ਹੈਦਰਾਬਾਦ ਤੋਂ ਆਈ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿੱਚ ਬੰਬ ਦੀ ਅਫ਼ਵਾਹ, ਪੁਲੀਸ ਨੂੰ ਭਾਜੜਾਂ ਪਈਆਂ

ਸੁਰੱਖਿਆ ਦਸਤਿਆਂ ਨੇ ਜਹਾਜ਼ ਅਤੇ ਸਵਾਰੀਆਂ ਦੀ ਬਰੀਕੀ ਨਾਲ ਕੀਤੀ ਜਾਂਚ ਪੜਤਾਲ, ਝੂਠੀ ਨਿਕਲੀ ਬੰਬ ਦੀ ਅਫ਼ਵਾਹ

ਨਬਜ਼-ਏ-ਪੰਜਾਬ, ਮੁਹਾਲੀ, 19 ਅਕਤੂਬਰ:
ਹੈਦਰਾਬਾਦ ਤੋਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ ’ਤੇ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ-6ਈ-108 ਵਿੱਚ ਬੰਬ ਰੱਖਣ ਦੀ ਧਮਕੀ ਤੋਂ ਬਾਅਦ ਏਅਰਪੋਰਟ ਪ੍ਰਸ਼ਾਸਨ, ਸੁਰੱਖਿਆ ਦਸਤਿਆਂ ਅਤੇ ਪੁਲੀਸ ਪੁਲੀਸ ਨੂੰ ਭਾਜੜਾਂ ਪੈ ਗਈਆਂ। ਸਬੰਧਤ ਜਹਾਜ਼ ਨੂੰ ਰਨਵੇ ’ਤੇ ਹੀ ਰੋਕ ਕੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਿਨ੍ਹਾਂ ਵਿੱਚ ਬਜ਼ੁਰਗ, ਅੌਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਉਪਰੰਤ ਸਵਾਰੀਆਂ ਅਤੇ ਉਨ੍ਹਾਂ ਦੇ ਹੈਂਡ ਬੈਗ ਦੀ ਪੂਰੀ ਤਰ੍ਹਾਂ ਡੂੰਘਾਈ ਨਾਲ ਸੁਰੱਖਿਆ ਕਰਮੀਆਂ ਨੇ ਜਾਂਚ ਕੀਤੀ। ਇਸ ਦੌਰਾਨ ਸੁਰੱਖਿਆ ਅਮਲੇ ਵੱਲੋਂ ਹਵਾਈ ਜਹਾਜ਼ ਦੀ ਵੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ। ਚੈਕਿੰਗ ਦੇ ਚੱਲਦਿਆਂ ਮੁਸਾਫ਼ਰਾਂ ਨੂੰ ਕਰੀਬ ਤਿੰਨ ਘੰਟੇ ਏਅਰਪੋਰਟ ’ਤੇ ਰੋਕੀ ਰੱਖਿਆ। ਏਅਰਪੋਰਟ ਕੰਪਲੈਕਸ ਅਤੇ ਆਸਪਾਸ ਇਲਾਕੇ ਵਿੱਚ ਦਹਿਸ਼ਤ ਦਾ ਮਾਹਲ ਸੀ ਅਤੇ ਉਕਤ ਫਲਾਈਟ ਵਿੱਚ ਆ ਰਹੇ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡੇ ਹੋਏ ਸਨ, ਕਈ ਯਾਤਰੀਆਂ ਦੇ ਘਰ ਦੇ ਮੈਂਬਰ ਉੱਥੇ ਪਹੁੰਚਣੇ ਵੀ ਸ਼ੁਰੂ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਹੈਦਰਾਬਾਦ ਤੋਂ ਆਈ ਇਹ ਫਲਾਈਟ ਕਰੀਬ ਦੁਪਹਿਰ ਸਾਢੇ 12 ਵਜੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ ਸੀ। ਇਸ ਦੌਰਾਨ ਕਿਸੇ ਨੇ ਇੰਡੀਗੋ ਏਅਰਲਾਈਨਜ਼ ਨੂੰ ਸੋਸ਼ਲ ਮੀਡੀਆ ਰਾਹੀਂ ਜਹਾਜ਼ ਵਿੱਚ ਬੰਬ ਰੱਖੇ ਹੋਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹਵਾਈ ਅੱਡੇ ਦਾ ਅਮਲਾ ਫੈਲਾ ਅਤੇ ਸੁਰੱਖਿਆ ਫੋਰਸ ਹਾਈ ਅਲਰਟ ’ਤੇ ਆ ਗਏ। ਏਅਰਪੋਰਟ ਅਥਾਰਟੀ ਵੱਲੋਂ ਜਿੱਥੇ ਹਵਾਈ ਅੱਡੇ ’ਤੇ ਭਾਰੀ ਪੁਲੀਸ ਫੋਰਸ ਸੱਦੀ ਗਈ, ਉੱਥੇ ਸੂਹੀਆ ਕੁੱਤੇ, ਬੰਬ ਨੂੰ ਨਸ਼ਟ ਕਰਨ ਵਾਲਾ ਦਸਤਾ, ਐਂਬੂਲੈਂਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਬੁਲਾਇਆ ਗਿਆ ਅਤੇ ਸਵਾਰੀਆਂ ਦੀ ਪੂਰੀ ਤਰ੍ਹਾਂ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਸਮੇਤ ਹੋਰ ਉੱਚ ਅਧਿਕਾਰੀ ਅਤੇ ਸੁਰੱਖਿਆ ਦਸਤਿਆਂ ਦੀਆਂ ਕਈ ਟੀਮਾਂ ਵੀ ਹਵਾਈ ਅੱਡੇ ’ਤੇ ਪਹੁੰਚ ਗਈਆਂ।
ਇਸ ਦੌਰਾਨ ਇੰਡੀਗੋ ਏਅਰ ਦੀ ਫਲਾਈਟ ਦੀ ਜਾਂਚ ਕੀਤੀ ਗਈ ਅਤੇ ਮੁਸਾਫ਼ਰਾਂ ਦੇ ਸਮਾਨ ਦੀ ਜਾਂਚ ਤੋਂ ਇਲਾਵਾ ਯਾਤਰੀਆਂ ਕੋਲੋਂ ਵੀ ਲੰਮੀ ਪੁੱਛਗਿੱਛ ਕੀਤੀ ਗਈ। ਜਾਂਚ ਦੌਰਾਨ ਸੁਰੱਖਿਆ ਦਸਤਿਆਂ ਨੂੰ ਸਬੰਧਤ ਜਹਾਜ਼ ਜਾਂ ਯਾਤਰੀਆਂ ਦੇ ਸਮਾਨ ’ਚੋਂ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਬਾਅਦ ਵਿੱਚ ਇਹ ਪੁਸ਼ਟੀ ਕੀਤੀ ਗਈ ਕਿ ਜਹਾਜ਼ ਵਿੱਚ ਬੰਬ ਰੱਖੇ ਹੋਣ ਦੀ ਝੂਠੀ ਅਫ਼ਵਾਹ ਸੀ। ਇਹ ਸੁਣ ਕੇ ਏਅਰਪੋਰਟ ਅਥਾਰਟੀ ਅਤੇ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਕਈ ਯਾਤਰੀਆਂ ਨੇ ਕਿਹਾ ਕਿ ਫਲਾਈਟ ਵਿੱਚ ਕੋਈ ਦਿੱਕਤ ਨਹੀਂ ਸੀ ਲੇਕਿਨ ਜਦੋਂ ਉਹ ਮੁਹਾਲੀ ਏਅਰਪੋਰਟ ’ਤੇ ਉਤਰ ਰਹੇ ਸੀ ਤਾਂ ਜਹਾਜ਼ ਵਿੱਚ ਬੰਬ ਹੋਣ ਦੀ ਅਫ਼ਵਾਹ ਕਾਰਨ ਉਹ ਕਾਫ਼ੀ ਡਰ ਗਏ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …