Nabaz-e-punjab.com

ਅਕਾਲੀ-ਭਾਜਪਾ ਕੌਂਸਲਰਾਂ ਵੱਲੋਂ ਸਿਹਤ ਮੰਤਰੀ ’ਤੇ ਨਗਰ ਨਿਗਮ ਦੇ ਕੰਮਾਂ ਦਾ ਸਿਹਰਾ ਲੈਣ ਦਾ ਦੋਸ਼

ਸੀਵਰੇਜ ਪ੍ਰਾਜੈਕਟ ਨੂੰ ਲੈ ਕੇ ਮੁਹਾਲੀ ਦੀ ਸਿਆਸਤ ਗਰਮਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਮੁਹਾਲੀ ਵਿੱਚ 40 ਸਾਲ ਪੁਰਾਣੀ ਕੰਡਮ ਹੋ ਰਹੀ ਸੀਵਰੇਜ ਲਾਈਨ ਨੂੰ ਬਦਲ ਕੇ ਨਵੀਂ ਪਾਈਪਲਾਈਨ ਵਿਛਾਉਣ ਦੇ 22 ਕਰੋੜੀ ਪ੍ਰਾਜੈਕਟ ਦਾ ਸਿਹਰਾ ਲੈਣ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਧੜਾ ਸਮੇਤ ਸਮੂਹ ਅਕਾਲੀ-ਭਾਜਪਾ ਕੌਂਸਲਰ ਆਹਮੋ ਸਾਹਮਣੇ ਆ ਗਏ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨੀਂ ਇੱਥੋਂ ਦੇ ਫੇਜ਼-10 ਸਥਿਤ ਨਾਈਪਰ ਨੇੜੇ ‘ਅੰਮ੍ਰਿਤ ਸਕੀਮ’ ਤਹਿਤ 22 ਕਰੋੜੀ ਸੀਵਰੇਜ ਪ੍ਰਾਜੈਕਟ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮੁਕੰਮਲ ਤੋਂ ਬਾਅਦ ਲੰਮੇ ਅਰਸੇ ਤੱਕ ਸ਼ਹਿਰ ਵਾਸੀਆਂ ਨੂੰ ਸੀਵਰੇਜ ਜਾਮ ਅਤੇ ਲੀਕੇਜ ਦੀ ਸਮੱਸਿਆ ਨਾਲ ਜੂਝਣਾ ਨਹੀਂ ਪਵੇਗਾ।
ਉਧਰ, ਅੱਜ ਅਕਾਲੀ ਦਲ ਤੇ ਭਾਜਪਾ ਦੇ ਸਮੂਹ ਕੌਂਸਲਰਾਂ ਨੇ ਦੋਸ਼ ਲਾਇਆ ਕਿ ਸਿਹਤ ਮੰਤਰੀ ਸਿੱਧੂ ਨਗਰ ਨਿਗਮ ਦੇ ਕੰਮਾਂ ਵਿੱਚ ਗਲਤ ਦਖ਼ਲਅੰਦਾਜ਼ੀ ਕਰਕੇ ਵਿਕਾਸ ਕਾਰਜਾਂ ਸਬੰਧੀ ਫੌਕੀ ਸੌਹਰਤ ਖੱਟਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨਿਗਮ ਪ੍ਰਾਜੈਕਟਾਂ ਦਾ ਮੰਤਰੀ ਨੂੰ ਉਦਘਾਟਨ ਕਰਨ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸ੍ਰੀ ਸਿੱਧੂ ਓਪਨ ਏਅਰ ਜਿਮਾਂ ਦੇ ਉਦਘਾਟਨਾਂ ਕਰਕੇ ਮੇਅਰ ਧੜੇ ਦੇ ਨਿਸ਼ਾਨੇ ’ਤੇ ਰਹੇ ਹਨ।
ਅੱਜ ਨਗਰ ਨਿਗਮ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਤੇ ਹਰਪਾਲ ਸਿੰਘ ਚੰਨਾ ਅਤੇ ਭਾਜਪਾ ਆਗੂ ਅਰੁਣ ਸ਼ਰਮਾ ਨੇ ਦੱਸਿਆ ਕਿ ਬੀਤੀ 12 ਮਾਰਚ ਨੂੰ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬਜਟ ਮੀਟਿੰਗ ਵਿੱਚ ਇੱਥੋਂ ਦੇ ਫੇਜ਼-1 ਤੋਂ ਫੇਜ਼-11 ਤੱਕ 21.90 ਕਰੋੜ ਦੀ ਲਾਗਤ ਨਾਲ ਨਵੀਂ ਸੀਵਰੇਜ ਪਾਈਪਲਾਈਨ ਪਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਇਹ ਸੀਵਰੇਜ ਲਾਈਨ ਰਿਹਾਇਸ਼ੀ ਖੇਤਰ ਦੇ ਬਾਹਰੋ ਬਾਹਰ ਕੱਢੀ ਜਾਣੀ ਹੈ ਪ੍ਰੰਤੂ ਸਿਹਤ ਮੰਤਰੀ ਨੇ ਬੀਤੇ ਕੱਲ੍ਹ ਇਸ ਦਾ ਕੰਮ ਕਰਕੇ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਉਂਜ ਮੇਅਰ ਬਣਨ ਤੋਂ ਬਾਅਦ ਨਿਗਮ ਦੀ ਪਹਿਲੀ ਮੀਟਿੰਗ ਵਿੱਚ ਇਹ ਪ੍ਰਾਜੈਕਟ ਲਿਆਂਦਾ ਗਿਆ ਸੀ ਅਤੇ ਮੇਅਰ ਦੀ ਪਹਿਰੇਦਾਰੀ ਅਤੇ ਦੂਰਅੰਦੇਸ਼ੀ ਕਾਰਨ ਇਸ ਪ੍ਰਾਜੈਕਟ ਦਾ ਤੀਜੀ ਵਾਰ ਟੈਂਡਰ ਨੋਟਿਸ ਕਰਕੇ ਮੈਸਰਜ ਓਰੀਐਂਟਲ ਸੀਰਾਮਿਕਸ ਐਂਡ ਰੈਫਰੈਕਟਰੀਜ਼ ਨੂੰ ਕੰਮ ਅਲਾਟ ਕੀਤਾ ਗਿਆ ਸੀ। ਕੌਂਸਲਰਾਂ ਨੇ ਕੈਬਨਿਟ ਮੰਤਰੀ ਨੂੰ ਸੁਆਲ ਕੀਤਾ ਕਿ ਉਹ ਦੱਸਣ ਇਸ ਪ੍ਰਾਜੈਕਟ ਲਈ ਉਨ੍ਹਾਂ ਨੇ ਕੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕੈਬਨਿਟ ਮੰਤਰੀ ’ਤੇ ਨਗਰ ਨਿਗਮ ਦੇ 200 ਟੈਂਡਰ ਰੁਕਵਾ ਕੇ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਅੜਿੱਕਾ ਪਾਉਣ ਦਾ ਦੋਸ਼ ਲਾਇਆ। ਇਸ ਤੋਂ ਪਹਿਲਾਂ ਵੀ ਸਿਟੀ ਬੱਸ ਸਰਵਿਸ, ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਦਾ ਕੰਮ ਰੋਕਿਆ ਗਿਆ ਹੈ ਅਤੇ ਅੰਡਰ ਗਰਾਊਂਡ ਰਸੋਈ ਗੈਸ ਪਾਈਪਲਾਈਨ ਦਾ ਕੰਮ ਰੁਕਵਾਉਣ ਲਈ ਵੀ ਕੋਈ ਕਸਰ ਨਹੀਂ ਛੱਡੀ ਸੀ।
ਇਸ ਮੌਕੇ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਸਿੰਘ ਰੂਬੀ, ਪਰਵਿੰਦਰ ਸਿੰਘ ਤਸਿੰਬਲੀ, ਗੁਰਮੁੱਖ ਸਿੰਘ ਸੋਹਲ, ਕਮਲਜੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਪਰਮਜੀਤ ਸਿੰਘ ਕਾਹਲੋਂ, ਰਜਨੀ ਗੋਇਲ, ਜਸਬੀਰ ਕੌਰ ਅੱਤਲੀ, ਗੁਰਮੀਤ ਕੌਰ ਅਤੇ ਭਾਜਪਾ ਕੌਂਸਲਰ ਬੌਬੀ ਕੰਬੋਜ, ਸ੍ਰੀਮਤੀ ਪ੍ਰਕਾਸ਼ਵਤੀ, ਭਾਜਪਾ ਆਗੂ ਰਮੇਸ਼ ਵਰਮਾ, ਜਸਪਾਲ ਸਿੰਘ ਮਟੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…