Nabaz-e-punjab.com

ਵਿਕਾਸ ਕਾਰਜਾਂ ਲਈ ਅਕਾਲੀ-ਭਾਜਪਾ ਕੌਂਸਲਰਾਂ ਵੱਲੋਂ ਮੇਅਰ ਕੁਲਵੰਤ ਸਿੰਘ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਦੇ ਸਰਬਪੱਖੀ ਵਿਕਾਸ ਕਾਰਜਾਂ ਅਤੇ ਖਸਤਾ ਹਾਲਤ ਸਿਵਲ ਡਿਸਪੈਂਸਰੀ ਦੀ ਨਵੇਂ ਸਿਰਿਓਂ ਉਸਾਰੀ ਕਰਨ ਲਈ ਯੋਗ ਪੈਰਵੀ ਲਈ ਅਕਾਲੀ ਦਲ ਦੀ ਕੌਂਸਲਰ ਕਮਲਜੀਤ ਕੌਰ ਅਤੇ ਸੁਰਿੰਦਰ ਸਿੰਘ ਰੋਡਾ ਸਮੇਤ ਭਾਜਪਾ ਕੌਂਸਲਰਾਂ ਵੱਲੋਂ ਮੇਅਰ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਨਗਰ ਨਿਗਮ ਵੱਲੋਂ ਕਾਫੀ ਸਮਾਂ ਪਹਿਲਾਂ ਹੀ ਸਿਵਲ ਡਿਸਪੈਂਸਰੀ ਦੀ ਇਮਾਰਤ ਦੀ ਉਸਾਰੀ ਕਰਨ ਦਾ ਮਤਾ ਪਾਸ ਕਰਕੇ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਲੇਕਿਨ ਤਤਕਾਲੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਹੁਣ ਤੱਕ ਇਹ ਮਤਾ ਰੋਕ ਕੇ ਰੱਖਿਆ ਹੋਇਆ ਸੀ ਲੇਕਿਨ ਸ੍ਰੀ ਸਿੱਧੂ ਦੇ ਪੰਜਾਬ ਕੈਬਨਿਟ ਤੋਂ ਲਾਂਭੇ ਹੋਣ ਤੋਂ ਬਾਅਦ ਵਿਭਾਗ ਦੇ ਨਵੇਂ ਮੰਤਰੀ ਬ੍ਰਹਮ ਮਹਿੰਦਰਾ ਨੇ ਮੇਅਰ ਕੁਲਵੰਤ ਸਿੰਘ ਦੀ ਅਪੀਲ ’ਤੇ ਡਿਸਪੈਂਸਰੀ ਦੇ ਮਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਿਸ ਕਾਰਨ ਡਿਸਪੈਂਸਰੀ ਦੀ ਉਸਾਰੀ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਲਮਕ ਰਿਹਾ ਸੀ।
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਜਲਦੀ ਹੀ ਸਿਵਲ ਡਿਸਪੈਂਸਰੀ ਸੋਹਾਣਾ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਅਕਾਲੀ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਦੀ ਅਪੀਲ ’ਤੇ ਸੋਹਾਣਾ ਵਾਸੀਆਂ ਪਿਆਸ ਬੁਝਾਉਣ ਲਈ ਨਵਾਂ ਟਿਊਬਵੈੱਲ ਲਗਾਉਣ ਦੇ ਨਾਲ ਨਾਲ ਸਮੁੱਚੇ ਪਿੰਡ ਵਿੱਚ ਵਾਟਰ ਸਪਲਾਈ ਦੀਆਂ ਸਾਰੀਆਂ ਪੁਰਾਣੀਆਂ ਪਾਈਪਾਂ ਬਦਲ ਕੇ ਨਵੇਂ ਸਿਰਿਓਂ ਜਲ ਸਪਲਾਈ ਪਾਈਪਲਾਈਨ ਵਿਛਾਉਣ ਦਾ ਮਤਾ ਪਾਸ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਥਾਂ ਥਾਂ ਤੋਂ ਪੁਰਾਣੀ ਪਾਈਪਾਂ ਟੁੱਟਣ ਕਾਰਨ ਗੰਦਾ ਪਾਣੀ ਰਸਣ ਨਾਲ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਨੰਬਰਦਾਰ ਹਰਸੰਗਤ ਸਿੰਘ, ਅਰੁਣ ਸ਼ਰਮਾ, ਆਰਪੀ ਸ਼ਰਮਾ, ਜਸਵੀਰ ਕੌਰ ਅੱਤਲੀ, ਸੁਰਿੰਦਰ ਸਿੰਘ ਰੋਡਾ, ਸੈਹਬੀ ਅੰਨਦ, ਰਜਨੀ ਗੋਇਲ, ਹਰਪਾਲ ਸਿੰਘ ਚੰਨਾ (ਸਾਰੇ ਕੌਂਸਲਰ) ਅਤੇ ਸਮਾਜ ਸੇਵੀ ਜਸਪਾਲ ਸਿੰਘ ਮਟੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…