
ਗੇੜੀ ਰੂਟ: ਫੇਜ਼-3ਬੀ2 ਦੀ ਮਾਰਕੀਟ ਵਿੱਚ ਸਥਿਤੀ ਤਣਾਅ ਪੂਰਨ, ਨੌਜਵਾਨਾਂ ਨੇ ਤਲਵਾਰਾਂ ਲਹਿਰਾਈਆਂ
ਦੁਪਹਿਰ ਵੇਲੇ ਦਿਨ ਦਿਹਾੜੇ ਨੌਜਵਾਨਾਂ ਦੀ ਟੋਲੀ ਨੇ ਮਾਰਕੀਟ ਵਿੱਚ ਪਾਈ ਦਹਿਸ਼ਤ, ਪੁਲੀਸ ਬੇਬਸ
ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਗੇੜੀ ਰੂਟ ਲਈ ਮਸ਼ਹੂਰ ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿੱਚ ਅੱਜ ਦੁਪਹਿਰ ਸਮੇਂ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਕਰੀਬ ਦੋ ਦਰਜਨ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਡੰਡੇ ਅਤੇ ਤਲਵਾਰਾਂ ਲਹਿਰਾਈਆਂ ਗਈਆਂ। ਜਿਸ ਕਾਰਨ ਮਾਰਕੀਟ ਵਿੱਚ ਖੌਫ਼ ਦਾ ਮਾਹੌਲ ਬਣ ਗਿਆ। ਦੁਪਹਿਰ ਵੇਲੇ ਕਰੀਬ ਪੌਣੇ ਦੋ ਵਜੇ ਮਾਰਕੀਟ ਦੇ ਸਾਹਮਣੇ ਗਰੀਨ ਬੈਲਟ ਦੇ ਨੇੜੇ ਇਕੱਠੇ ਹੋਏ ਹਥਿਆਰਬੰਦ ਨੌਜਵਾਨਾਂ ਵੱਲੋਂ ਦੋ ਨੌਜਵਾਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਹਮਲਾਵਰਾਂ ਵੱਲੋਂ ਘੇਰੇ ਜਾਣ ’ਤੇ ਦੋ ਪੀੜਤ ਨੌਜਵਾਨ ਕੇਐਫ਼ਸੀ ਸ਼ੋਅਰੂਮ ਵੱਲ ਭੱਜ ਗਏ ਅਤੇ ਕੁੱਝ ਨੌਜਵਾਨ ਤਲਵਾਰਾਂ ਅਤੇ ਡੰਡੇ ਲੈ ਕੇ ਉਨ੍ਹਾਂ ਦੇ ਪਿੱਛੇ ਭੱਜ ਲਏ। ਨੌਜਵਾਨਾਂ ਨੂੰ ਤਲਵਾਰਾਂ ਲੈ ਕੇ ਭੱਜਦੇ ਦੇਖ ਕੇ ਦੁਕਾਨਦਾਰ ਅਤੇ ਖ਼ਰੀਦਦਾਰੀ ਕਰਨ ਮਾਰਕੀਟ ਵਿੱਚ ਆਏ ਲੋਕਾਂ ਖਾਸ ਕਰਕੇ ਅੌਰਤਾਂ ਵਿੱਚ ਦਹਿਸ਼ਤ ਫੈਲ ਗਈ। ਮਾਰੂ ਹਥਿਆਰਾਂ ਨਾਲ ਲੈਸ ਇਨ੍ਹਾਂ ਨੌਜਵਾਨਾਂ ’ਚੋਂ ਜ਼ਿਆਦਾਤਰ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਪ੍ਰੰਤੂ ਪੁਲੀਸ ਬੇਬਸ ਨਜ਼ਰ ਆ ਰਹੀ ਹੈ।
ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾਰਕੀਟ ਵਿੱਚ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ ਅਤੇ ਹੁਣ ਤੱਕ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਮਾਰਕੀਟ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਪੁਲੀਸ ਨੂੰ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਨੌਜਵਾਨਾਂ ਦੀ ਹੁੱਲੜਬਾਜ਼ੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਪੈ ਸਕੀ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨਾਂ ਦੀ ਹੁੱਲੜਬਾਜ਼ੀ ਨੂੰ ਠੱਲ੍ਹ ਪਾਉਣ ਲਈ ਮਾਰਕੀਟ ਵਿੱਚ ਪੁਲੀਸ ਬੀਟ ਬਾਕਸ ਬਣਾਇਆ ਜਾਵੇ ਅਤੇ ਇੱਥੇ ਪੱਕੇ ਤੌਰ ’ਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਜਾਣ।
ਉਧਰ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਫੇਜ਼-3ਬੀ2 ਦੀ ਮਾਰਕੀਟ ਵਿੱਚ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਅਤੇ ਹੁੱਲੜਬਾਜ਼ੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇੱਥੇ ਦੇਰ ਰਾਤ ਤੱਕ ਨੌਜਵਾਨਾਂ ਵੱਲੋਂ ਬੇਖ਼ੌਫ਼ ਹੁੱਲੜਬਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੇਹੱਦ ਭੀੜ-ਭੜੱਕੇ ਵਾਲੀ ਇਸ ਮਾਰਕੀਟ ਨੂੰ ਹੁੱਲੜਬਾਜ਼ ਨੌਜਵਾਨਾਂ ਨੇ ਗੇੜੀ ਰੂਟ ਬਣਾ ਲਿਆ ਹੈ। ਇਸ ਕਾਰਨ ਅੌਰਤਾਂ ਮਾਰਕੀਟ ਵਿੱਚ ਜਾਣ ਤੋਂ ਘਬਰਾਉਂਦੀਆਂ ਹਨ। ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੁਹਾਲੀ ਦੇ ਫੇਜ਼-3ਬੀ-2 ਵਿੱਚ ਵਾਪਰੀ ਹੁੱਲੜਬਾਜ਼ੀ ਦੀ ਘਟਨਾ ਦਾ ਗੰਭੀਰ ਨੋਟਿਸ ਲੈ ਕੇ ਇੱਥੇ ਬੀਟ ਬਾਕਸ ਬਣਾਇਆ ਜਾਵੇ। ਜੇਕਰ ਪੁਲੀਸ ਪ੍ਰਸ਼ਾਸਨ ਇਹ ਸੋਚ ਰਿਹਾ ਹੈ ਕਿ ਜਾਂ ਸਿਰਫ਼ ਪੀਸੀਆਰ ਟੀਮਾਂ ਲਗਾ ਕੇ ਹੀ ਹੁੱਲੜਬਾਜ਼ਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਲਵੇਗੀ ਤਾਂ ਇਹ ਕਤੱਈ ਸਹੀ ਫ਼ੈਸਲਾ ਨਹੀਂ ਹੋਵੇਗਾ।
ਬੇਦੀ ਨੇ ਕਿਹਾ ਕਿ ਫੇਜ਼-3ਬੀ-2 ਸ਼ਹਿਰ ਦਾ ਪ੍ਰਮੁੱਖ ਸ਼ਾਪਿੰਗ ਖੇਤਰ ਹੈ ਤੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋੰ ਪਹਿਲਾਂ ਵਾਪਰੀਆਂ ਅਨੇਕਾਂ ਘਟਨਾਵਾਂ ਮਗਰੋੰ ਪੁਲੀਸ-ਪ੍ਰਸ਼ਾਸਨ ਨੂੰ ਚੌਕਸ ਹੋ ਜਾਣਾ ਚਾਹੀਦਾ ਸੀ ਅਤੇ ਦੇਰੀ ਦਾ ਨਤੀਜਾ ਹੀ ਸ਼ਨਿੱਰਵਾਰ ਦੀ ਘਟਨਾ ਹੈ। ਉਹਨਾਂ ਕਿਹਾ ਕਿ ਹਰੇਕ ਸ਼ਹਿਰੀ ਤੇ ਖ਼ਾਸ ਕਰਕੇ ਦੁਕਾਨਦਾਰ ਆਪਣੇ ਕਰੋੜਾਂ ਰੁਪਏ ਦੇ ਕਾਰੋਬਾਰਾਂ/ਸ਼ੋਅਰੂਮਾਂ ਅੱਗੇ ਇਕ ਸ਼ਾਂਤਮਾਈ ਤੇ ਚੰਗਾ ਅਮਨ-ਕਾਨੂੰਨ ਲੋਚਦਾ ਹੈ ਜੋ ਕਿ ਟੈਕਸਦਾਤਾ ਹੋਣ ਕਰਕੇ ਉਸਦਾ ਸੰਵਿਧਾਨਿਕ ਹੱਕ ਹੈ। ਚਿੱਟੇ ਦਿਨ ਹਥਿਆਰਾਂ ਦੀ ਨੁਮਾਇਸ਼ ਤੇ ਸ਼ਰੇਆਮ ਲੜਾਈ ਨੇ ਇਹ ਵੀ ਦੱਸ ਦਿੱਤਾ ਕਿ ਸ਼ਹਿਰ ‘ਚ ਪੁਲੀਸ-ਪ੍ਰਬੰਧ ਨਾਕਾਫ਼ੀ ਹਨ। ਡਿਪਟੀ ਮੇਅਰ ਨੇ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਭਵਿੱਖ ਵਿੱਚ ਇਸ ਢਿੱਲ ਦੇ ਗੰਭੀਰ ਸਿੱਟੇ ਦੁਕਾਨਦਾਰਾਂ ਤੇ ਆਮ ਜਨਤਾ ਨੂੰ ਭੁਗਤਣੇ ਪੈਣਗੇ ਅਤੇ ਸਿੱਧਾ ਜ਼ਿੰਮੇਵਾਰ ਪੁਲੀਸ ਤੇ ਸਿਵਲ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਮਾਰਕੀਟ ਵਿੱਚ ਗੁੰਡਾਗਰਦੀ ਰੋਕਣ ਲਈ ਇੱਥੇ ਪੁਲੀਸ ਪੋਸਟ ਬਣਾਈ ਜਾਵੇ ਅਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਜਾਣ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।