡਾਇਰੈਕਟਰ ਕਮਿਊਨਿਟੀ ਸਰਵਿਸਿਜ਼ ਸ੍ਰੀਮਤੀ ਟੀਨਾ ਵਿਰਕ ਨੇ ਕੀਤਾ। ਧਾਲੀਵਾਲ ਨੇ ਰੋਟਰੀ ਕਲੱਬ ਅਤੇ ਸੀਜੀਸੀ ਵਲੰਟੀਅਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਦਾਨ ਹੈ। ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਇਸ ਕੈਂਪ ਵਿੱਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ 235 ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਖੂਨਦਾਨ ਕੀਤਾ।
ਅਨਿਲ ਚੱਡਾ ਅਤੇ ਸ੍ਰੀਮਤੀ ਟੀਨਾ ਵਿਰਕ ਨੇ ਕੈਂਪ ਨੂੰ ਸਫਲ ਬਣਾਉਣ ਲਈ ਸੀਜੀਸੀ ਦੇ ਪ੍ਰਬੰਧਕਾਂ, ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਡੀਨ ਸਟੂਡੈਂਟ ਵੈੱਲਫੇਅਰ ਸ੍ਰੀਮਤੀ ਗਗਨਦੀਪ ਕੌਰ ਭੁੱਲਰ ਦਾ ਧੰਨਵਾਦ ਕੀਤਾ। ਸ੍ਰੀਮਤੀ ਵਿਰਕ ਨੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਲੋਕਾਂ ਸਣੇ ਦੇਸ਼ ਦੇ ਹਰ ਖੇਤਰ ਦੇ ਲੋਕਾਂ ਨੂੰ ਪਲੇਟਲੈਟਸ ਅਤੇ ਖੂਨਦਾਨ ਕਰਨ ਲਈ ਪ੍ਰੇਰਿਆ।