ਮੁਹਾਲੀ ਦੇ ਟਰੈਫ਼ਿਕ ਲਾਈਟ ਪੁਆਇੰਟਾਂ ’ਤੇ ਬਣਾਏ ਜਾਣਗੇ ਗੋਲ ਚੌਂਕ, ਡੀਸੀ ਨੇ ਲਿਆ ਜਾਇਜ਼ਾ

ਸ਼ਹਿਰ ਵਿੱਚ ਮਾਰਚ 2023 ਤੱਕ ਲੋੜ ਅਨੁਸਾਰ ਗੋਲ ਚੌਕ ਬਣਾਏ ਜਾਣ ਦੀ ਤਜਵੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਮੁਹਾਲੀ ਵਿਖੇ ਵੱਧ ਰਹੀ ਟਰੈਫ਼ਿਕ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਅਤੇ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਟਰੈਫ਼ਿਕ ਲਾਈਟ ਪੁਆਇੰਟਾਂ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਮਾਡਾ, ਨਗਰ ਨਿਗਮ, ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ), ਪੁਲੀਸ, ਰੋਡ ਸੇਫ਼ਟੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ।
ਬੀਤੇ ਦਿਨੀਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੀ ਮੰਗ ’ਤੇ ਸ਼ਹਿਰ ਦੇ ਬੁਨਿਆਂਦੀ ਢਾਂਚੇ, ਆਵਾਜਾਈ ਸਮੱਸਿਆ, ਸੜਕਾਂ ਨੂੰ ਚੌੜਾ ਕਰਨ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਗਮਾਡਾ ਨੂੰ ਆਦੇਸ਼ ਜਾਰੀ ਕੀਤੇ ਗਏ ਸੀ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਡੀਸੀ ਨੇ ਸਾਂਝੀ ਮੀਟਿੰਗ ਸੱਦ ਕੇ ਇਸ ਅਹਿਮ ਪ੍ਰਾਜੈਕਟ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਲਗਾਤਾਰ ਸ਼ਹਿਰ ਦੀਆਂ ਸੜਕਾਂ ’ਤੇ ਟਰੈਫ਼ਿਕ ਵਧ ਰਿਹਾ ਹੈ ਅਤੇ ਦੁਰਘਟਨਾਵਾਂ ਵਿੱਚ ਵੀ ਕਾਫ਼ੀ ਇਜ਼ਾਫਾ ਹੋ ਰਿਹਾ ਹੈ। ਟਰੈਫ਼ਿਕ ਸਮੱਸਿਆ ਦੇ ਹੱਲ ਲਈ ਸਰਕਾਰ ਵੱਲੋਂ ਬਹੁਪੱਖੀ ਯੋਜਨਾ ਤਹਿਤ ਟਰੈਫ਼ਿਕ ਲਾਈਟ ਪੁਆਇੰਟਾਂ ਨੂੰ ਗੋਲ ਚੌਕਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਸਬੰਧੀ ਸਰਕਾਰ ਦੇ ਟਰੈਫ਼ਿਕ ਸਲਾਹਕਾਰ ਅਤੇ ਗਮਾਡਾ ਦੇ ਤਕਨੀਕੀ ਸਲਾਹਕਾਰ ਦੀ ਮਦਦ ਨਾਲ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਰਚ 2023 ਤੱਕ ਇਨ੍ਹਾਂ ਗੋਲ ਚੌਕਾਂ ਦੀ ਉਸਾਰੀ ਕੀਤੇ ਜਾਣ ਦੀ ਯੋਜਨਾ ਹੈ।
ਡੀਸੀ ਨੇ ਦੱਸਿਆ ਏਅਰਪੋਰਟ ਰੋਡ (ਪੀਆਰ-7) ਉੱਤੇ ਵੱਧ ਰਹੇ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਟਰੈਫ਼ਿਕ ਸਲਾਹਕਾਰ ਵੱਲੋਂ ਸਰਵੇ ਕਰਕੇ ਤਜਵੀਜ਼ ਪੇਸ਼ ਕੀਤੀ ਜਾਵੇਗੀ। ਤਲਵਾੜ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਏਅਰਪੋਰਟ ਸੜਕ ’ਤੇ ਲੱਗੀਆਂ ਟਰੈਫ਼ਿਕ ਲਾਈਟਾਂ ਦੀ ਸਿਨਕਰੋਨਾਈਜੇਸ਼ਨ ਕੀਤੀ ਜਾਵੇ ਤਾਂ ਜੋ ਕਿਸੇ ਵੀ ਪੁਆਇੰਟ ’ਤੇ ਏਅਰਪੋਰਟ ਵੱਲ ਜਾਣ ਵਾਲੇ ਟਰੈਫ਼ਿਕ ਨੂੰ ਜ਼ਿਆਦਾ ਦੇਰ ਰੁਕਣਾ ਨਾ ਪਵੇ। ਮੀਟਿੰਗ ਵਿੱਚ ਏਡੀਸੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਤਰਸੇਮ ਚੰਦ, ਜ਼ਿਲ੍ਹਾ ਟਾਊਨ ਪਲਾਨਰ ਗੁਰਦੇਵ ਸਿੰਘ, ਆਰਟੀਏ ਸਕੱਤਰ ਪਰਦੀਪ ਸਿੰਘ ਢਿੱਲੋਂ, ਰੋਡ ਸੇਫ਼ਟੀ ਇੰਜੀਨੀਅਰ ਚਰਨਜੀਤ ਸਮੇਤ ਗਮਾਡਾ ਦੇ ਤਕਨੀਕੀ ਸਲਾਹਕਾਰ, ਨਿਗਮ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…