ਗੇੜੀ ਰੂਟ: ਮਾਰਕੀਟ ਦੀ ਪਾਰਕਿੰਗ ਵਿੱਚ ਸ਼ਰ੍ਹੇਆਮ ਛਲਕਦੇ ਨੇ ਜਾਮ, ਪੁਲੀਸ ਬੇਵਸ

ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਗੇੜੀ ਰੂਟ ਵਜੋਂ ਮਸ਼ਹੂਰ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਨੌਜਵਾਨਾਂ ਵੱਲੋਂ ਸ਼ਰ੍ਹੇਆਮ ਸ਼ਰਾਬ ਪੀਣ ਕਾਰਨ ਖ਼ਰੀਦਦਾਰੀ ਕਰਨ ਆਉਂਦੀਆਂ ਅੌਰਤਾਂ ਅਤੇ ਨੌਜਵਾਨ ਮੁਟਿਆਰਾਂ ਨੂੰ ਕਾਫ਼ੀ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਹਾਲਾਂਕਿ ਮੁਹਾਲੀ ਪੁਲੀਸ ਸਖ਼ਤੀ ਵਰਤਣ ਦੇ ਦਾਅਵੇ ਤਾਂ ਕਰਦੀ ਹੈ ਪਰ ਹਕੀਕਤ ਕੋਹਾਂ ਦੂਰ ਹੈ। ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ ਬਲਕਿ ਰੋਜ਼ਾਨਾ ਅਜਿਹਾ ਕੁੱਝ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ।
ਮਹਿਲਾ ਕੌਂਸਲਰ ਰੁਪਿੰਦਰ ਕੌਰ ਰੀਨਾ ਦੇ ਪਤੀ ਕੁਲਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਦੇਰ ਸ਼ਾਮ ਉਹ ਮਾਰਕੀਟ ਵਿੱਚ ਖ਼ਰੀਦਦਾਰੀ ਕਰਨ ਆਏ ਸੀ। ਜਿਵੇਂ ਹੀ ਉਹ ਮਾਰਕੀਟ ਵਿੱਚ ਦਾਖ਼ਲ ਹੋਏ ਤਾਂ ਦੁਕਾਨਾਂ ਦੇ ਬਿਲਕੁਲ ਬਾਹਰ ਵਾਹਨ ਪਾਰਕਿੰਗ ਵਿੱਚ ਖੜੀ ਹਰਿਆਣਾ ਨੰਬਰ ਦੀ ਕਾਰ ਦੀ ਪਿਛਲੀ ਡਿੱਗੀ ਉੱਤੇ ਸ਼ਰਾਬ ਦੀ ਬੋਤਲ ਪਈ ਸੀ ਅਤੇ ਕੁੱਝ ਨੌਜਵਾਨ ਸ਼ਰ੍ਹੇਆਮ ਪੈਗ ਲਗਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਨਿੱਤ ਦਾ ਕੰਮ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮੋਬਾਈਲ ਨਾਲ ਫੋਟੋਆਂ ਖਿੱਚੀਆਂ ਅਤੇ ਡੀਐਸਪੀ ਸਿਟੀ-1 ਮੋਹਿਤ ਅਗਰਵਾਲ ਸਮੇਤ ਥਾਣਾ ਮੁਖੀਆਂ ਨੂੰ ਵਸਟਅੱਪ ’ਤੇ ਭੇਜ ਕੇ ਇਤਲਾਹ ਦਿੱਤੀ ਗਈ ਲੇਕਿਨ ਦੇਰ ਰਾਤ ਤੱਕ ਕੋਈ ਪੁਲੀਸ ਅਧਿਕਾਰੀ ਜਾਂ ਕਰਮਚਾਰੀ ਮੌਕਾ ਦੇਖਣ ਨਹੀਂ ਆਇਆ। ਨੌਜਵਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤਾਂ ਕੀ ਹੋਣੀ ਸੀ। ਇਹੀ ਨਹੀਂ ਕੁੱਝ ਹੀ ਦੂਰੀ ’ਤੇ ਪੀਸੀਆਰ ਪਾਰਟੀ ਵੀ ਮੌਜੂਦ ਸਨ ਪਰ ਗੱਡੀ ਵਿੱਚ ਮਹਿਲਾ ਮੁਲਾਜ਼ਮ ਹੀ ਬੈਠੀ ਹੋਈ ਸੀ ਪਰ ਇਹ ਸਾਰਾ ਕੁੱਝ ਸ਼ਾਇਦ ਉਨ੍ਹਾਂ ਨੂੰ ਨਜ਼ਰ ਨਹੀਂ ਆਇਆ।
ਕੁਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਹਿੰਮਤ ਕਰਕੇ ਦੁਬਾਰਾ ਡੀਐਸਪੀ ਅਤੇ ਥਾਣਾ ਮੁਖੀ ਨੂੰ ਵਸਟਅੱਪ ’ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀਆਂ ਲਾਈਵ ਫੋਟੋਆਂ ਭੇਜੀਆਂ ਤਾਂ ਉਨ੍ਹਾਂ ਨੇ ਫੋਟੋਆਂ ਦੇਖ ਵੀ ਲਈਆਂ ਲੇਕਿਨ ਬਾਅਦ ਡੀਐਸਪੀ ਨੇ ਆਪਣੇ ਮੋਬਾਈਲ ਦਾ ਸਵਿੱਚ ਆਫ਼ ਕਰ ਲਿਆ। ਜਦੋਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮੀਟਿੰਗਾਂ ਵਿੱਚ ਸੱਦ ਕੇ ਜੁਰਮ ਨੂੰ ਖ਼ਤਮ ਕਰਨ ਲਈ ਪੁਲੀਸ ਨੂੰ ਸਹਿਯੋਗ ਦੇਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪੁਲੀਸ ਦੇ ਭਰੋਸੇ ਸ਼ਹਿਰ ਵਾਸੀਆਂ ਖ਼ੁਦ ਨੂੰ ਸੁਰੱਖਿਅਤ ਸਮਝਦੇ ਹਨ ਪ੍ਰੰਤੂ ਇਸ ਘਟਨਾ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਡੀਐਸਪੀ ਸਿਟੀ-1 ਮੋਹਿਤ ਅਗਰਵਾਲ ਨੇ ਦੱਸਿਆ ਕਿ ਇਹ ਮਾਮਲਾ ਦੋ ਤਿੰਨ ਦਿਨ ਪਹਿਲਾਂ ਦਾ ਹੈ। ਉਦੋਂ ਉਹ ਸ਼ਹਿਰ ਤੋਂ ਬਾਹਰ ਅਤੇ ਛੁੱਟੀ ’ਤੇ ਸਨ ਅਤੇ ਨੈੱਟਵਰਕ ਦੀ ਸਮੱਸਿਆ ਕਾਰਨ ਉਨ੍ਹਾਂ ਦਾ ਫੋਨ ਨਹੀਂ ਸੀ ਚੱਲ ਰਿਹਾ ਕਿਉਂਕਿ ਨੈੱਟਵਰਕ ਵਾਰ-ਵਾਰ ਟੁੱਟ ਰਿਹਾ ਸੀ ਲੇਕਿਨ ਉਨ੍ਹਾਂ ਨੇ ਤੁਰੰਤ ਸਬੰਧਤ ਥਾਣਾ ਮੁਖੀ ਨੂੰ ਕਾਰਵਾਈ ਲਈ ਕਹਿ ਦਿੱਤਾ ਸੀ। ਡੀਐਸਪੀ ਦਾ ਸੁਨੇਹਾ ਲੱਗਣ ਤੋਂ ਬਾਅਦ ਥਾਣਾ ਮੁਖੀ ਨੇ ਖ਼ੁਦ ਮੌਕੇ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਪੁਲੀਸ ਵੱਲੋਂ ਰਾਤ ਨੂੰ ਪੈਟਰੋਲਿੰਗ ਵੀ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਜੇਕਰ ਕਿਸੇ ਕਾਰਨ ਕਿਸੇ ਅਫ਼ਸਰ ਦਾ ਫੋਨ ਨਹੀਂ ਲੱਗ ਰਿਹਾ ਤਾਂ ਉਹ ਪੁਲੀਸ ਕੰਟਰੋਲ ਰੂਮ ’ਤੇ 112 ਨੰਬਰ ਉੱਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੋਬਾਈਲ ਬੰਦ ਕਰ ਲੈਣ ਦੇ ਦੋਸ਼ ਬੇਫਜ਼ੂਲ ਹਨ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…