nabaz-e-punjab.com

ਆਰਆਰਐਸ ਆਗੂ ਗਗਨੇਜਾ ਕਤਲ ਕੇਸ ਦਿੱਲੀ ਵਿੱਚ ਸ਼ਿਫ਼ਟ ਕਰਨ ਦੇ ਮਾਮਲੇ ਸੁਣਵਾਈ ਟਲੀ

ਐਨਆਈਏ ਵੱਲੋਂ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਤੇ ਧਰਮਿੰਦਰ ਗੁਗਨੀ ਨੂੰ ਡਿਸਚਾਰਜ ਕਰਨ ਦੀ ਅਰਜ਼ੀ ਦਾ ਵਿਰੋਧ

ਐਨਆਈਏ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਸੌਂਪੀਆਂ ਚਲਾਨ ਦੀਆਂ ਕਾਪੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਆਰਐਸਐਸ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਕਤਲ ਮਾਮਲੇ ਦੀ ਸੁਣਵਾਈ ਨਵੀਂ ਦਿੱਲੀ ਸਥਿਤ ਐਨਆਈਏ ਅਦਾਲਤ ਵਿੱਚ ਤਬਦੀਲ ਕਰਨ ਦੇ ਮਾਮਲੇ ਦੀ ਸੁਣਵਾਈ 10 ਦਸੰਬਰ ਤੱਕ ਹੋਰ ਅੱਗੇ ਟਲ ਗਈ ਹੈ। ਨੈਸ਼ਨਲ ਜਾਂਚ ਏਜੰਸੀ (ਐਨਆਈਏ) ਨੂੰ ਸੁਪਰੀਮ ਕੋਰਟ ਵਿੱਚ ਜਾਣ ਲਈ ਕੇਂਦਰ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਐਨਆਈਏ ਦੇ ਸੀਨੀਅਰ ਪਬਲਿਕ ਪ੍ਰੋਸੀਕਿਊਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਨਆਈਏ ਦੀ ਜਾਂਚ ਨੂੰ ਕੇਸ ਦਿੱਲੀ ਦੀ ਵਿਸ਼ੇਸ਼ ਅਦਾਲਤ ਵਿੱਚ ਤਬਦੀਲ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਬਚਾਅ ਪੱਖ ਦੇ ਵਕੀਲਾਂ ਜਸਪਾਲ ਸਿੰਘ ਮੰਝਪੁਰ ਅਤੇ ਰਣਜੋਧ ਸਿੰਘ ਸਰਾਓ ਨੇ ਦੱਸਿਆ ਕਿ ਬਚਾਅ ਪੱਖ ਨੇ ਵੀ ਸੁਪਰੀਮ ਕੋਰਟ ਵਿੱਚ ਕੇਵਟ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਐਨਆਈਏ ਦੀ ਅਰਜ਼ੀ ’ਤੇ ਸੁਣਵਾਈ ਮੌਕੇ ਉਨ੍ਹਾਂ ਨੂੰ ਸੁਣਿਆ ਜਾਵੇ।
ਅੱਜ ਕੇਸ ਦੀ ਸੁਣਵਾਈ ਦੌਰਾਨ ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਵੱਲੋਂ ਬਚਾਅ ਪੱਖ ਦੇ ਵਕੀਲਾਂ ਨੂੰ ਮੁਲਜ਼ਮਾਂ ਖ਼ਿਲਾਫ਼ ਪੇਸ਼ ਕੀਤੇ ਚਲਾਨ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਗੁਗਨੀ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਰਵੀਪਾਲ, ਪਹਾੜ ਸਿੰਘ, ਮਲੂਕ, ਪਰਵੇਜ਼ ਅਤੇ ਅਨਿਲ ਕਾਲਾ ਖ਼ਿਲਾਫ਼ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਧਾਰਾ 302, 379, 419, 120ਬੀ, 34, ਅਸਲਾ ਐਕਟ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਰੇ ਮੁਲਜ਼ਮ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਅੱਜ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ ਗਈ ਹੈ।
ਉਧਰ, ਇਸ ਕੇਸ ਵਿੱਚ ਨਾਮਜ਼ਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਉਰਫ਼ ਜੱਗੀ ਜੌਹਲ ਅਤੇ ਧਰਮਿੰਦਰ ਸਿੰਘ ਗੁਗਨੀ ਨੇ ਉਨ੍ਹਾਂ ਨੂੰ ਇਸ ਕੇਸ ’ਚੋਂ ਡਿਸਚਾਰਜ ਕਰਨ ਦੀਆਂ ਵੱਖੋ ਵੱਖ ਅਰਜ਼ੀਆਂ ਦਾਇਰ ਕੀਤੀਆਂ ਹਨ। ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਮੁਲਜ਼ਮਾਂ ਦੀਆਂ ਅਰਜ਼ੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕੇਸ ’ਚੋਂ ਕਿਸੇ ਵੀ ਸੂਰਤ ਵਿੱਚ ਡਿਸਚਾਰਜ ਨਾ ਕੀਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਐਨਆਈਏ ਕੋਲ ਮੁਲਜ਼ਮਾਂ ਦੇ ਖ਼ਿਲਾਫ਼ ਠੋਸ ਸਬੂਤ ਹਨ। ਮੁਲਜ਼ਮਾਂ ਨੇ ਬਾਘਾ ਪੁਰਾਣਾ ਵਿੱਚ ਚੱਲਦੇ ਪੁਰਾਣੇ ਕੇਸ 193 ਨੰਬਰ ਐਫ਼ਆਈਆਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਕੇਸ ਵਿੱਚ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਲਿਹਾਜ਼ਾ ਹੁਣ ਉਨ੍ਹਾਂ ਨੂੰ ਗਗਨੇਜਾ ਕੇਸ ’ਚੋਂ ਵੀ ਡਿਸਚਾਰਜ ਕੀਤਾ ਜਾਵੇ। ਇਸ ਸਬੰਧੀ ਐਨਆਈਏ ਨੇ ਦਲੀਲ ਦਿੱਤੀ ਕਿ ਬਾਘਾ ਪੁਰਾਣਾ ਕੇਸ ਵਿੱਚ ਧਾਰਾਵਾਂ ਘੱਟ ਸਨ ਪ੍ਰੰਤੂ ਇਸ ਕੇਸ ਵਿੱਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਨਆਈਏ ਅਨੁਸਾਰ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ, ਹਰਦੀਪ ਸਿੰਘ ਉਰਫ਼ ਸ਼ੇਰਾ, ਰਮਨਦੀਪ ਸਿੰਘ ਉਰਫ਼ ਕੈਨੇਡੀਅਨ, ਧਰਮਿੰਦਰ ਸਿੰਘ ਉਰਫ਼ ਗੁਗਨੀ ਅਤੇ ਅਨਿਲ ਕੁਮਾਰ ਉਰਫ਼ ਕਾਲਾ ਦੇ ਖ਼ਿਲਾਫ਼ ਦੋਸ ਆਇਦ ਹੋ ਚੁੱਕੇ ਹਨ ਜਦੋਂਕਿ ਤਿੰਨ ਮੁਲਜ਼ਮਾਂ ਹਰਮੀਤ ਸਿੰਘ ਉਰਫ਼ ਹੈਪੀ ਦੇ ਪਾਕਿਸਤਾਨ, ਗੁਰਜਿੰਦਰ ਸਿੰਘ ਉਰਫ਼ ਸ਼ਾਸਤਰੀ ਦੇ ਇਟਲੀ ਅਤੇ ਗੁਰਸ਼ਰਨਬੀਰ ਸਿੰਘ ਉਰਫ਼ ਪਹਿਲਵਾਨ ਦੇ ਯੂਕੇ ਵਿੱਚ ਛੁਪੇ ਹੋਣ ਦਾ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਕੌਮੀ ਜਾਂਚ ਏਜੰਸੀ ਨੇ ਆਪਣੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਹਿੰਦੂ ਆਗੂ ਗਗਨੇਜਾ ਨੂੰ ਕਤਲ ਕਰਨ ਲਈ ਕੇਐਲਐਫ਼ ਸੰਗਠਨ ਵੱਲੋਂ ਸਾਜ਼ਿਸ਼ ਰਚੀ ਗਈ ਸੀ। ਮੁਲਜ਼ਮ ਸ਼ੇਰਾ ਅਤੇ ਬੱਗਾ ਨੂੰ ਹਿੰਦੂ ਆਗੂ ਦੀ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਦੋਂਕਿ ਜੱਗੀ ਜੌਹਲ ’ਤੇ ਵਿਦੇਸ਼ ਤੋਂ ਫੰਡਿੰਗ ਕਰਨ ਦਾ ਦੋਸ਼ ਹੈ। ਇੰਝ ਹੀ ਗੁਗਨੀ ’ਤੇ ਹਥਿਆਰ ਮੁਹੱਈਆ ਕਰਵਾਉਣ ਅਤੇ ਉਸ ਮੈਨੇਜਰ ਰਹੇ ਅਨਿਲ ਕਾਲਾ ’ਤੇ ਹਥਿਆਰ ਅੱਗੇ ਪੁੱਜਦੇ ਕਰਨ ਵਿੱਚ ਸਹਿਯੋਗ ਦੇਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਨਾਮਜ਼ਦ ਮਲੂਕ, ਪਰਵੇਜ਼ ਅਤੇ ਪਹਾੜ ਸਿੰਘ ਜੋ ਕਿ ਯੂਪੀ ਵਿੱਚ ਰਹਿੰਦੇ ਹਨ, ਇਨ੍ਹਾਂ ’ਤੇ ਹਥਿਆਰ ਬਣਾਉਣ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਦੋਂਕਿ ਮਨਪ੍ਰੀਤ ਸਿੰਘ, ਰਵੀਪਾਲ ਅਤੇ ਅਮਨਿੰਦਰ ਸਿੰਘ ਨੇ ਮੁਲਜ਼ਮਾਂ ਦੀ ਹਰ ਪੱਖੋਂ ਮਦਦ ਕੀਤੀ ਦੱਸੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…