Share on Facebook Share on Twitter Share on Google+ Share on Pinterest Share on Linkedin ਅਕਾਲੀ ਭਾਜਪਾ ਕੌਂਸਲਰਾਂ ਨੇ ਕੈਬਨਿਟ ਮੰਤਰੀ ਸਿੱਧੂ ’ਤੇ ਲਾਇਆ ਨਗਰ ਨਿਗਮ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਦੇਣ ਦਾ ਦੋਸ਼ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸਿੱਧੂ ਕਰ ਰਹੇ ਹਨ ਨਗਰ ਨਿਗਮ ਦੇ ਕੰਮਾਂ ਦਾ ਉਦਘਾਟਨ ਪਿਛਲੀ 10 ਸਾਲਾਂ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਮੁਹਾਲੀ ਦੇ ਵਿਕਾਸ ਲਈ ਡੱਕਾ ਨਹੀਂ ਤੋੜਿਆ: ਬਲਬੀਰ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ: ਮੁਹਾਲੀ ਨਗਰ ਨਿਗਮ ਦੇ ਅਕਾਲੀ ਭਾਜਪਾ ਕੌਂਸਲਰਾਂ ਨੇ ਮੁਹਾਲੀ ਦੇ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਨਗਰ ਨਿਗਮ ਵੱਲੋਂ ਪਾਸ ਕੀਤੇ ਗਏ ਕੰਮਾਂ ਦਾ ਉਦਘਾਟਨ ਕਰਕੇ ਫੋਕੀ ਸ਼ੋਹਰਤ ਬਟੋਰਨ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਮੰਤਰੀ ਸਿੱਧੂ ਨੇ ਡੇਢ ਸਾਲ ਤੋਂ ਮੋਹਾਲੀ ਵਾਸਤੇ ਇਕ ਰੁਪਏ ਦੀ ਗ੍ਰਾਂਟ ਨਹੀਂ ਦਿੱਤੀ ਅਤੇ ਨਾ ਹੀ ਮੰਤਰੀ ਬਣਨ ਤੋਂ ਬਾਅਦ ਕਦੇ ਮੀਟਿੰਗ ਵਿਚ ਹੀ ਆਏ ਹਨ ਪਰ ਜਦੋਂ ਵੀ ਨਗਰ ਨਿਗਮ ਵਲੋਂ ਪਾਸ ਕੀਤਾ ਗਿਆ ਕੋਈ ਅਹਿਮ ਕੰਮ ਹੁੰਦਾ ਹੈ। ਜਿਸ ਵਿੱਚ ਨਿਗਮ ਦੇ ਫੰਡ ਲੱਗ ਰਹੇ ਹੁੰਦੇ ਹਨ ਤਾਂ ਆਪਣੀ ਚੌਧਰ ਦਰਸਾਉਣ ਲਈ ਮੰਤਰੀ ਸਿੱਧੂ ਆਪਣੀ ਫੋਟੋ ਖਿਚਵਾਉਣ ਪੁੱਜ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਨਾ ਸਿਰਫ ਨਿਗਮ ਦੇ ਮਾਮਲਿਆਂ ਵਿਚ ਦਖਲਅੰਦਾਜੀ ਕਰਨ ਸਬੰਧੀ ਮੰਤਰੀ ਦੇ ਨਾਲ ਨਾਲ ਉਨ੍ਹਾਂ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ ਜੋ ਇਸ ਉਦਘਾਟਨ ਮੌਕੇ ਹਾਜਰ ਸਨ। ਤਾਜਾ ਮਾਮਲੇ ਵਿਚ ਪਿੰਡ ਕੁੰਭੜਾ ਵਿਚ ਲਿਗਮ ਵਲੋਂ ਪਾਸ ਕੀਤੇ 79 ਲੱਖ ਦੇ ਖਰਚੇ ਨਾਲ ਫਿਰਨੀ ਦੇ ਕੰਮ ਦਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਉਦਘਾਟਨ ਕਰਨ ਸਬੰਧੀ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਅਕਾਲੀ-ਭਾਜਪਾ ਕੌਂਸਲਰਾਂ ਨੇ ਕਿਹਾ ਕਿ ਇਨ੍ਹਾਂ ਕੰਮਾਂ ਲਈ ਨਿਗਮ ਦੀਆਂ ਮੀਟਿੰਗ ਵਿਚ ਪਿੰਡ ਕੁੰਭੜਾ ਦੇ ਕੌਂਸਲਰ ਰਵਿੰਦਰ ਬਿੰਦਰਾ ਅਤੇ ਰਮਨਪ੍ਰੀਤ ਕੌਰ ਆਪਣੀ ਮੰਗ ਕਰਦੇ ਰਹੇ ਹਨ। ਜਿਸ ਤੋਂ ਬਾਅਦ ਨਿਗਮ ਨੇ 79 ਲੱਖ ਦੇ ਮਤੇ ਪਾਸ ਕੀਤੇ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਵੀ ਹੈ ਕਿ ਜਿਸ ਮੀਟਿੰਗ ਵਿੱਚ ਇਹ ਮਤੇ ਪਾਸ ਹੋਏ ਉਸ ਮੀਟਿੰਗ ’ਚੋਂ ਵੀ ਮੰਤਰੀ ਗੈਰਹਾਜ਼ਰ ਰਹੇ ਤਾਂ ਹੁਣ ਕਿਹੜੇ ਹੱਕ ਨਾਲ ਇੱਥੇ ਉਦਘਾਟਨ ਕਰਦੇ ਫਿਰ ਰਹੇ ਹਨ। ਇਨ੍ਹਾਂ ਅਕਾਲੀ-ਭਾਜਪਾ ਕੌਂਸਲਰਾਂ ਨੇ ਕਿਹਾ ਕਿ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਕੁੰਭੜਾ ਦਾ ਸਰਬਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਕਰੋੜਾਂ ਰੁਪਏ ਵੱਖ ਵੱਖ ਵਿਕਾਸ ਕਾਰਜਾਂ ਤੇ ਲਗਾਏ ਗਏ ਹਨ। ਜਿਨ੍ਹਾਂ ਵਿਚ ਇਨ੍ਹਾਂ ਕੰਮਾਂ ਵਿਚ ਪਿੰਡ ਦੀ ਫਿਰਨੀ ਦੇ ਅੰਡਰ ਗਰਾਉਂਡ ਅਤੇ ਪਿੰਡ ਦੀਆਂ ਗਲੀਆਂ ਵਿਚ ਅੰਡਰ ਗਰਾਉਂਡ 1 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ, ਫਿਰਨੀ ’ਤੇ 79 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ, ਲਗਭਗ 27 ਲੱਖ ਰੁਪਏ ਦੀ ਲਾਗਤ ਨਾਲ ਐਲ.ਈ.ਡੀ. ਲਾਈਟਾਂ ਲਾਈਆਂ, ਪਿੰਡ ਵਿੱਚ ਚਾਰ ਟਰਾਂਸਫ਼ਾਰਮਰ ਛੋਟੇ ਤੋਂ ਬਦਲ ਕੇ ਵੱਧ ਕਪੈਸਿਟੀ ਦੇ ਕਰਵਾਏ, ਲੱਖਾਂ ਰੁਪਇਆਂ ਦੀ ਲਾਗਤ ਨਾਲ ਬਿਜਲੀ ਦੀਆਂ ਪੁਰਾਣੀਆਂ ਕੇਬਲਾਂ ਤੇ ਤਾਰਾਂ ਅਤੇ ਹੋਰ ਮਟੀਰੀਅਲ ਨਵਾਂ ਪੁਆਇਆ ਗਿਆ, ਲਗਭਗ 1 ਕਰੋੜ ਰੁਪਏ ਦੇ ਪੇਵਰ ਬਲਾਕ ਲਗਾਏ ਗਏ, ਪਿੰਡ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਦੀ ਰਿਪੇਅਰ ’ਤੇ ਲਗਭਗ 15 ਲੱਖ ਰੁਪਏ ਖਰਚ ਕੀਤੇ ਗਏ, ਸਕੂਲ ਵਿੱਚ ਬੱਚਿਆਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਅਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਦੇ ਪਾਰਕ ਅਤੇ ਕਮਿਊਨਟੀ ਸੈਂਟਰ ਨੂੰ ਵੀ ਵਿਕਸਤ ਕੀਤਾ ਜਾ ਰਿਹਾ ਹੈ। ਅਕਾਲੀ-ਭਾਜਪਾ ਕੌਂਸਲਰਾਂ ਨੇ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਸਿਆਸਤ ਤੋਂ ਉੱਪਰ ਉਠ ਕੇ ਕੀਤੇ ਜਾ ਰਹੇ ਕੰਮਾਂ ਲਈ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਪਰਮਜੀਤ ਸਿੰਘ ਕਾਹਲੋਂ, ਫੂਲਰਾਜ ਸਿੰਘ, ਸੁਖਦੇਵ ਸਿੰਘ ਪਟਵਾਰੀ, ਆਰ.ਪੀ. ਸ਼ਰਮਾ, ਸੈਹਬੀ ਆਨੰਦ, ਹਰਪਾਲ ਸਿੰਘ ਚੰਨਾ, ਸਰਬਜੀਤ ਸਿੰਘ ਸਾਬੀ, ਕਮਲਜੀਤ ਸਿੰਘ ਰੂਬੀ, ਹਰਦੀਪ ਸਿੰਘ ਸਰਾਓ, ਅਸ਼ੋਕ ਝਾਅ, ਕੁਲਦੀਪ ਕੌਰ ਕੰਗ, ਰਮਨਪ੍ਰੀਤ ਕੌਰ, ਉਪਿੰਦਰਪ੍ਰੀਤ ਕੌਰ, ਰਜਨੀ ਗੋਇਲ, ਕਰਮਜੀਤ ਕੌਰ, ਗੁਰਮੀਤ ਕੌਰ, ਰਜਿੰਦਰ ਕੌਰ ਕੁੰਭੜਾ, ਜਸਬੀਰ ਕੌਰ ਅੱਤਲੀ, ਕਮਲਜੀਤ ਕੌਰ ਆਦਿ ਸਾਰੇ ਅਕਾਲੀ ਭਾਜਪਾ ਕੌਂਸਲਰ ਅਤੇ ਮਹਿਲਾ ਕੌਂਸਲਰਾਂ ਦੇ ਪਤੀ ਵੀ ਹਾਜ਼ਰ ਸਨ। (ਬਾਕਸ ਆਈਟਮ) ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਵਿਕਾਸ ਦਾ ਵਾਅਦਾ ਕੀਤਾ ਹੈ। ਜਿਸ ਦੇ ਤਹਿਤ ਮੁਹਾਲੀ ਸਮੇਤ ਸੂਬੇ ਦਾ ਸਰਬਪੱਖੀ ਵਿਕਾਸ ਕਰਕੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਮੁਹਾਲੀ ਦੇ ਵਿਕਾਸ ਲਈ ਡੱਕਾ ਨਹੀਂ ਤੋੜਿਆ। ਇਹੀ ਨਹੀਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਨਕਾਰੇ ਹੋਏ ਹਲਾਕ ਇੰਚਾਰਜ ਵਿਕਾਸ ਕੰਮਾਂ ਦੇ ਉਦਘਾਟਨ ਕਰਦੇ ਰਹੇ ਹਨ ਪ੍ਰੰਤੂ ਉਦੋਂ ਸਾਰੇ ਅਕਾਲੀ ਭਾਜਪਾ ਕੌਂਸਲਰ ਚੁੱਪ ਰਹੇ। ਅੱਜ ਜਦੋਂ ਸਰਕਾਰ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਤਾਂ ਅਕਾਲੀ ਭਾਜਪਾ ਗੱਠਜੋੜ ਨੂੰ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹੀ ਅਕਾਲੀ ਕੌਂਸਲਰ ਆਪਣੀ ਸਰਕਾਰ ਵੇਲੇ ਵਿਕਾਸ ਮਤਿਆਂ ’ਤੇ ਰੋਕ ਲਗਾਉਂਦੇ ਰਹੇ ਹਨ। ਵਿਕਾਸ ਕੰਮਾਂ ਦੇ ਉਦਘਾਟਨ ਬਾਰੇ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਵੀ ਪੰਜਾਬ ਸਰਕਾਰ ਦਾ ਅਦਾਰਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਸ਼ਹਿਰ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ ਕਰਦੇ ਰਹਿਣਗੇ। ਉਨ੍ਹਾਂ ਅਕਾਲੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲ ਵਜਾਰਤ ਵੇਲੇ ਪੰਜਾਬ ਦੀ ਧਰਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਅਕਾਲੀ ਜਥੇਦਾਰਾਂ ’ਤੇ ਥਾਣੇ ਚਲਾਉਣ ਦੇ ਦੋਸ਼ ਲਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀਆਂ ਨੇ ਵਿਕਾਸ ਕੀਤਾ ਹੁੰਦਾ ਤਾਂ ਹਰ ਵਾਰ ਅਕਾਲੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ