Nabaz-e-punjab.com

ਸੰਘ ਮੁਖੀ ਦਾ ‘ਭਾਰਤ ਇਕ ਹਿੰਦੂ ਰਾਸ਼ਟਰ’ ਵਾਲਾ ਬਿਆਨ ਨੀਵੇਂ ਪੱਧਰ ਦੀ ਸੋਚ ਦਾ ਮੁਜ਼ਾਹਰਾ: ਸੇਖਵਾਂ

ਮੋਹਨ ਭਾਗਵਤ ਦਾ ਬਿਆਨ ਭਾਰਤੀ ਸੰਵਿਧਾਨ ਦਾ ਅਪਮਾਨ, ਬੇਗਾਨਗੀ ਦੀ ਭਾਵਨਾ ਪੈਦਾ ਹੋਣ ਦਾ ਖ਼ਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਰਨਲ ਅਤੇ ਮੁੱਖ ਬੁਲਾਰੇ ਜਥੇਦਾਰ ਸੇਵਾ ਸਿੰਘ ਜੀ ਸੇਖਵਾਂ ਨੇ ਪ੍ਰੈਸ ਬਿਆਨ ਜਾਰੀ ਕੀਤਾ। ਜਿਸ ਵਿਚ ਉਹਨਾਂ ਦੁਸਹਿਰੇ ਮੌਕੇ ਨਾਗਪੁਰ ਵਿਖੇ ਸੰਘ ਮੁਖੀ ਮੋਹਨ ਭਾਗਵਤ ਦੇ ‘ਭਾਰਤ ਇਕ ਹਿੰਦੂ ਰਾਸ਼ਟਰ’ ਬਿਆਨ ਨੂੰ ਭਾਰਤੀ ਸੰਵਿਧਾਨ ਦਾ ਅਪਮਾਨ ਕਰਨ ਵਾਲਾ ਕਿਹਾ। ਉਹਨਾਂ ਕਿਹਾ ਕਿ ਇਹ ਕਹਿ ਕੇ ਮੋਹਨ ਭਾਗਵਤ ਨੇ ਭਾਰਤੀ ਸੰਵਿਧਾਨ ਦਾ ਅਪਮਾਨ ਕੀਤਾ ਹੈ। ਇਸ ਤਰ੍ਹਾਂ ਦੇ ਬਿਆਨਾਂ ਨਾਲ ਬਾਕੀ ਧਰਮਾਂ ਅਤੇ ਸੱਭਿਆਚਾਰਾਂ ਵਾਲੇ ਭਾਰਤੀਆਂ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋਵੇਗੀ। ਦੇਸ਼ ਵਿੱਚ ਇਸ ਸਮੇਂ ਭਾਜਪਾ ਦਾ ਰਾਜ ਹੈ ਜੋ ਕਿ ਸੰਘ ਦੀ ਛਤਰ ਛਾਇਆ ਹੇਠ ਕੰਮ ਕਰਦੀ ਹੈ। ਇੰਨੀ ਵੱਡੀ ਜਥੇਬੰਦੀ ਦੇ ਪ੍ਰਧਾਨ ਦੁਆਰਾ ਇਹੋ ਜਿਹੇ ਬਿਆਨ ਉਹਨਾਂ ਦੀ ਮੰਦਭਾਗੀ ਸੋਚ ਦਾ ਪ੍ਰਗਟਾਵਾ ਹਨ।
ਭਾਰਤ ਵਿੱਚ ਰਹਿ ਰਹੇ ਬਾਕੀ ਧਰਮਾਂ, ਬੋਲੀਆਂ, ਸੱਭਿਆਚਾਰਾਂ ਦੇ ਲੋਕਾਂ ਨੂੰ ਹਿੰਦੂ ਕਹਿਣਾ ਨੀਵੇਂ ਪੱਧਰ ਦੀ ਸੋਚ ਦਾ ਮੁਜਾਹਰਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਸਿੱਖ, ਮੁਸਲਿਮ, ਇਸਾਈ, ਬੋਧੀ, ਜੈਨੀ, ਪਾਰਸੀ ਹਰ ਧਰਮ ਦੇ ਲੋਕ ਰਹਿੰਦੇ ਹਨ। ਇਹੋ ਜਿਹੇ ਬਿਆਨ ਉਹਨਾਂ ਦੇ ਦਿਲਾਂ ਤੇ ਸੱਟ ਮਾਰਦੇ ਹਨ। ਸੰਵਿਧਾਨ ਅਨੁਸਾਰ ਹਰੇਕ ਭਾਰਤੀ ਇਨਸਾਨ ਨੂੰ ਆਪਣੀਆਂ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਰੁਚੀਆਂ ਮੁਤਾਬਿਕ ਰਹਿਣ ਦੀ ਖੁੱਲ ਹੈ। ਅਜ਼ਾਦੀ ਤੋਂ ਪਹਿਲਾਂ ਕਦੇ ਵੀ ਇਹ ਦੇਸ਼ ਇੱਕ ਦੇਸ਼ ਦੇ ਸਰੂਪ ਵਿਚ ਨਹੀਂ ਰਿਹਾ। ਇਹ ਵੱਖ ਵੱਖ ਰਿਆਸਤਾਂ ਅਤੇ ਕਬੀਲਿਆਂ ਵਿਚ ਵੰਡਿਆ ਹੋਇਆ ਰਿਹਾ ਹੈ । ਇਸੇ ਕਰਕੇ ਇਸ ਦੇਸ਼ ਵਿੱਚ ਵੱਖ ਵੱਖ ਰਿਵਾਇਤਾਂ, ਵੱਖ ਵੱਖ ਸੱਭਿਆਚਾਰ, ਵੱਖ ਵੱਖ ਲਿੱਪੀਆਂ ਅਤੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕ ਹਨ। ਜਥੇਦਾਰ ਸੇਖਵਾਂ ਨੇ ਕਿਹਾ ਸਿੱਖ ਧਰਮ ਸਭ ਤੋਂ ਨਿਆਰਾ ਧਰਮ ਹੈ। ਭਾਵੇਂ ਕਿ ਸੰਵਿਧਾਨ ਦੀ ਧਾਰਾ 25ਬੀ ਅਨੁਸਾਰ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਹਿੱਸਾ ਦੱਸਿਆ ਗਿਆ ਹੈ ਪਰ ਸੰਵਿਧਾਨ ਦੀ ਬਣਤਰ ਤੋਂ ਲੈ ਕੇ ਅੱਜ ਤੱਕ ਸਿੱਖਾਂ ਦਾ ਧਾਰਾ 25ਬੀ ਵਿੱਚ ਸੋਧ ਲਈ ਸੰਘਰਸ਼ ਜਾਰੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਵੱਖਰੀ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੋਚ ਦੀ ਉਸਾਰੀ ਕੀਤੀ ਜੋਕੇ ਉਸ ਸਮੇਂ ਦੇਸ਼ ਲਈ ਅਤਿ ਜ਼ਰੂਰੀ ਸੀ। ਗੁਰੂ ਸਾਹਿਬ ਦਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਪੂਰੀ ਦੁਨੀਆਂ ਵਿੱਚ ਕਿਸੇ ਵੀ ਹੋਰ ਧਰਮ, ਸੱਭਿਆਚਾਰ ਵਿੱਚ ਵੇਖਣ ਨੂੰ ਨਹੀਂ ਮਿਲੇਗਾ। ਗੁਰੂ ਅੰਗਦ ਦੇਵ ਜੀ ਦੁਆਰਾ ਸੋਧ ਕਰਕੇ ਆਪਣੀ ਗੁਰਮੁਖੀ ਲਿਪੀ ਤਿਆਰ ਕੀਤੀ ਗਈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰਬਾਣੀ ਦਰਜ ਕੀਤੀ ਗਈ। ਭਾਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ 20 ਰੁਪਿਆਂ ਨਾਲ ਸਾਧੂਆਂ ਲਈ ਲੰਗਰ ਲੱਗ ਗਿਆ ਸੀ ਪਰ ਗੁਰੂ ਅਮਰਦਾਸ ਜੀ ਨੇ ਸਭ ਨੂੰ ਬਰਾਬਰਤਾ ਦੇਣ ਅਤੇ ਊਚ ਨੀਚ ਤੋਂ ਮੁਕਤ ਕਰਨ ਲਈ ਸੰਗਤ ਅਤੇ ਪੰਗਤ ਦੀ ਮਰਿਆਦਾ ਸ਼ੁਰੂ ਕੀਤੀ। ਗੁਰੂ ਰਾਮ ਦਾਸ ਜੀ ਦੁਆਰਾ ਦਰਬਾਰ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਜਿਸ ਵਿਚ ਦੁਨੀਆਂ ਦੇ ਹਰ ਇਨਸਾਨ ਨੂੰ ਆਉਣ ਦੀ ਇਜਾਜ਼ਤ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਤੇ ਪੀਰੀ ਦਾ ਸਿਧਾਂਤ ਸਿੱਖੀ ਨੂੰ ਬਾਕੀਆਂ ਤੋਂ ਨਿਆਰਾ ਕਰਦਾ ਹੈ। ਫੇਰ ਜਬਰੀ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਮਾਨਵ ਅਧਿਕਾਰ ਦੀ ਰੱਖਿਆ ਲਈ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਅਤੇ ਆਖਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜਿਕ ਬਰਾਬਰਤਾ ਲਾਗੂ ਕਰਨ ਲਈ ਊਚ ਨੀਚ ਨੂੰ ਖਤਮ ਕਰਕੇ ਨਿਆਰੇ ਖਾਲਸਾ ਸਰੂਪ ਨੂੰ ਜਨਮ ਦਿੱਤਾ ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਭਾਰਤ ਦੇਸ਼ ਤੇ ਜਦੋਂ ਕੋਈ ਵੀ ਸੰਕਟ ਜਾਂ ਮਾੜੀ ਘੜੀ ਆਉਂਦੀ ਹੈ ਤਾਂ ਸਭ ਤੋਂ ਵੱਧ ਦੁੱਖ ਸਿੱਖਾਂ ਨੂੰ ਹੁੰਦਾ ਹੈ। ਸਿੱਖ ਕਦੇ ਵੀ ਇਸ ਦੇਸ਼ ਦਾ ਨੁਕਸਾਨ ਸਹਿਣ ਨਹੀਂ ਕਰ ਸਕਦੇ। ਕਿਉਂਕਿ ਮੁਸਲਮਾਨ, ਅਫਗਾਨੀ ਅਤੇ ਬਰਤਾਨਵੀ ਧਾੜਵੀਆਂ ਦਾ ਸਿੱਖਾਂ ਦੇ ਡੱਟ ਕੇ ਮੁਕਾਬਲਾ ਕੀਤਾ ਅਤੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ । ਉਹਨਾ ਕਿਹਾ ਕਿ ਅੌਰੰਗਜ਼ੇਬ ਵਰਗੇ ਸ਼ਾਸਕਾਂ ਨੇ ਜਬਰੀ ਧਰਮ ਪਰਿਵਰਤਨ ਕਰਾ ਕੇ ਇਹ ਸਾਰਾ ਦੇਸ਼ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਿਹਾ। ਅੌਰੰਗਜ਼ੇਬ ਸਮੇਂ ਤਾਨਾਸ਼ਾਹੀ ਰਾਜ ਸੀ। ਅੱਜ ਸਾਡੇ ਦੇਸ਼ ਵਿਚ ਜਮਹੂਰੀਅਤ ਹੈ ਇਸ ਲਈ ਭਾਗਵਤ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ। ਉਹਨਾ ਕਿਹਾ ਕਿ ਮੈਂ ਸੰਘ ਮੁਖੀ ਨੂੰ ਸਲਾਹ ਦਿੰਦਾ ਹਾਂ ਕੇ ਜਿਸ ਭਾਵਨਾ ਨਾਲ ਦੇਸ਼ ਦਾ ਸੰਵਿਧਾਨ ਬਣਾਇਆ ਗਿਆ ਹੈ ਉਸ ਨੂੰ ਸੱਟ ਮਾਰਨ ਵਾਲੀ ਅਜਿਹੀ ਕੋਈ ਵੀ ਗੱਲ ਨਾ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…