
ਅੰਮ੍ਰਿਤਸਰ ਤੋਂ ਨਾਂਦੇੜ (ਵਾਇਆ ਚੰਡੀਗੜ੍ਹ-ਮੁਹਾਲੀ) ਸੱਚਖੰਡ ਐਕਸਪ੍ਰੈਸ ਦਾ ਰੂਟ ਨਾ ਬਦਲਿਆ ਜਾਵੇ
ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਧਰਮ ਨਾਲ ਸਬੰਧਤ ਦੋ ਪ੍ਰਮੁੱਖ ਅਸਥਾਨਾਂ ਨੂੰ ਜੋੜਨ ਵਾਲੀ ਸੱਚਖੰਡ ਐਕਸਪ੍ਰੈਸ ਜੋ ਅੰਮ੍ਰਿਤਸਰ ਤੋਂ ਚੱਲਦੀ ਹੈ, ਦਾ ਰੂਟ ਨਾ ਬਦਲਿਆ ਜਾਵੇ। ਉਨ੍ਹਾਂ ਦੱਸਿਆ ਕਿ ਸੱਚਖੰਡ ਐਕਸਪ੍ਰੈਸ ਅੰਮ੍ਰਿਤਸਰ ਸਾਹਿਬ ਤੋਂ ਤੋਂ ਵਾਇਆ ਲੁਧਿਆਣਾ, ਮੁਹਾਲੀ, ਚੰਡੀਗੜ੍ਹ, ਅੰਬਾਲਾ, ਰਾਜਪੁਰਾ ਤੋਂ ਹੁੰਦੀ ਹੋਈ ਨਾਂਦੇੜ ਸਾਹਿਬ ਪਹੁੰਚਦੀ ਹੈ ਅਤੇ ਇਸੇ ਹੀ ਰੂਟ ’ਤੇ ਵਾਪਸ ਆਉਂਦੀ ਹੈ।
ਸ੍ਰੀ ਸੋਂਧੀ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਇਸ ਵਿਸ਼ੇਸ਼ ਰੇਲ ਗੱਡੀ ਦਾ ਰੂਟ ਬਦਲਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਇਹ ਰੇਲ ਗੱਡੀ ਹੁਣ ਅੰਮ੍ਰਿਤਸਰ ਤੋਂ ਵਾਇਆ ਲੁਧਿਆਣਾ, ਅੰਬਾਲਾ, ਰਾਜਪੁਰਾ ਤੋਂ ਹੁੰਦੀ ਹੋਈ ਨਾਂਦੇੜ ਪਹੁੰਚੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਬਦਲੇ ਹੋਏ ਰੂਟ ਨਾਲ ਮੁਹਾਲੀ ਅਤੇ ਚੰਡੀਗੜ੍ਹ ਸਮੇਤ ਹੋਰ ਲਾਗਲੇ ਇਲਾਕੇ ਦੇ ਲੋਕ ਚੰਡੀਗੜ੍ਹ-ਮੁਹਾਲੀ ਤੋਂ ਸਿੱਧਾ ਨਾਂਦੇੜ ਸਾਹਿਬ ਪਹੁੰਚਣ ਦੀ ਸਹੂਲਤ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗੁਰਦੁਆਰਾ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਇਸ ਮੁੱਦੇ ’ਤੇ ਕੇਂਦਰੀ ਰੇਲ ਮੰਤਰੀ ਤੱਕ ਪਹੁੰਚ ਕੀਤੀ ਜਾਵੇ। ਜਿਸ ਕਾਰਨ ਜਥੇਬੰਦੀ ਨੇ ਇਹ ਪੱਤਰ ਲਿਖਿਆ ਹੈ।