ਰਿਆਨ ਸਕੂਲ ਕਾਂਡ: ਪ੍ਰਾਈਵੇਟ ਸਕੂਲਾਂ ਨੇ ਚੌਕਸੀ ਵਧਾਈ, ਸਰਕਾਰੀ ਸਕੂਲ ਮੁਖੀ ਵੀ ਹੋਏ ਸਾਵਧਾਨ

ਅਧਿਆਪਕ ਹੋਏ ਸਾਵਧਾਨ: ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵੀ ਬੱਚਿਆਂ ਨੂੰ ਪੜਾਇਆ ਜਾਣ ਲੱਗਾ ਹੈ ਨੈਤਿਕਤਾ ਦਾ ਪਾਠ

ਡੀਸੀ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੌਕੰਨੇ ਰਹਿਣ ਦੇ ਆਦੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਸਾਈਬਰ ਸਿਟੀ ਦੇ ਨਾਂ ਨਾਲ ਮਸ਼ਹੂਰ ਹਰਿਆਣਾ ਦੇ ਗੁਰੂਗ੍ਰਾਮ ਦੇ ਨਾਮੀ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਬੀਤੇ ਦਿਨੀਂ ਦੂਜੀ ਕਲਾਸ ਦੇ ਮਾਸੂਮ ਬੱਚੇ ਦੀ ਬੇਰਹਿਮ ਹੱਤਿਆ ਤੋਂ ਬਾਅਦ ਭਾਵੇਂ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕਾਂ ਨੇ ਆਪਣੇ ਪੱਧਰ ’ਤੇ ਚੌਕਸੀ ਵਧਾ ਦਿੱਤੀ ਹੈ, ਪ੍ਰੰਤੂ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਨੂੰ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਕਈ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਅਜੇ ਤਾਈਂ ਸਰਕਾਰ ਵੱਲੋਂ ਕੋਈ ਚਿੱਠੀ ਪੱਤਰ ਜਾਰੀ ਨਹੀਂ ਹੋਇਆ ਹੈ। ਉਂਜ ਅਧਿਆਪਕਾਂ ਨੇ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨੀ ਵਰਤਨੀ ਸ਼ੁਰੂ ਕਰ ਦਿੱਤੀ ਹੈ ਅਤੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵੀ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਇਆ ਜਾਣ ਲੱਗਿਆ ਹੈ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਸਕੂਲਾਂ ਨੂੰ ਅਗਵਾਈ ਲੀਹਾਂ ਦਿੰਦਿਆਂ ਕੁੱਝ ਜ਼ਰੂਰੀ ਹਦਾਹਿਤਾਂ ਜਾਰੀ ਕਰਕੇ ਉਨ੍ਹਾਂ ਦਾ ਪਾਲਣ ਕਰਨ ਦੇ ਆਦੇਸ਼ ਦਿੱਤੇ ਹਨ।
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਸਮੇਤ ਕਈ ਹੋਰਨਾਂ ਨਾਮੀ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਕੂਲਾਂ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਜ਼ਿਆਦਾਤਰ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਅਤੇ ਪ੍ਰਾਈਵੇਟ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸੀ। ਗੇਟ ’ਤੇ ਚੰਗੀ ਤਰ੍ਹਾਂ ਪੁੱਛਗਿੱਛ ਕਰਨ ਮਗਰੋਂ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ।
ਗਿਆਨ ਜਯੋਤੀ ਸਕੂਲ ਵਿੱਚ ਮੀਡੀਆ ਟੀਮ ਨੂੰ ਪ੍ਰਾਈਵੇਟ ਸੁਰੱਖਿਆ ਗਾਰਡ ਨੇ ਗੇਟ ’ਤੇ ਹੀ ਰੋਕ ਲਿਆ ਅਤੇ ਗੱਡੀ ਬਾਹਰ ਖੜੀ ਕਰਨ ਨੂੰ ਕਿਹਾ ਗਿਆ। ਸਕੂਲ ਦੇ ਚੇਅਰਮੈਨ ਜੇ.ਐਸ. ਬੇਦੀ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਗਿਆ। ਸ੍ਰੀ ਬੇਦੀ ਨੇ ਦੱਸਿਆ ਕਿ ਸਕੂਲ ਗੇਟ ਤੋਂ ਲੈ ਕੇ ਅੰਦਰ ਤੱਕ ਚੱਪੇ ਚੱਪੇ ’ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਸਕੂਲ ਦੀਆਂ ਸੱਤ ਸਕੂਲ ਬੱਸਾਂ ਵਿੱਚ ਚਾਲਕ ਦੇ ਨਾਲ ਕਲੀਨਰ ਤਾਇਨਾਤ ਕੀਤਾ ਗਿਆ ਹੈ। ਲੜਕੀਆਂ ਵਾਲੀ ਬੱਸ ਵਿੱਚ ਮਹਿਲਾ ਕਲੀਨਰ ਦੀ ਤਾਇਨਾਤੀ ਕੀਤੀ ਗਈ ਹੈ। ਸਕੂਲ ਬੱਸ ਸਟਾਫ਼ ਲਈ ਵੱਖਰਾ ਕਮਰਾ ਅਤੇ ਬਾਥਰੂਮ ਦੀ ਵਿਵਸਥਾ ਕੀਤੀ ਗਈ ਹੈ। ਜਿਨ੍ਹਾਂ ’ਤੇ ਚੇਅਰਮੈਨ ਜਾਂ ਪ੍ਰਿੰਸੀਪਲ ਦੀ ਪ੍ਰਵਾਨਗੀ ਤੋਂ ਬਿਨਾਂ ਸਕੂਲ ਅੰਦਰ ਜਾਣ ਤੋਂ ਪਾਬੰਦੀ ਹੈ।
ਸ੍ਰੀ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 1500 ਬੱਚੇ ਪੜ੍ਹਦੇ ਹਨ। ਸਕੂਲ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਅਤੇ ਜੀਪੀਐਸ ਸਿਸਟਮ ਲੱਗਾ ਹੋਇਆ ਹੈ। ਬੱਚਿਆਂ ਦੇ ਮਾਪੇ ਆਪਣੇ ਘਰ ਬੈਠੇ ਹੀ ਮੋਬਾਈਲ ਫੋਨ ’ਤੇ ਬੱਸ ਦੀ ਲੋਕੇਸ਼ਨ ਦਾ ਪਤਾ ਕਰ ਸਕਦੇ ਹਨ। ਕਲਾਸ ਰੂਮ ਅਤੇ ਬਾਹਰ ਬਰਾਂਡਿਆਂ ਵਿੱਚ ਵੀ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਿਨ੍ਹਾਂ ਦਾ ਕੰਟਰੋਲ ਪ੍ਰਿੰਸਪੀਲ ਅਤੇ ਕੋਆਰਡੀਨੇਟਰ ਦੇ ਦਫ਼ਤਰਾਂ ਵਿੱਚ ਲਗਾਇਆ ਗਿਆ ਹੈ। ਜੇਕਰ ਕੋਈ ਬੱਚਾ ਕਲਾਸ ਰੂਮ ’ਚੋਂ ਬਾਹਰ ਜਾਂਦਾ ਹੈ ਜਾਂ ਬਰਾਂਡੇ ਤੋਂ ਬਾਹਰ ਘੁੰਮਦਾ ਫਿਰਦਾ ਨਜ਼ਰ ਆਉਂਦਾ ਹੈ ਤਾਂ ਸਟਾਫ਼ ਤੁਰੰਤ ਹਰਕਤ ਵਿੱਚ ਆ ਕੇ ਬੱਚਿਆਂ ਨੂੰ ਕਲਾਸ ਰੂਮ ਵਿੱਚ ਭੇਜਿਆ ਜਾਂਦਾ ਹੈ। ਇਹੀ ਨਹੀਂ ਬੱਚਿਆਂ ਨੂੰ ਘਰ ਤੋਂ ਸਕੂਲ ਲਿਆਉਣ ਅਤੇ ਛੁੱਟੀ ਤੋਂ ਬਾਅਦ ਘਰ ਛੱਡਣ ਤੱਕ ਪੂਰੀ ਨਜ਼ਰ ਰੱਖੀ ਜਾਂਦੀ ਹੈ। ਬੱਸ ਵਿੱਚ ਫਸਟ ਏਡ ਦੀ ਕਿੱਟ ਵੀ ਉਪਲਬਧ ਹੈ ਅਤੇ ਚਾਲਕ ਅਤੇ ਕਲੀਨਰ ਨੂੰ ਮੁੱਢਲੀ ਮੈਡੀਕਲ ਸਹਾਇਤਾਂ ਸਬੰਧੀ ਬਕਾਇਦਾ ਸਿਖਲਾਈ ਦਿੱਤੀ ਗਈ ਹੈ। ਹੁਣ ਤੱਕ ਬੱਚਿਆਂ ਦੇ ਮਾਪਿਆਂ ਵੱਲੋਂ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਵੀ ਨਹੀਂ ਮਿਲੀ ਹੈ।
ਇਸੇ ਤਰ੍ਹਾਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69, ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71, ਸੰਤ ਈਸਰ ਸਿੰਘ ਪਬਲਿਕ ਸਕੂਲ ਫੇਜ਼-7 ਅਤੇ ਸੈਕਟਰ-70 ਅਤੇ ਸ਼ਾਸਤਰੀ ਮਾਡਲ ਸਕੂਲ ਫੇਜ਼-1 ਅਤੇ ਬੀਐਮਡੀ ਪਬਲਿਕ ਸਕੂਲ ਫੇਜ਼-9 ਸਮੇਤ ਕਈ ਹੋਰਨਾਂ ਸਕੂਲਾਂ ਦਾ ਦੌਰਾ ਕੀਤਾ ਗਿਆ। ਇਨ੍ਹਾਂ ਸਕੂਲ ਪ੍ਰਬੰਧਕਾਂ ਨੇ ਵੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੁਖਤਾਂ ਇੰਤਜਾਮ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ, ਸਟਾਫ਼ ਅਤੇ ਲੜਕੀਆਂ ਲਈ ਵੱਖੋ ਵੱਖਰੇ ਬਾਥਰੂਮਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਕੂਲ ਬੱਸਾਂ ਵਿੱਚ ਆਉਣ ਜਾਣ ਵੇਲੇ ਪੂਰੀ ਸਾਵਧਾਨੀ ਵਰਤੀ ਜਾਂਦੀ ਹੈ।
ਉਧਰ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਪੱਤਰ ਜਾਰੀ ਕਰਕੇ ਆਪੋ ਆਪਣੇ ਸਿੱਖਿਆ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵਿਦਿਆਰਥੀਆਂ ਨਾਲ ਸਰੀਰਕ, ਮਾਨਸਿਕ ਸ਼ੋਸ਼ਣ ਸਮੇਤ ਕਿਸੇ ਕਿਸਮ ਦੀ ਘਟਨਾ ਵਾਪਰਨ ’ਤੇ ਸਕੂਲ\ਕਾਲਜ ਦਾ ਮੁਖੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਤੋਂ ਲੈ ਕੇ ਚਪੜਾਸੀ ਤੱਕ ਦੇ ਸਟਾਫ਼ ਸਕੂਲ ਬੱਸ ਦੇ ਚਾਲਕ ਅਤੇ ਕਲੀਨਰ ਦੀ ਪੁਲੀਸ ਵੈਰੀਫਿਕੇਸ਼ਨ ਕਰਵਾਉਣ ਦੀ ਹਦਾਇਤ ਵੀ ਕੀਤੀ ਹੈ। ਇਸ ਸਬੰਧੀ ਉਨ੍ਹਾਂ ਕਾਲਜ ਤੇ ਯੂਨੀਵਰਸਿਟੀ ਲਈ ਸਬੰਧਤ ਸਬ ਡਿਵੀਜ਼ਨ ਦੇ ਐਸਡੀਐਮ ਅਤੇ ਸਕੂਲਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੀਸੀ ਨੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੁਲੀਸ ਕੰਟਰੋਲ ਰੂਮ ਦੇ ਨੰਬਰ 0172-2210357 ਅਤੇ ਜ਼ਿਲ੍ਹਾ ਬਾਲ ਤੇ ਸੁਰੱਖਿਆ ਅਫ਼ਸਰ ਸ੍ਰੀਮਤੀ ਨਵਪ੍ਰੀਤ ਕੌਰ ਦੇ ਨਾਲ ਟੋਲ ਫਰੀ ਨੰਬਰ 0172-2219185 ਜਾਂ 1098 ’ਤੇ ਸੰਪਰਕ ਕਰਨ ਲਈ ਆਖਿਆ ਹੈ।
ਉਧਰ, ਜ਼ਿਲ੍ਹਾ ਬਾਲ ਤੇ ਸੁਰੱਖਿਆ ਅਫ਼ਸਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਰਿਆਨ ਸਕੂਲ ਦੇ ਬੱਚੇ ਦੀ ਮੌਤ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਤੇ ਕਾਲਜਾਂ ਨੂੰ ਸਾਫ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਿਦਿਆਰਥੀਆਂ ਦੇ ਬਾਥਰੂਮਾਂ ਨੂੰ ਕੋਈ ਦੂਜਾ ਇਸਤੇਮਾਲ ਨਹੀਂ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਤੇ ਕਾਲਜਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡੀਸੀ ਦੇ ਤਾਜ਼ਾਂ ਹੁਕਮਾਂ ਦਾ ਇੱਕ ਇੱਕ ਉਤਾਰਾ ਐਸਐਸਪੀ ਸਮੇਤ ਮੁਹਾਲੀ, ਖਰੜ, ਡੇਰਾਬੱਸੀ ਦੇ ਉਪ ਮੰਡਲ ਮੈਜਿਸਟਰੇਟਾਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਐਲੀਮੈਂਟਰੀ) ਨੂੰ ਭੇਜਿਆ ਗਿਆ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…