
ਫੇਜ਼-9 ਮਾਰਕੀਟ ਦੇ ਨਵੀਨੀਕਰਨ ’ਤੇ 1 ਕਰੋੜ ਤੋਂ ਵੱਧ ਰਾਸ਼ੀ ਖ਼ਰਚੀ ਜਾਵੇਗੀ: ਮੇਅਰ ਜੀਤੀ ਸਿੱਧੂ
ਵਿਕਾਸ ਕਾਰਜਾਂ ਵਿੱਚ ਕੋਤਾਹੀ ਤੇ ਕੁਆਲਿਟੀ ਵਿੱਚ ਸਮਝੌਤਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ: ਮੇਅਰ
ਮੁਹਾਲੀ ਦੇ ਲੋਕਾਂ ਦੀ ਰਾਏ ਤੇ ਸੁਝਾਅ ਅਨੁਸਾਰ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਇੱਥੋਂ ਦੇ ਫੇਜ਼-9 ਦੀ ਮਾਰਕੀਟ ਵਿੱਚ ਵਿਕਾਸ ਕੰਮ ਸ਼ੁਰੂ ਕਰਵਾਉਣ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮਾਰਕੀਟ ਦੇ ਨਵੀਨੀਕਰਨ ’ਤੇ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਜੀਤ ਸਿੰਘ ਬੰਨੀ ਤੇ ਨਿਮਰਤਾ ਢਿੱਲੋਂ ਵੀ ਹਾਜ਼ਰ ਸਨ। ਜੀਤੀ ਸਿੱਧੂ ਨੇ ਕਿਹਾ ਕਿ ਪੂਰੀ ਮਾਰਕੀਟ ਵਿੱਚ ਲਾਲ ਪੱਥਰ ਲਗਾਇਆ ਜਾਵੇਗਾ ਅਤੇ ਮਾਰਕੀਟ ਦੇ ਅੱਗੇ ਵਧੀਆ ਰੇਲਿੰਗ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਬਾਕੀ ਮਾਰਕੀਟਾਂ ਦੇ ਨਵੀਨੀਕਰਨ ਦਾ ਕੰਮ ਲਗਪਗ ਨੇਪਰੇ ਚੜ੍ਹ ਚੁੱਕਾ ਹੈ ਪ੍ਰੰਤੂ ਕਿਸੇ ਕਾਰਨ ਫੇਜ਼-9 ਦੀ ਮਾਰਕੀਟ ਦਾ ਕੰਮ ਪੈਂਡਿੰਗ ਪਿਆ ਸੀ, ਜੋ ਅੱਜ ਸ਼ੁਰੂ ਕਰਵਾ ਦਿੱਤਾ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸੁਝਾਅ ਅਤੇ ਰਾਏ ਅਨੁਸਾਰ ਮੁਹਾਲੀ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕੁਆਲਿਟੀ ਨਾਲ ਸਮਝੌਤਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਨੂੰ ਆਖਿਆ ਗਿਆ ਹੈ ਕਿ ਉਹ ਖ਼ੁਦ ਵਿਕਾਸ ਕੰਮਾਂ ਦੀ ਨਜ਼ਰਸਾਨੀ ਯਕੀਨੀ ਬਣਾਉਣ ਤਾਂ ਜੋ ਮਿਥੇ ਸਮੇਂ ਵਿੱਚ ਵਿਕਾਸ ਕਾਰਜ ਨੇਪਰੇ ਚੜ੍ਹ ਸਕਣ। ਇਸ ਮੌਕੇ ਐਸਡੀਓ ਸੁਖਵਿੰਦਰ ਸਿੰਘ, ਇੰਦਰਜੀਤ ਢਿੱਲੋਂ, ਅਸ਼ੋਕ ਕੁਮਾਰ, ਮਨੋਜ ਮੱਕੜ, ਅਨਿਲ ਆਨੰਦ, ਹਰਦੇਵ ਸਿੰਘ ਰਾਣਾ, ਹਰਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।